Fact check -ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ Dr ਅਮਿਤ ਬਾਂਸਲ, ਇੰਝ ਚਲਾਉਂਦਾ ਰਿਹੈ ਡਰੱਗ ਰੈਕਟ….

Advertisement
Spread information

ਵਿਜੀਲੈਂਸ ਬਿਊਰੋ ਦੀ ਜਾਂਚ ਦੇ ਘੇਰੇ ‘ਚ Rusan Pharma Ltd. Dehradun…!

ਹਰਿੰਦਰ ਨਿੱਕਾ, ਬਰਨਾਲਾ 15 ਜਨਵਰੀ 2025

     ਪੰਜਾਬ ਅੰਦਰ 22 ਨਸ਼ਾ ਛੁਡਾਊ ਕੇਂਦਰਾਂ ਦੀ ਆੜ ਹੇਠ ਨਸ਼ੀਲੀਆਂ ਗੋਲੀਆਂ ਵੇਚਣ ਅਤੇ ਵਿਕਾਉਣ ‘ਚ ਮਾਹਿਰ ਬਰਨਾਲਾ ਮੂਲ ਦਾ  ਡਾਕਟਰ ਅਮਿਤ ਬਾਂਸਲ ਆਖਿਰ ਨਸ਼ੀਲੀਆਂ ਗੋਲੀਆਂ ਦਾ ਗੋਰਖਧੰਦਾ ਕਿਵੇਂ ਚਲਾਉਂਦਾ ਰਿਹਾ ਹੈ ? ਇਸ ਦੇ ਰੈਕਟ ਵਿੱਚ ਕਿਹੜੇ ਮਹਿਕਮਿਆਂ ਦੇ ਕਿਸ ਪੱਧਰ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ, ਜਿਹੜੇ ਸਮੇਂ ਸਮੇਂ ਤੇ ਇਸ ਦੇ ਸੰਕਟ ਮੋਚਕ ਬਣਦੇ ਰਹੇ ਹਨ। ਅਜਿਹੇ ਕੁੱਝ ਸਵਾਲ ਹਰ ਜਗਿਆਸੂ ਵਿਅਕਤੀ ਦੇ ਜਿਹਨ ਵਿੱਚ ਕਈ ਦਿਨਾਂ ਤੋਂ ਘੁੰਮ ਰਹੇ ਹਨ । ਅਜਿਹੇ ਜੁਆਬ ਲੱਭਣ ਲਈ ਬਰਨਾਲਾ ਟੂਡੇ ਦੀ ਟੀਮ ਵੱਲੋਂ ਕੁੱਝ ਵੇਰਵੇ ਅਤੇ ਤੱਥ ਇਕੱਤਰ ਕੀਤੇ ਗਏ ਜਿੰਨ੍ਹਾਂ ਦੇ ਜਰੀਏ ਧੁੰਦਲੀ ਤੇ ਤਸਵੀਰ ਸਾਫ ਹੋ ਸਕੇ।

Advertisement

      ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਡੀ-ਅਡਿਕਸਨ ਸੈਂਟਰ (ਨਸ਼ਾ ਛੁਡਾਉ ਕੇਂਦਰ) ਚੱਲ ਰਹੇ ਹਨ। ਇਹਨਾਂ ਨਸ਼ਾ ਛੁਡਾਊ ਕੇਂਦਰਾਂ ਦਾ ਲਾਈਸੰਸ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਚਲਾਈ ਵਿਭਾਗ, ਪੰਜਾਬ ਤੋਂ ਹਾਸਿਲ ਕੀਤਾ ਜਾਂਦਾ ਹੈ। ਇਹਨਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜਾਂ ਨੂੰ Adduk-N 0.4 ਅਤੇ Addnok-N 2.0 (Buprenorphine & Naloxone) ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਸ ਸਬੰਧੀ ਨਸ਼ਾ ਛੁਡਾਊ ਕੇਂਦਰ ਵਿੱਚ ਆਉਂਦੇ ਮਰੀਜ਼ ਦੀ ਅਧਾਰ ਬੇਸਿਜ ਆਈਡੀ ਜਨਰੇਟ ਹੁੰਦੀ ਹੈ ਅਤੇ ਸਰਕਾਰੀ ਪੋਰਟਲ ਤੇ ਦਵਾਈ Disponce ਹੋਣ ਬਾਰੇ ਇੰਦਰਾਜ ਕੀਤਾ ਜਾਂਦਾ ਹੈ। ਡਾਕਟਰ ਅਮਿਤ ਬਾਂਸਲ ਨੇ ਵੀ ਇਸੇ ਪ੍ਰਕਿਰਿਆ ਤਹਿਤ ਵੱਖ ਵੱਖ ਸ਼ਹਿਰਾਂ ਵਿੱਚ 22 ਨਸ਼ਾ ਛੁਡਾਊ ਕੇਂਦਰਾਂ ਦਾ ਜਾਲ੍ਹ ਵਿਛਾਇਆ ਹੋਇਆ ਸੀ। ਜਿੰਨ੍ਹਾਂ ਨੂੰ ਲੰਘੀ ਕੱਲ੍ਹ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੇ ਹੁਕਮਾਂ ਉਪਰੰਤ ਸੀਲ ਕਰਕੇ,ਉਨਾਂ ਦੇ ਲਾਈਸੰਸ ਵੀ ਸਸਪੈਂਡ ਕਰ ਦਿੱਤੇ ਗਏ ਹਨ।  

      ” ਬਰਨਾਲਾ ਟੂਡੇ ” ਕੋਲ ਉਪਲੱਭਧ ਵੇਰਵਿਆਂ ਅਨੁਸਾਰ ਡਾਕਟਰ ਅਮਿਤ ਬਾਂਸਲ ਨਸ਼ਾ ਛੁਡਾਉਣ ਦੀ ਆੜ ਵਿੱਚ ਨਸ਼ੀਲਿਆਂ ਗੋਲੀਆਂ ਵੇਚਣ ਅਤੇ ਵਿਕਾਉਣ ਦਾ ਧੰਦਾ ਕਰਦਾ ਸੀ ਅਤੇ ਆਪਣੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਹਲੀ ਆਈ.ਡੀਆਂ ਦੇ ਅਧਾਰ ਤੇ ਨਸ਼ੀਲਿਆਂ ਗੋਲੀਆਂ ਆਪਣੇ ਨਸ਼ਾ ਛੁਡਾਊ ਕੇਂਦਰਾਂ ਤੋਂ ਬਾਹਰ ਵੀ ਵੇਚਦਾ ਸੀ। ਇਸ ਦਾ ਖੁਲਾਸਾ ਸਾਲ 2022 ਵਿੱਚ ਡਾਕਟਰ ਅਮਿਤ ਬਾਂਸਲ ਦੇ ਲੁਧਿਆਣਾ ਵਿਖੇ ਸਥਿਤ ਸਿਮਰਨ ਹਸਪਤਾਲ/ਸੈਂਟਰ (ਨਸ਼ਾ ਛੁਡਾਊ ਕੇਂਦਰ) ਦੇ 2 ਕਰਮਚਾਰੀਆਂ ਵਿਦਾਂਤ ਅਤੇ ਕਮਲਜੀਤ ਸਿੰਘ ਨੂੰ STF ਵੱਲੋਂ ਗਿਰਫਤਾਰ ਕਰਨ ਤੋਂ ਬਾਅਦ ਹੋਇਆ ਸੀ। ਉਕਤ ਦੋਵਾਂ ਗਿਫ੍ਰਤਾਰ ਦੋਸ਼ੀਆਂ ਪਾਸੋਂ ਡਾਕਟਰ ਅਮਿਤ ਬਾਂਸਲ ਦੇ ਉਪਰੋਕਤ ਹਸਪਤਾਲ /ਸੈਂਟਰ ਦੀ ਮਾਲਕੀ ਵਾਲੀ ਐਕਟਿਵਾ ਵਿੱਚੋਂ 4000 Buprenorphine ਨਸ਼ੀਲਿਆਂ ਗੋਲੀਆਂ ਦੀ ਬ੍ਰਾਮਦਗੀ ਕੀਤੀ ਗਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 242/ 22 ਥਾਣਾ STF ਫੇਸ – 4 ਮੋਹਾਲੀ ਵਿਖੇ ਮਿਤੀ 05.10.2022 ਨੂੰ ਦਰਜ ਹੋਇਆ ਸੀ। ਪ੍ਰੰਤੂ ਇਸ ਸਬੰਧ ਵਿੱਚ ਪੁਲਿਸ ਵੱਲੋਂ ਉਪਰੋਕਤ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਉਦੋਂ ਅ/ਧ 25 NDPS Act ਅਤੇ ਹੋਰ ਧਰਾਵਾਂ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

     ਇਸ ਮੁਕੱਦਮਾ ਵਿੱਚ ਦੋਸ਼ੀਆਂ ਦੇ ਇੰਕਸ਼ਾਫ ਦੇ ਅਧਾਰ ਤੇ ਇੱਕ ਕਿਰਾਏ ਵਾਲੀ ਕੋਠੀ, ਲੁਧਿਆਣਾ ਵਿੱਚੋਂ ਉਹਨਾਂ ਦੀ ਨਿਸ਼ਾਨਦੇਹੀ ਤੇ 23000 ਗੋਲੀਆਂ ਦੀ ਹੋਰ ਬ੍ਰਾਮਦਗੀ ਵੀ ਕੀਤੀ ਗਈ ਸੀ। ਦੋਸ਼ੀਆਂ ਪਾਸੋਂ 90 ਹਜ਼ਾਰ ਰੁਪਏ ਦੀ ਡਰਗ ਮਨੀ ਵੀ ਬ੍ਰਾਮਦ ਹੋਈ ਸੀ। ਇਸ ਉਪਰੰਤ ਉਸੇ ਹੀ ਦਿਨ STF ਦੀ ਟੀਮ ਵੱਲੋਂ ਸਾਈਕੈਟਰਿਸਟ ਅਤੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੂੰ ਨਾਲ ਲੈ ਕੇ ਸਿਮਰਨ ਹਸਪਤਾਲ (ਨਸ਼ਾ ਛੁਡਾਊ ਕੇਂਦਰ) ਦੀ ਇੰਸਪੈਕਸ਼ਨ ਵੀ ਕੀਤੀ ਗਈ ਸੀ। ਜਿੱਥੇ ਹਸਪਤਾਲ ਵਿੱਚੋਂ 4000, 310 ਅਤੇ 300 ਨਸ਼ੀਲੀਆਂ ਗੋਲੀਆਂ ਦੀ ਘਾਟ ਪਾਈ ਗਈ ਸੀ। ਜਿਸ ਸਬੰਧੀ ਟੀਮ ਦੇ ਦਸਤਖਤਾਂ ਹੇਠ ਬਕਾਇਦਾ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ। ਜਦੋਂਕਿ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਵੱਲੋਂ ਉੱਚ ਅਧਿਕਾਰੀਆਂ ਨੂੰ ਇੱਕ ਵੱਖਰੀ ਰਿਪੋਰਟ ਵੀ ਭੇਜੀ ਤਾਂ ਗਈ ਸੀ, ਜਿਸ ਵਿੱਚ ਉਸ ਵੱਲੋਂ 4610 ਗੋਲੀਆਂ ਦੀ ਥਾਂ ਤੇ ਸਿਰਫ 4000 ਗੋਲੀਆਂ ਘੱਟ ਹੋਣ ਦਾ ਹੀ ਵੇਰਵਾ ਦਿੱਤਾ ਗਿਆ ਸੀ।

ਡਾਕਟਰ ਨੇ ਦਿਖਾਈ ਪਾਵਰ ..ਨਹੀਂ ਹੋਣ ਦਿੱਤੀ ਕਾਰਵਾਈ…

     ਡਾਕਟਰ ਅਮਿਤ ਬਾਂਸਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਥਿਤ ਮੋਟੀ ਰਿਸ਼ਵਤ ਦੇ ਕੇ ਅਤੇ ਉਹਨਾਂ ਨਾਲ ਮਿਲੀਭੁਗਤ ਦੇ ਮੱਦੇਨਜਰ ਉਕਤ ਮੁਕੱਦਮਾ ਵਿੱਚ ਇਹਨਾਂ ਘੱਟ (Missing) ਨਸ਼ੀਲੀਆਂ ਗੋਲੀਆਂ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਣ ਦਿੱਤੀ। ਇਸ ਇੰਸਪੈਕਸਨ ਸਬੰਧੀ ਰਿਪੋਰਟ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਪੰਜਾਬ ਦੇ ਦਫਤਰ ਨੂੰ ਭੇਜੇ ਜਾਣ ਤੋਂ ਬਾਅਦ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਵੱਲੋਂ ਇਸ ਹਸਪਤਾਲ ਦਾ ਲਾਈਸੰਸ ਸਸਪੈਂਡ ਕਰਨ ਬਾਰੇ ਮਿਤੀ 21.10.2022 ਨੂੰ ਹੁਕਮ ਫੁਰਮਾਇਆ ਗਿਆ ਸੀ। ਡਾਕਟਰ ਨੇ ਆਪਣੀ ਪਾਵਰ ਦਾ ਅਜਿਹਾ ਦਮ ਦਿਖਾਇਆ ਕਿ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਸਿਮਰਨ ਹਸਪਤਾਲ/ਸੈਂਟਰ ਲੁਧਿਆਣਾ ਨੂੰ ਸੀਲ ਹੀ ਨਹੀਂ ਕੀਤਾ ਗਿਆ ਸੀ।

ਡਾਕਟਰ ਨੇ ਘੜੀ ਸਕੀਮ, ਕਹਿੰਦਾ ਮਿਲ ਗਈਆਂ ਗੋਲੀਆਂ..!

   ਡਾਕਟਰ ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਤੇ ਕਾਨੂੰਨੀ ਮਾਹਿਰਾਂ ਨਾਲ ਰਾਇ ਮਸ਼ਵਰਾ ਕਰਕੇ, ਮਾਨਯੋਗ ਅਦਾਲਤ ਨੂੰ 4000 ਨਸ਼ੀਲੀਆਂ ਗੋਲੀਆਂ ਦੀ (Missing) ਬਾਰੇ ਦੱਸਿਆ ਗਿਆ ਕਿ ਇਹ ਗੋਲੀਆਂ ਉਹਨਾਂ ਨੂੰ ਹਸਪਤਾਲ ਦੇ ਇੱਕ ਰੈਕ ਵਿੱਚ ਪਈਆਂ ਮਿਲ ਗਈਆਂ ਸਨ ਅਤੇ ਇਹ ਗੋਲੀਆਂ ਉਹਨਾਂ ਵੱਲੋਂ ਕਰੇਡਿਟ ਨੋਟ ਮਿਤੀ 29.10.2022 ਮੁਤਾਬਿਕ ਕੰਪਨੀ Rusan Pharma Ltd. Dehradun ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ । ਇਹ ਸਭ ਕੁੱਝ ਡਾਕਟਰ ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਨ ਹੀ ਸੰਭਵ ਹੋ ਸਕਿਆ ਸੀ। ਜਦੋਂਕਿ STF ਦੀ ਟੀਮ ਵੱਲੋਂ ਮਿਤੀ 5.10. 2022 ਨੂੰ ਸਿਮਰਨ ਹਸਪਤਾਲ ਦੀ ਡੂੰਘਾਈ ਨਾਲ ਇੰਸਪੈਕਸ਼ਨ ਕੀਤੀ ਗਈ ਸੀ ਅਤੇ ਮੌਕਾ ਪਰ ਕਰਮਚਾਰੀਆਂ ਨੂੰ ਘੱਟ ਮਿਲੀਆਂ ਗੋਲੀਆਂ ਸਬੰਧੀ ਰਿਕਾਰਡ ਪੇਸ਼ ਕਰਨ ਦਾ ਪੂਰਾ ਮੌਕਾ ਵੀ ਦਿੱਤਾ ਗਿਆ ਸੀ। ਪ੍ਰੰਤੂ ਇਸ ਸਬੰਧੀ ਉਹਨਾਂ ਵੱਲੋਂ ਮੌਕਾ ਪਰ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਸੀ। ਸੂਤਰਾਂ ਤੋਂ ਪਤਾ ਇਹ ਲੱਗਿਆ ਹੈ ਕਿ ਡਾਕਟਰ ਅਮਿਤ ਬਾਂਸਲ ਵੱਲੋਂ ਮੁਕੱਦਮਾਂ ਨੰਬਰ 242/22 ਥਾਣਾ STF ਫੇਸ-4, ਮੋਹਾਲੀ ਵਿੱਚ ਦਾਇਰ ਕੀਤੀ ਅਗਾਊਂ ਜਮਾਨਤ ਮਾਨਯੋਗ ਅਦਾਲਤ ਲੁਧਿਆਣਾ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਬੇਸ਼ੱਕ ਹਾਲੇ ਤੱਕ ਤਫਤੀਸ਼ ਅਧਿਕਾਰੀ ਨੇ ਕੋਈ ਖੁਲਾਸਾ ਤਾਂ ਨਹੀਂ ਕੀ਼ਤਾ, ਪਰੰਤੂ ਸੂਤਰਾਂ ਅਨੁਸਾਰ ਡਾਕਟਰ ਅਮਿਤ ਬਾਂਸਲ ਦੀ ਹਿਰਾਸਤ ਵਿੱਚ ਹੋਈ ਪੁੱਛਗਿੱਛ ਦੌਰਾਨ ਉਕਤ ਘਟਨਾਕ੍ਰਮ ਨੂੰ ਵੀ ਡੂੰਘਾਈ ਨਾਲ ਘੋਖਿਆ ਗਿਆ ਹੈ। ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਨੇ ਆਪਣੇ ਪ੍ਰਾਈਵੇਟ ਕੈਰੀਅਰ ਦੀ ਸ਼ੁਰੂਆਤ ਬਰਨਾਲਾ ਵਿਖੇ, ਅਮਿਤ ਸਕੈਨ ਸੈਂਟਰ ਤੋਂ ਕੀਤੀ ਸੀ ਤੇ ਉਹ ਬਰਨਾਲਾ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਬਰਨਾਲਾ ਤੋਂ ਹੁੰਦਾ ਹੋਇਆ। ਪੰਜਾਬ ਅੰਦਰ ਆਪਣੀਆਂ ਬ੍ਰਾਚਾਂ ਖੋਲ੍ਹ ਕੇ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਅਤੇ ਰਾਜਸੀ ਤੇ ਬਿਊਰੋਕ੍ਰੇਟਸ ਗਲਿਆਰਿਆਂ ਤੱਕ ਜਾ ਅੱਪੜਿਆ। ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ ਡਾਕਟਰ ਅਮਿਤ ਨੂੰ 31 ਦਸੰਬਰ 2024 ਨੂੰ ਦਰਜ ਕੇਸ ਵਿੱਚ ਗ੍ਰਿਰਫਤਾਰ ਕਰ ਲਿਆ ਸੀ ਤੇ ਹੁਣ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। 

 

Advertisement
Advertisement
Advertisement
Advertisement
Advertisement
error: Content is protected !!