30 ਦਸੰਬਰ ਦੇ ਪੰਜਾਬ ਬੰਦ ਦੇ ਹੱਕ ‘ਉੱਤਰੀ ਇੱਕ ਹੋਰ ਕਿਸਾਨ ਯੂਨੀਅਨ..

Advertisement
Spread information

ਭਾਕਿਯੂ ਏਕਤਾ ਡਕੌਂਦਾ 30 ਦਸੰਬਰ ਨੂੰ ਪੰਜਾਬ ਬੰਦ ਪ੍ਰੋਗਰਾਮ ਦੀ ਕਰੇਗੀ ਤਾਲਮੇਲਵੇਂ ਸੰਘਰਸ਼ ਰਾਹੀਂ ਹਮਾਇਤ – ਮਨਜੀਤ ਧਨੇਰ

4 ਜਨਵਰੀ ਨੂੰ ਟੋਹਾਣਾ ਵਿਖੇ ਐਸਕੇਐਮ ਦੀ ਵਿਸ਼ਾਲ ਕਿਸਾਨ ਕਾਨਫਰੰਸ ਵਿੱਚ ਕੀਤੀ ਜਾਵੇਗੀ ਭਾਰੀ ਸ਼ਮੂਲੀਅਤ – ਗੁਰਦੀਪ ਰਾਮਪੁਰਾ

ਰਘਵੀਰ ਹੈਪੀ, ਬਰਨਾਲਾ 27 ਦਸੰਬਰ 2024
     ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਵਿਸ਼ੇਸ਼ ਮੀਟਿੰਗ, ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਦੇ ਫ਼ੈਸਲਿਆਂ ਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਵੱਲ ਕੇਂਦਰ ਸਰਕਾਰ ਵੱਲੋਂ ਧਾਰੀ ਸਾਜਸ਼ੀ ਚੁੱਪ ਅਤੇ ਸ਼ੰਭੂ ਬਾਰਡਰ ਰਾਹੀਂ ਦਿੱਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਤੇ ਜ਼ਬਰ ਦੇ ਖ਼ਿਲਾਫ਼ 30 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਨ ਲਈ ਉਨ੍ਹਾਂ ਦੀ ਜਥੇਬੰਦੀ ਨੇ ਆਜ਼ਾਦਾਨਾ ਤੌਰ ਤੇ ਤਾਲਮੇਲਵੇਂ ਸ਼ੰਘਰਸ਼ ਦਾ ਸੱਦਾ ਦਿੱਤਾ ਹੈ।
       ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਵਿਰੁੱਧ, ਕਿਸਾਨਾਂ ਤੇ ਜ਼ਬਰ ਦੇ ਖ਼ਿਲਾਫ਼ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ 4 ਜਨਵਰੀ 2025 ਨੂੰ ਹਰਿਆਣਾ ਦੇ ਟੋਹਾਣਾ ਸ਼ਹਿਰ ਵਿਖੇ ਵਿਸ਼ਾਲ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਕਿਸਾਨ ਕਾਨਫਰੰਸ ਵਿੱਚ ਪੂਰੇ ਜ਼ੋਰ ਨਾਲ ਸ਼ਮੂਲੀਅਤ ਕਰੇਗੀ।
       ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 9 ਜਨਵਰੀ 2025 ਨੂੰ ਮੋਗਾ ਵਿਖੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖ਼ਿਲਾਫ਼, ਕਿਸਾਨਾਂ ਦੀ ਕਰਜ਼ਾ ਮੁਕਤੀ, ਐਮਐਸਪੀ ਤੇ ਸਾਰੀਆਂ ਫ਼ਸਲਾਂ ਦੀ ਖ੍ਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਦਿੱਲੀ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ। ਜਥੇਬੰਦੀ ਇਸ ਕਿਸਾਨ ਕਾਨਫਰੰਸ ਵਿੱਚ ਜ਼ੋਰਦਾਰ ਸ਼ਮੂਲੀਅਤ ਕਰੇਗੀ।
      ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੇ ਕੌਮੀ ਖੇਤੀ ਨੀਤੀ ਦੇ ਖਰੜੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਖੇਤੀ ਮੰਡੀਕਰਨ ਨੀਤੀ, ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਹੀ ਚੋਰ ਮੋਰੀਆਂ ਰਾਹੀਂ ਪਿਛਲੇ ਦਰਵਾਜੇ ਰਾਹੀਂ ਲਾਗੂ ਕਰਨ ਦੀ ਸਾਜਿਸ਼ ਹੈ। ਇਸ ਨੀਤੀ ਰਾਹੀਂ ਪ੍ਰਾਈਵੇਟ ਮੰਡੀਆਂ ਨੂੰ ਮਨਜ਼ੂਰੀ ਦੇਣ, ਸਰਕਾਰੀ ਮੰਡੀ ਤੋਂ ਬਾਹਰ ਕੀਤੀ ਖ੍ਰੀਦ ਨੂੰ ਮੰਡੀ ਫੀਸ ਤੋਂ ਛੋਟ ਦੇਣ, ਸਰਕਾਰੀ ਮੰਡੀਆਂ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਪੈਕਿੰਗ ਅਤੇ ਫ਼ਸਲਾਂ ਦੀ ਪ੍ਰੋਸੈਸਿੰਗ ਦੀ ਸਹੂਲਤ ਦੇਣ ਅਤੇ ਪ੍ਰਾਈਵੇਟ ਸਾਈਲੋਜ਼ ਨੂੰ ਸਰਕਾਰੀ ਮੰਡੀਆਂ ਵਜੋਂ ਮਾਨਤਾ ਦੇਣ ਦੇਣ ਦੀਆਂ ਗੋਂਦਾਂ ਗੁੰਦੀਆਂ ਗਈਆਂ ਹਨ। ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੀ ਅਜਿਹੀ ਸਾਜ਼ਿਸ਼ ਇਸ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਲੋਕਾਂ ਦੀ ਤਾਕਤ ਦੇ ਆਸਰੇ ਤੇ ਇਸ ਖਿਲਾਫ਼ ਸਖ਼ਤ ਲੜਾਈ ਦੇਵੇਗਾ।
      ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਸਾਹਿਬ ਸਿੰਘ ਬਡਬਰ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਹਰਵਿੰਦਰ ਸਿੰਘ ਕੋਟਲੀ, ਗੁਰਦੀਪ ਸਿੰਘ ਖੁੱਡੀਆਂ, ਦਰਸ਼ਨ ਸਿੰਘ ਕੜਮਾ,  ਲਖਬੀਰ ਸਿੰਘ ਅਕਲੀਆ, ਹਰਮੀਤ ਸਿੰਘ ਫਾਜ਼ਿਲਕਾ, ਜਸਕਰਨ ਸਿੰਘ ਮੋਰਾਂਵਾਲੀ, ਦਰਸ਼ਨ ਸਿੰਘ ਕਾਤਰੋਂ, ਤਾਰਾ ਚੰਦ ਬਰੇਟਾ, ਜਸਕਰਨ ਸਿੰਘ ਕੁਹਾਰ ਵਾਲਾ, ਇੰਦਰਜੀਤ ਸਿੰਘ ਲੋਧੀਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਸਤਿਨਾਮ ਸਿੰਘ ਬਰਨਾਲਾ ਅਤੇ ਰਣਵੀਰ ਸਿੰਘ ਰੁੜਕਾ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!