ਗਊਸ਼ਾਲਾ ਦੇ ਖਰਚੇ ਘਟੇ, ਮਿਲ ਰਹੀ ਹੈ ਘੱਟ ਪ੍ਰਦੁ਼ਸਣ ਵਾਲੀ ਊਰਜਾ
ਬੀਟੀਐਨ, ਫਾਜ਼ਿਲਕਾ 19 ਦਸੰਬਰ 2024
ਜਿਲੇ ਵਿੱਚ ਪਿੰਡ ਸਲੇਮ ਸ਼ਾਹ ਵਿਖੇ ਬਣੀ ਸਰਕਾਰੀ ਕੈਟਲ ਪੌਂਡ (ਗਊਸ਼ਾਲਾ) ਵਿੱਚ ਬਿਜਲੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਾਇਓ ਗੈਸ ਪਲਾਂਟ ਲਗਾਇਆ ਗਿਆ ਹੈ। ਜਿੱਥੋਂ ਪੈਦਾ ਹੋਣ ਵਾਲੀ ਬਾਇਓਗੈਸ ਨਾਲ ਚੱਲਣ ਵਾਲੇ ਬਿਜਲੀ ਜਨਰੇਟਰ ਨਾਲ ਬਿਜਲੀ ਪੈਦਾ ਕਰਕੇ ਕੈਟਲ ਪੋਂਡ ਦੀਆਂ ਬਿਜਲੀ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ। ਜਿਕਰ ਯੋਗ ਹੈ ਕਿ ਸਰਕਾਰ ਵੱਲੋਂ ਸਲੇਮ ਸ਼ਾਹ ਪਿੰਡ ਵਿੱਚ ਸਰਕਾਰੀ ਗਊਸ਼ਾਲਾ ਬਣਾਈ ਗਈ ਹੈ ਜਿਸਨੂੰ ਜ਼ਿਲ੍ਹਾ ਐਲੀਮਲ ਵੇਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਬੇਸਹਾਰਾ ਗਾਵਾਂ ਨੂੰ ਰੱਖਿਆ ਗਿਆ ਹੈ । ਇਸ ਮੌਕੇ ਇੱਥੇ ਲਗਭਗ 1300 ਗਾਵਾਂ ਨੂੰ ਸੰਭਾਲ ਸੰਭਾਲਿਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਕੈਟਲ ਪੌਂਡ ਨੂੰ ਹੋਰ ਬਿਹਤਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਬੀਤੇ ਦਿਨੀ ਹੀ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਗੋ ਗੋਪਾਲ ਮੂਰਤੀ ਅਤੇ ਇੱਕ ਪਾਰਕ ਦਾ ਉਦਘਾਟਨ ਵੀ ਕੀਤਾ ਹੈ ਜਿਸ ਨਾਲ ਇੱਥੇ ਦੇ ਮਾਹੌਲ ਨੂੰ ਹੋਰ ਵੀ ਸੁੰਦਰ ਬਣਾਇਆ ਗਿਆ ਹੈ । ਇਸੇ ਤਰਾਂ ਇਸ ਗਊਸ਼ਾਲਾ ਵਿੱਚ ਪੰਜਾਬ ਸਰਕਾਰ ਵੱਲੋਂ ਪੇਡਾ ਦੇ ਮਾਰਫਤ ਇੱਕ ਬਾਇਓਗੈਸ ਪਲਾਂਟ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਇਸ ਗਊਸ਼ਾਲਾ ਦੀਆਂ ਗਾਵਾਂ ਦੇ ਗੋਬਰ ਨੂੰ ਪਾਇਆ ਜਾਂਦਾ ਹੈ ਅਤੇ ਇਸ ਤੋਂ ਜੋ ਬਾਇਓਗੈਸ ਤਿਆਰ ਹੁੰਦੀ ਹੈ ਉਸ ਨਾਲ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਬਿਜਲੀ ਪੈਦਾ ਕਰਕੇ ਇਸ ਗਊਸ਼ਾਲਾ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਹੋ ਰਹੀ ਹੈ। ਇਥੋਂ ਦੇ ਇੰਚਾਰਜ ਸੋਨੂ ਵਰਮਾ ਨੇ ਦੱਸਿਆ ਕਿ ਇਸ ਤਰੀਕੇ ਨਾਲ ਗਊਸ਼ਾਲਾ ਦੇ ਜਿੱਥੇ ਖਰਚੇ ਘਟੇ ਹਨ ਉੱਥੇ ਹੀ ਪ੍ਰਦੂਸ਼ਣ ਰਹਿਤ ਬਿਜਲੀ ਮਿਲ ਰਹੀ ਹੈ ਅਤੇ ਇਹ ਮਾਡਲ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹੈ। ਉਹਨਾਂ ਨੇ ਕਿਹਾ ਕਿ ਗੋਬਰ ਗੈਸ ਵਿੱਚ ਜੋ ਸਲਰੀ ਤਿਆਰ ਹੁੰਦੀ ਹੈ ਉਹ ਇੱਕ ਵਧੀਆ ਕੰਪੋਸਟ ਖਾਦ ਹੁੰਦੀ ਹੈ ਜਿਸ ਨੂੰ ਕਿਸਾਨਾਂ ਨੂੰ ਵੇਚਿਆ ਜਾਂਦਾ ਹੈ। ਜਦਕਿ ਇਸ ਤਰੀਕੇ ਨਾਲ ਜੋ ਬਿਜਲੀ ਤਿਆਰ ਹੁੰਦੀ ਹੈ ਉਸਨੂੰ ਹਰੀ ਬਿਜਲੀ ਕਹਿ ਸਕਦੇ ਹਾਂ ਕਿਉਂਕਿ ਇਸ ਨਾਲ ਘੱਟ ਤੋਂ ਘੱਟ ਪ੍ਰਦੂਸ਼ਣ ਹੁੰਦਾ ਹੈ ਅਤੇ ਗਊਸ਼ਾਲਾ ਦੇ ਖਰਚੇ ਵੀ ਘਟਦੇ ਹਨ।ਇੱਥੋਂ 10 ਕਿਲੋਵਾਟ ਬਿਜਲੀ ਪੈਦਾ ਹੋ ਰਹੀ ਹੈ ਅਤੇ ਇਸਤੇ 50 ਲੱਖ ਰੁਪਏ ਦੀ ਲਾਗਤ ਆਈ ਹੈ।