ਡਿਪਟੀ ਕਮਿਸ਼ਨਰ ਨੇ 5 ਲੋੜਵੰਦ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਸੌਂਪੇ
ਰਘਵੀਰ ਹੈਪੀ, ਬਰਨਾਲਾ, 5 ਦਸੰਬਰ 2024
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਦਫ਼ਤਰ ਬਰਨਾਲਾ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਮਨਦੀਪ ਕੌਰ ਆਈ. ਏ. ਐੱਸ. ਦੇ ਬੈਜ ਲਗਾ ਕੇ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ 5 ਲੋੜਵੰਦ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਵੰਡੇ। ਉਨ੍ਹਾਂ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਪਰਿਵਾਰਾਂ ਲਈ ਦਾਨ ਪੇਟੀ ਵਿੱਚ ਫੰਡ ਇਕੱਠਾ ਕੀਤਾ ਜਾਵੇ ਤਾਂ ਜੋ ਪਰਿਵਾਰਾਂ ਦੀ ਮਦਦ ਕਰਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।
ਇਸ ਮੌਕੇ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਬਰਨਾਲਾ ਵੱਲੋਂ ਦੱਸਿਆ ਗਿਆ ਕਿ ਇਸ ਦਿਨ ਸਮੂਹ ਦੇਸ਼ਵਾਸੀ ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਸੈਨਾਵਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਇਸ ਦਿਨ ‘ਤੇ ਵੱਖ ਵੱਖ ਲੜਾਈਆਂ/ਆਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜ਼ਖਮੀ ਹੋਏ ਸਾਬਕਾ ਸੈਨਿਕਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਇਸ ਦਿਨ ‘ਤੇ ਇਕੱਤਰ ਹੋਈ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ।
ਇਸ ਮੌਕੇ ਲਤੀਫ ਅਹਿਮਦ ਵਧੀਕ ਡਿਪਟੀ ਕਮਿਸ਼ਨਰ (ਜ), ਸਤਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ੍ਰੀ ਹਰਕੰਵਲਜੀਤ ਸਿੰਘ ਐਸ.ਡੀ.ਐਮ ਮਹਿਲ ਕਲਾਂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ, ਸਹਾਇਕ ਲੋਕ ਸੰਪਰਕ ਅਫ਼ਸਰ ਜਗਬੀਰ ਕੌਰ ਦੇ ਵੀ ਬੈਜ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਸੀ।