ਰਘਬੀਰ ਹੈਪੀ, ਬਰਨਾਲਾ | 23 ਨਵੰਬਰ 2024
ਜ਼ਿਲ੍ਹਾ ਖਪਤਕਾਰ ਕਮਿਸ਼ਨ ਬਰਨਾਲਾ ਨੇ ਅੱਪ ਮਨੀ ਕੰਪਨੀ ਫਾਇਨਾਂਸ ਲਿਮਿਟਡ ਦੇ ਖ਼ਿਲਾਫ਼ ਫੈਸਲਾ ਕੀਤਾ ਹੈ। ਕੰਪਨੀ ਨੇ ਸੰਜੇ ਕੁਮਾਰ ਵਾਸੀ ਬਰਨਾਲਾ ਨੂੰ ਝੂਠੇ ਵਾਅਦੇ ਕਰਕੇ 25,000 ਰੁਪਏ ਠੱਗ ਲਏ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਖਪਤਕਾਰ ਸੰਜੇ ਕੁਮਾਰ ਨੇ ਦੱਸਿਆ ਕਿ ਉਸ ਨੇ ਕੰਪਨੀ ਦੇ ਮੁਲਾਜ਼ਮਾਂ ਦੁਆਰਾ ਕੀਤੀ ਠੱਗੀ ਤੋਂ ਤੰਗ ਆ ਕੇ ਓਹਨਾ ਖ਼ਿਲਾਫ਼ ਇਸਤਗਾਸਾ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਵਿੱਚ ਦਾਇਰ ਕੀਤਾ ਸੀ। ਸ਼ਿਕਾਇਤਕਾਰ ਨੇ ਦੱਸਿਆ ਸੀ ਕਿ ਉਸਨੇ ਕੰਪਨੀ ਤੋਂ 5 ਲੱਖ ਰੁਪਏ ਦਾ ਲੋਨ ਲੈਣ ਲਈ ਸੰਪਰਕ ਕੀਤਾ ਸੀ ਪਰ ਕੰਪਨੀ ਦੇ ਮੁਲਾਜ਼ਮਾਂ ਨੇ ਉਸਨੂੰ ਝੂਠੇ ਵਾਅਦੇ ਕਰਕੇ 25,000 ਰੁਪਏ ਦੀ ਠੱਗੀ ਕੀਤੀ ਸੀ। ਇਸ ਸਬੰਧੀ ਐਡਵੋਕੇਟ ਅਰਸ਼ਦੀਪ ਸਿੰਘ ਅਤੇ ਕਮਲਜੀਤ ਕੌਰ ਸੋਹਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਦੇ ਚੇਅਰਮੈਨ ਸਾਹਿਬ ਅਸ਼ੀਸ਼ ਗਰੋਵਰ ਨੇ ਅੱਪ-ਮਨੀ ਕੰਪਨੀ ਨੂੰ ਠੱਗੀ ਕੀਤੀ ਰਕਮ ਦੇ ਨਾਲ-ਨਾਲ 7% ਵਿਆਜ ਦੇਣ ਦੇ ਨਾਲ-ਨਾਲ 5,000 ਰੁਪਏ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦੇ ਤੌਰ ‘ਤੇ ਅਤੇ 5,000 ਰੁਪਏ ਕਾਨੂੰਨੀ ਖ਼ਰਚੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ।