ਕੁਇਜ਼ ਤੇ ਭਾਸ਼ਣ ਕਲਾ ਮੁਕਾਬਲਿਆਂ ‘ਚ ਪਹਿਲਾ ਸਥਾਨ ਹਾਸਲ ਕਰ ਲਿਟਰੇਰੀ ਟਰਾਫ਼ੀ ‘ਤੇ ਕਬਜ਼ਾ ਜਮਾਇਆ
ਰਘਵੀਰ ਹੈਪੀ, ਬਰਨਾਲਾ 13 ਨਵੰਬਰ 2024
ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ‘ਚ ਪਿਛਲੇ ਦਿਨੀਂ ਹੋਏ ਅੰਤਰ ਖੇਤਰੀ ਯੁਵਕ ਮੇਲੇ ਦੇ ਮੁਕਾਬਲਿਆਂ ਵਿਚ ਐੱਸ ਡੀ ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਵਿਦਿਆਰਥੀਆਂ ਨੇ ਕੁਇਜ਼ ਅਤੇ ਭਾਸ਼ਣ ਕਲਾ ਮੁਕਾਬਲਿਆਂ ‘ਚ ਪਹਿਲਾ ਸਥਾਨ ਹਾਸਿਲ ਕਰਕੇ ਲਿਟਰੇਰੀ ਟਰਾਫ਼ੀ ‘ਤੇ ਕਬਜ਼ਾ ਜਮਾਇਆ।
ਕੁਇਜ਼ ਟੀਮ ਦੇ ਵਿਦਿਆਰਥੀਆਂ ਪਵਨ ਕੁਮਾਰ ਓਝਾ, ਰੁਪਾਲੀ ਅਤੇ ਸੰਯਮ ਸਿੰਗਲਾ ਦੀ ਟੀਮ ਨੇ ਆਲਰਾਊਂਡ ਪ੍ਰਦਰਸ਼ਨ ਕਰਦਿਆਂ ਹਰ ਰਾਊਂਡ ਵਿਚ ਅੱਗੇ ਰਹਿੰਦਿਆਂ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਹੋਣਹਾਰ ਵਿਦਿਆਰਥੀ ਰੋਹਿਤ ਚੌਧਰੀ ਨੇ ਭਾਸ਼ਣ ਕਲਾ ਦੀ ਬਿਹਤਰੀਨ ਪੇਸ਼ਕਾਰੀ ਰਾਹੀਂ ਪਹਿਲਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਦੀਆਂ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ’ਤੇ ਖੁਸ਼ੀ ਪ੍ਰਗਟ ਕਰਦਿਆਂ ਐੱਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਦੇ ਨਾਲ ਨਾਲ ਕੋਆਰਡੀਨੇਟਰ ਪ੍ਰੋ. ਅਸ਼ੋਕ ਕੁਮਾਰ, ਕੋ-ਕੋਆਰਡੀਨੇਟਰ ਪ੍ਰੋ. ਰਛਪਾਲ ਸਿੰਘ ਅਤੇ ਟੀਮ ਇੰਚਾਰਜਾਂ ਡਾ. ਵੰਦਨਾ ਕੁਕਰੇਜਾ, ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਤਮੰਨਾ ਨੂੰ ਵਧਾਈ ਦਿੱਤੀ ਹੈ।