ਅਸ਼ੋਕ ਵਰਮਾ, ਚੰਡੀਗੜ੍ਹ 22 ਅਕਤੂਬਰ 2024
ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਐਡਵੋਕੇਟ ਨੇ ਡੇਰਾ ਮੁਖੀ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ’ਤੇ ਲਾਏ ਜਾ ਰਹੇ ਬੇਅਦਬੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਅਦਬੀ ਮਾਮਲਿਆਂ ਦੀ ਕਿਸੇ ਨਿਪੱਖ ਏਜੰਸੀ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਪੂਰੀ ਤਰਾਂ ਬੇਬੁਨਿਆਦ ਹਨ ਅਤੇ ਡੇਰਾ ਮੁਖੀ ਦੀ ਇੰਨ੍ਹਾਂ ਮਾਮਲਿਆਂ ਵਿੱਚ ਕੋਈ ਭੂਮਿਕਾ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਡੇਰਾ ਮੁਖੀ ਤੇ ਕੇਸ ਚਲਾਉਣ ਸਬੰਧੀ ਪ੍ਰਵਾਨਗੀ ਦੇਣ ਤੋਂ ਫੌਰੀ ਬਾਅਦ ਡੇਰੇ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਭਾਵੇਂ ਸਿੱਧੇ ਤੌਰ ਤੇ ਤਾਂ ਕੁੱਝ ਨਹੀਂ ਕਿਹਾ ਪਰ ਨਿਰਪੱਖ ਏਜੰਸੀ ਤੋਂ ਪੜਤਾਲ ਕਾਰਵਾਉਣ ਦੀ ਮੰਗ ਰੱਖਕੇ ਪੰਜਾਬ ਪੁਲਿਸ ਦੀਆਂ ਪੜਤਾਲੀਆ ਟੀਮਾਂ ਦੀ ਕਾਰਜਸ਼ੈਲੀ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ।
ਐਡਵੋਕੇਟ ਜਤਿੰਦਰ ਖੁਰਾਣਾ ਨੇ ਦਾਅਵੇ ਨਾਲ ਕਿਹਾ ਕਿ ਬੇਅਦਬੀ ਕਰਨ ਵਿੱਚ ਡੇਰਾ ਸੱਚਾ ਸੌਦਾ ਅਤੇ ਡੇਰਾ ਮੁਖੀ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਇੱਕ ਸਾਜਿਸ਼ ਤਹਿਤ ਹੀ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਹਮੇਸ਼ ਤੋਂ ਸਾਰੇ ਧਰਮਾ ਦਾ ਸਤਿਕਾਰ ਕਰਦੇ ਆਏ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਪੈਰੋਕਾਰਾਂ ਨੂੰ ਵੀ ਇਹੋ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੁਦ ਡੇਰਾ ਮੁਖੀ ਜਾਂ ਉਨ੍ਹਾਂ ਦੇ ਸ਼ਰਧਾਲੂ ਬੇਅਦਬੀ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦੇ ਹਨ। ਡੇਰਾ ਸੱਚਾ ਸੌਦਾ ਤਰਫੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਨਾ ਕਿ ਕਿਸੇ ਸਾਜ਼ਿਸ਼ ਦਾ ਹਿੱਸਾ ਅਤੇ ਡੇਰਾ ਮੁਖੀ ਨੂੰ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।