ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜ ਭਾਗ ਸੰਭਾਲਦਿਆਂ ਹੀ ਪੰਜਾਬ ਨੂੰ ‘ਗੈਂਗਸਟਰਬਾਦ’ ਅਤੇ ‘ਮਾਫੀਆ’ ਹਵਾਲੇ ਕੀਤਾ – ਕੀਤੂ
ਰਘਵੀਰ ਹੈਪੀ, ਬਰਨਾਲਾ, 20 ਸਤੰਬਰ 2024
ਆਮ ਆਦਮੀ ਪਾਰਟੀ ਦੀਆਂ ਪੰਜਾਬ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਨਿਰਦੇਸ਼ਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਬੀਤੇ ਪੰਜਾਬ ਦੀ ਜਨਤਾ ਨੂੰ ਬਦਲਾਅ ਦੇ ਵੱਡੇ -ਵੱਡੇ ਝੂਠੇ ਅਤੇ ਮਨ-ਲਭਾਊ ਵਾਅਦੇ ਕਰਕੇ ਪੰਜਾਬ ਦੀ ਸਤਾ ਹਥਿਆਉਣ ਵਿੱਚ ਕਾਮਯਾਬ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਤਾ ਤੇ ਕਾਬਜ਼ ਹੁੰਦਿਆਂ ਹੀ ਪੰਜਾਬ ਨੂੰ ਗੈਂਗਸਟਰਬਾਦ ਅਤੇ ਮਾਫੀਆ ਦੇ ਹਵਾਲੇ ਕਰ ਦਿੱਤਾ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਮੇਤ ਅਨੇਕਾਂ ਹੋਣਹਾਰ ਨੌਜਵਾਨਾਂ ਦਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰਕੇ ਕ਼ਤਲ ਕੀਤਾ ਗਿਆ, ਪੀੜਤ ਪਰਿਵਾਰਾਂ ਨੂੰ ਇੰਨਸਾਫ਼ ਦੇਣ ਦੀ ਬਿਜਾਏ ਸਰਕਾਰ ਦੀ ਸਰਪ੍ਰਸਤੀ ਚ ਕਾਤਲ ਜੇਲਾਂ ਚ ਬੈਠ ਕੇ ਵੀਡੀਓ ਕਾਲ ਪ੍ਰੈਸ ਵਾਰਤਾ ਕਰ ਰਹੇ ਹਨ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਹਰ ਖੇਤਰ ਚ ਮਾਫੀਆ ਸਰਗਰਮ ਹੈ। ਉਹਨਾ ਕਿਹਾ ਕਿ 5 ਰੁਪਏ ਫੁੱਟ ਰੇਤਾ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਵਲੋਂ 45-50 ਰੁਪਏ ਫੁੱਟ ਰੇਤਾ ਵਿਕ ਰਿਹਾ ਹੈ। ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਅਗਵਾਈ ਚ ਕੇਵਲ ਮਾਫੀਆ ਪੰਜਾਬ ਦੇ ਕੇਬਲ ਨੈੱਟਵਰਕ ਤੇ ਕਾਬਜ ਹੋਣ ਲਈ ਤਰਲੋਮੱਛੀ ਹੋ ਰਿਹਾ ਹੈ।
ਸ਼ਹਿਰੀ ਜ਼ਿਲਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦਿਵਾਨਾ ਨੇ ਕਿਹਾ ਕਿ ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਵਲੋਂ ਜਿੱਥੇ ਬੀਤੇ ਦਿਨੀਂ 3 ਰੁਪਏ ਪ੍ਰਤੀ ਯੂਨਿਟ ਘਰੇਲੂ ਬਿਜਲੀ ਦੇ ਰੇਟ ਵਧਾਏ ਕੇ ਪੰਜਾਬ ਦੇ ਲੋਕਾਂ ਤੇ ਕਰੋੜਾਂ ਦਾ ਵਾਧੂ ਬੋਝ ਪਾਇਆ ਹੈ, ਉੱਥੇ ਹੀ ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਨੇ ਪੰਜਾਬ ਦੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ।
ਇਸ ਧਰਨੇ ਨੂੰ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਦਿਹਾਤੀ ਜ਼ਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਹਲਕਾ ਮਲੇਰਕੋਟਲਾ ਦੇ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ, ਇਸਤਰੀ ਅਕਾਲੀ ਦਲ ਦੀ ਸੂਬਾਈ ਆਗੂ ਜਸਵਿੰਦਰ ਕੌਰ ਸ਼ੇਰਗਿੱਲ, ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਮੈਨੇਜਰ ਸੁਰਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ, ਸੰਜੀਵ ਸ਼ੋਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਤੇਜਿੰਦਰ ਸਿੰਘ ਸੋਨੀ ਜਾਗਲ, ਗੁਰਪ੍ਰੀਤ ਸਿੰਘ ਗੋਪੀ ਢਿੱਲੋਂ ਧਨੌਲਾ, ਦਰਸ਼ਨ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਟ੍ਰਾਂਸਪੋਰਟ ਵਿੰਗ, ਜ਼ਿਲ੍ਹਾ ਯੂਥ ਪ੍ਰਧਾਨ ਸੰਦੀਪ ਕੁਮਾਰ ਸੀਪਾ, ਮਨਜੀਤ ਸਿੰਘ ਕਲੇਰ ਅਸਪਾਲ ਕਲਾਂ ਸਟੇਟ ਆਗੂ ਯੂਥ ਵਿੰਗ, ਨੀਰਜ਼ ਕੁਮਾਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।