ਹਰਿੰਦਰ ਨਿੱਕਾ, ਬਰਨਾਲਾ 20 ਸਤੰਬਰ 2024
ਨਗਰ ਕੌਂਸਲ ਦੀ ਪ੍ਰਧਾਨਗੀ ਤੇ ਕਬਜਾ ਕਰਨ ਲਈ ਕਰੀਬ ਢਾਈ ਸਾਲ ਤੋਂ ਜੱਦੋਜਹਿਦ ਕਰ ਰਹੀ ਆਮ ਆਦਮੀ ਪਾਰਟੀ ਬੇਸ਼ੱਕ ਹਰ ਹਰਬਾ ਵਰਤਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਬਦਲ ਕੇ, ਆਪਣਾ ਪ੍ਰਧਾਨ ਬਣਾਉਣ ਵਿੱਚ ਤਾਂ ਸਫਲ ਨਹੀਂ ਹੋ ਸਕੀ ਸੀ। ਪਰੰਤੂ ਹੁਣ ਉਨ੍ਹਾਂ ਹਾਈਕੋਰਟ ਵੱਲੋਂ ਸਰਕਾਰ ਦੁਆਰਾ ਅਹੁਦਿਓਂ ਲਾਹੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਆਪਣਾ ਬਣਾ ਲਿਆ ਹੈ। ਇਸ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਮਾਨ ,ਫੋਟੋਆਂ ਸ਼ੇਅਰ ਕਰਕੇ ਕਰ ਦਿੱਤੀ ਹੈ। ਇਸ ਮੌਕੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਵੀ ਨਾਲ ਸਨ। ਪਰ ਲੋਕਾਂ ਵਿੱਚ ਚੱਲ ਰਹੀ ਇਹ ਚਰਚਾ ਹਕੀਕਤ ਦੇ ਨੇੜੇ ਹੀ ਜਾਪਦੀ ਸੀ,ਜੋ ਸੱਚ ਸਾਬਿਤ ਹੋ ਗਈ। ਵਰਨਣਯੋਗ ਹੈ ਕਿ ਲੰਘੀ ਕੱਲ੍ਹ ਤੋਂ ਹੀ ਪ੍ਰਧਾਨ ਰਾਮਣਵਾਸੀਆ ਜਲੰਧਰ ਤੋਂ ਸ਼ੱਕੀ ਹਾਲਤ ਵਿੱਚ ਘਰ ਵਾਪਿਸ ਨਹੀਂ ਮੁੜੇ ਸਨ। ਜਦੋਂਕਿ ਕਾਂਗਰਸੀ ਕੌਂਸਲਰ ਅਤੇ ਨੇਤਾ, ਉਨ੍ਹਾਂ ਨਾਲ ਸੰਪਰਕ ਕਰਨ ਲਈ ਯਤਨਸ਼ੀਲ ਸਨ । ਪਤਾ ਲੱਗਿਆ ਹੈ ਕਿ ਰਾਮਣਵਾਸੀਆ ਲੰਘੀ ਕੱਲ੍ਹ ਤਾਰੀਖ ਪੇਸ਼ੀ ਤੇ ਜਲੰਧਰ ਗਏ ਸਨ, ਬਾਅਦ ਦੁਪਿਹਰ ਉਨ੍ਹਾਂ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੁੜ ਪ੍ਰਧਾਨ ਦਾ ਅਹੁਦਾ ਸੰਭਾਲਣਾ ਸੀ। ਪਰੰਤੂ ਅਚਾਣਕ ਹੀ, ਦੱਸਿਆ ਗਿਆ ਕਿ ਪ੍ਰਧਾਨ ਬੀਮਾਰ ਹੋਣ ਕਾਰਣ, ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਹਨ, ਜਦੋਂ ਕੁੱਝ ਕਾਂਗਰਸੀ ਕੌਂਸਲਰ, ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਰੁਟੀਨ ਚੈਕਅੱਪ ਲਈ ਡੀਐਮਸੀ ਲੁਧਿਆਣਾ ਵੱਲ ਜਾ ਰਹੇ ਹਨ। ਰਾਤ ਭਰ ਉਹ ਘਰ ਨਹੀਂ ਪਹੁੰਚੇ, ਬੜੀ ਤੇਜ਼ੀ ਨਾਲ, ਬਦਲ ਰਹੇ ਤਾਜਾ ਰਾਜਸੀ ਘਟਨਾਕ੍ਰਮ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਰਾਮਣਵਾਸੀਆ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਪ ਦੇ ਹੋ ਜਾਣਗੇ। ਇਸ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਚੰੜੀਗੜ੍ਹ ਅਚਾਣਕ ਪਹੁੰਚੇ ਕੁੱਝ ਹਲਕਾ ਪੱਧਰ ਦੇ ਆਗੂ, ਆਪਣੇ ਕਰੀਬੀਆਂ ਨੂੰ ਫੋਨ ਕਰਕੇ,ਕਰ ਰਹੇ ਹਨ।
ਯਾਦ ਰਹੇ ਕਿ ਕਰੀਬ 8 ਕੁ ਮਹੀਨੇ ਪਹਿਲਾ, ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਨੇ, ਪ੍ਰਧਾਨ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਆਹੁਦੇ ਤੋਂ ਲਾਹ ਦਿੱਤਾ ਸੀ, ਅਤੇ ਜਲਦਬਾਜੀ ਵਿੱਚ ਰੁਪਿੰਦਰ ਸਿੰਘ ਸ਼ੀਤਲ ਉਰਫ ਬੰਟੀ ਨੂੰ ਪ੍ਰਧਾਨ ਵੀ ਚੁਣ ਲਿਆ ਸੀ, ਪਰੰਤੂ ਉਨ੍ਹਾਂ ਦੇ ਪ੍ਰਧਾਨ ਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੀ, ਰਾਮਣਵਾਸੀਆ ਨੇ ਹਾਈਕੋਰਟ ਵਿੱਚ ਰਿੱਟ ਦਾਇਰ ਕਰਕੇ,ਪ੍ਰਧਾਨ ਦੇ ਨੋਟੀਫਿਕੇਸ਼ਨ ਦੇ ਰੋਕ ਲਵਾ ਦਿੱਤੀ ਸੀ, ਆਖਿਰ ਮਾਨਯੋਗ ਹਾਈਕੋਰਟ ਨੇ 16 ਸਤੰਬਰ ਨੂੰ ਪ੍ਰਧਾਨ ਰਾਮਣਵਾਸੀਆ ਨੂੰ ਪ੍ਰਧਾਨ ਬਹਾਲ ਕਰ ਦਿੱਤਾ ਸੀ, ਇਸ ਤਰਾਂ ਸਰਕਾਰੀ ਧਿਰ ਦੀ ਕਾਫੀ ਫਜੀਹਤ ਹੋਈ ਸੀ,ਇਸੇ ਫਜੀਹਤ ਤੋਂ ਬਚਣ ਲਈ, ਉਨ੍ਹਾਂ ਉਸੇ ਪ੍ਰਧਾਨ ਨੂੰ ਹੀ ਪ੍ਰਧਾਨ ਮੰਨ ਲਿਆ,ਜਿਸ ਨੂੰ ਅਹੁਦਿਓਂ ਲਾਹੁਣ ਲਈ ਕਰੀਬ ਢਾਈ ਸਾਲ,ਉਹ ਤਰਾਂ ਤਰਾਂ ਦੇ ਹੱਥਕੰਡੇ ਅਪਣਾਉਂਦੇ ਰਹੇ ਸਨ।