ਨੁਕੀਲੇ ਹਥਿਆਰ ਨਾਲ, ਕੋਹ-ਕੋਹ ਕੇ ਸੱਜ ਵਿਆਹੀ ਨੂੰ ਮੌਤ ਦੇ ਘਾਟ ਉਤਾਰਿਆ..
ਹਰਿੰਦਰ ਨਿੱਕਾ, ਬਰਨਾਲਾ 19 ਸਤੰਬਰ 2024
ਇੱਕ ਸੱਜ ਵਿਆਹੀ ਮੁਟਿਆਰ ਦੇ ਚਾਅ ਮਲਾਰ ਤਾਂ ਦੂਰ,ਹਾਲੇ ਸ਼ਗਨਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀ ਸੀ ਪਿਆ ‘ਤੇ ਨਾ ਹੀ ਉਸ ਦਾ ਲਾਲ ਚੂੜਾ ਵਧਾਇਆ ਗਿਆ ਸੀ। ਪਰੰਤੂ ਦਾਜ਼ ਦੇ ਲੋਭੀ ਸੌਹਰਿਆਂ ਨੇ ਖੁਦ ਆਪਣੀ ਬਹੂ ਦੇ ਖੂਨ ਨਾਲ ਆਪਣੇ ਹੱਥ ਰੰਗ ਲਏ। ਪੁਲਿਸ ਨੇ ਸੱਜ ਵਿਆਹੀ ਦੇ ਪਤੀ,ਸੱਸ, ਸੌਹਰੇ ਸਣੇ,ਉਹ ਦੀ ਨਨਾਣ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਮ੍ਰਿਤਕਾ ਦੇ ਪਿਤਾ ਅਜਮੇਰ ਸਿੰਘ ਵਾਸੀ ਲੱਖਾ, ਤਹਿਸੀਲ ਜਗਰਾਉਂ, ਜਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਸ ਦੀ IELTS ਪਾਸ ਕਰੀਬ 19 ਕੁ ਵਰ੍ਹਿਆਂ ਦੀ ਧੀ ਜਸਪ੍ਰੀਤ ਕੌਰ ਨੇ ਵਿਦੇਸ਼ ਜਾ ਕੇ ਆਪਣੀ ਪੜਾਈ ਪੂਰੀ ਕਰਨੀ ਸੀ। ਹਾਲੇ 25 ਦਿਨ ਪਹਿਲਾਂ ਹੀ ਜਸਪ੍ਰੀਤ ਕੌਰ ਦਾ ਵਿਆਹ ਹਰਮਨਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਨਰੈਣਗੜ੍ਹ ਸੋਹੀਆਂ, ਥਾਣਾ ਟੱਲੇਵਾਲ ,ਜਿਲ੍ਹਾ ਬਰਨਾਲਾ ਨਾਲ ਪੂਰੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਥੋੜੇ ਦਿਨ ਬਾਅਦ ਹੀ ਮੇਰਾ ਜੁਆਈ ਹਰਮਨਪ੍ਰੀਤ ਸਿੰਘ, ਮੇਰੀ ਧੀ ਜਸਪ੍ਰੀਤ ਕੌਰ ਨਾਲ ਲੜਾਈ ਝਗੜਾ ਕਰਨ ਲੱਗਿਆ ਅਤੇ ਦਾਜ ਦਹੇਜ ਦੀ ਮੰਗ ਕਰਨ ਲੱਗ ਪਿਆ ਸੀ। ਇਸ ਬਾਰੇ ਜਸਪ੍ਰੀਤ ਕੌਰ ਨੇ ਮੈਨੂੰ ਕਈ ਵਾਰ ਦੱਸਿਆ ਵੀ ਸੀ ਅਤੇ ਮੈਂ ਇਸ ਸਬੰਧੀ ਹਰਮਨਪ੍ਰੀਤ ਸਿੰਘ ਨੂੰ ਉਸ ਦੇ ਪਿੰਡ ਆ ਕੇ ਸਮਝਾ ਕੇ ਵੀ ਗਿਆ ਸੀ। ਪਰੰਤੂ ਮੇਰੇ ਸਮਝਾਉਣ ਦਾ ਉਸ ਤੇ ਕੋਈ ਅਸਰ ਨਹੀਂ ਹੋਇਆ।
ਪਿੰਡ ਦੇ ਸਰਪੰਚ ਨੇ ਫੋਨ ਕਰਕੇ ਦੱਸਿਆ ਕਿ ….
ਮੁਦਈ ਮੁਕੱਦਮਾਂ ਅਜਮੇਰ ਸਿੰਘ ਨੇ ਦੱਸਿਆ ਕਿ 19 ਸਿੰਤਬਰ 2024 ਨੂੰ ਸੁਬਹ ਤੜਕੇ ਕਰੀਬ 3:44 ਮਿੰਟ ਤੇ ਮੇਰੇ ਸਕੇ ਭਰਾ ਜਗਤਾਰ ਸਿੰਘ ਦੇ ਮੋਬਾਇਲ ਫੋਨ ਪਰ, ਮੋਬਾਇਲ ਫੋਨ ਨੰਬਰ 9815815516 ਤੋਂ ਫੋਨ ਆਇਆ। ਉਸ ਨੇ ਦੱਸਿਆ ਕਿ ਉਹ ਸਰਪੰਚ ਤੇਜਿੰਦਰ ਸਿੰਘ ਵਾਸੀ ਨਰੈਣਗੜ੍ਹ ਸੋਹੀਆਂ ਤੋਂ, ਬੋਲਦਾ ਹੈ, ਤੁਹਾਡੀ ਲੜਕੀ ਜਸਪ੍ਰੀਤ ਕੌਰ ਨੂੰ ਉਸ ਦੇ ਸੌਹਰੇ ਪਰਿਵਾਰ ਨੇ ਕਤਲ ਕਰ ਦਿੱਤਾ ਹੈ। ਇਸ ਸੂਚਨਾ ਮਿਲਦਿਆਂ ਹੀ ਅਸੀਂ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਜਦੋਂ ਆਪਣੀ ਲੜਕੀ ਜਸਪ੍ਰੀਤ ਕੌਰ ਦੇ ਸੌਹਰੇ ਘਰ ਪੁੱਜੇ ਤਾਂ ਦੇਖਿਆ ਕਿ ਜਸਪ੍ਰੀਤ ਕੌਰ ਆਪਣੇ ਕਮਰੇ ਦੇ ਅੰਦਰ ਬੈੱਡ ਦੇ ਉਪਰ ਮਰੀ ਪਈ ਸੀ। ਉਸ ਦੇ ਗਲੇ ਉੱਪਰ ਨੁਕੀਲੇ ਹਥਿਆਰ ਨਾਲ ਲੱਗੇ ਸੱਟਾਂ ਦੇ ਨਿਸ਼ਾਨ ਸੀ ਅਤੇ ਖੂਨ ਨਿਕਲਿਆ ਹੋਇਆ ਸੀ,ਜਦੋਂ ਕਿ ਉਸ ਦਾ ਪਤੀ ਹਰਮਨਪ੍ਰੀਤ ਸਿੰਘ ਘਰੋਂ ਭੱਜਿਆ ਹੋਇਆ ਸੀ।
ਧੀ ਦੇ ਕਤਲ ‘ਚ ਇਹਨਾਂ ਸਾਰਿਆਂ ਦਾ ਹੱਥ….
ਅਜਮੇਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਧੀ ਜਸਪ੍ਰੀਤ ਕੌਰ ਦੇ ਕਤਲ ਵਿਚ ਹਰਮਨਪ੍ਰੀਤ ਸਿੰਘ, ਉਸ ਦੀ ਮਾਂ ਗੁਰਮੀਤ ਕੌਰ, ਪਿਉ ਜਗਰਾਜ ਸਿੰਘ ਉਰਫ ਰਾਜਾ ਸਿੰਘ ਅਤੇ ਉਸ ਦੇ ਤਾਏ ਦੀ ਲੜਕੀ ਸੁੱਖੋਂ ਜੋ ਕਿ ਛੀਨੀਵਾਲ ਖੁਰਦ ਵਿਆਹੀ ਹੋਈ ਹੈ ਦਾ ਵੀ ਹੱਥ ਹੈ । ਇਨ੍ਹਾਂ ਸਾਰਿਆਂ ਨੇ ਹਮਮਸ਼ਵਰਾ ਹੋ ਕੇ ਜਸਪ੍ਰੀਤ ਕੌਰ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਨਾਮਜ਼ਦ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
2 ਔਰਤਾਂ ਸਣੇ 4 ਜਣਿਆਂ ਖਿਲਾਫ ਐਫ.ਆਈ.ਆਰ. ਦਰਜ਼.. ਕੇਸ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਟੱਲੇਵਾਲ ਦੇ ਐਸ.ਐਚ.ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਮ੍ਰਿਤਕਾ ਦੇ ਪਤੀ,ਸੌਹਰੇ,ਸੱਸ ਅਤੇ ਨਣਦ ਦੇ ਖਿਲਾਫ ਅਧੀਨ ਜੁਰਮ 103,35,61(2) ਤਹਿਤ ਕੇਸ ਦਰਜ ਕਰਕੇ,ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਅਤੇ ਨਾਮਜ਼ਦ ਦੋਸ਼ੀਆਂ ਦੀ ਫੜੋ-ਫੜੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ। ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜ਼ਾਵੇਗਾ। ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ ਵਾਲੀ ਥਾਂ ਪਰ ਫੋਰੈਂਸਿਕ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਗਿਆ।