ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ 26 ਅਗਸਤ 2024
ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਮੁਕਤਸਰ ਪੁਲਿਸ ਨੇ ਇੱਕ ਵੱਡਾ ਆਪਰੇਸ਼ਨ ਕਰਦਿਆਂ 5 ਅੰਤਰਰਾਜੀ ਕਬਾੜੀਆਂ ਨੂੰ ਗ੍ਰਿਫਤਾਰ ਕਰਕੇ ਮੋਬਾਇਲ ਟਾਵਰਾਂ ਦੇ 7 ਯੂਨਿਟ ਤੇ ਚੋਰੀ ਦੇ ਮੋਬਾਇਲਾਂ ਦੀਆਂ ਸਕਰੀਨਾਂ ਅਤੇ ਹੋਰ ਸਪੇਅਰ ਪਾਰਟਸ ਦਾ ਢੇਰ ਬਰਾਮਦ ਹੋਇਆ ਹੈ। ਮਾਮਲੇ ਦਾ ਹੈਰਾਨਕੁੰਨ ਪਹਿਲੂ ਹੈ ਕਿ ਪੁਲਿਸ ਅਫਸਰਾਂ ਕੋਲ ਤਫਤੀਸ਼ ਦੌਰਾਨ ਹਰ ਤਰਾਂ ਦੀਆਂ ਚੋਰੀਆਂ ਚਕਾਰੀਆਂ ਦੇ ਕੇਸ ਤਾਂ ਆਉਂਦੇ ਹੀ ਰਹਿੰਦੇ ਹਨ ਪਰ ਇਸ ਕਬਾੜੀ ਨੈਟਵਰਕ ਤੋਂ ਬਰਾਮਦ ਹੋਈਆਂ ਤਕਰੀਬਨ ਅੱਧਾ ਕੁਇੰਟਲ ਸਕਰੀਨਾਂ ਸਾਹਮਣੇ ਆਉਣ ਤੇ ਪੁਲਿਸ ਵੀ ਦੰਗ ਰਹਿ ਗਈ ਹੈ।
ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਪੁਲਿਸ ਵੱਲੋਂ ਮਲੋਟ ਰੋਡ ਨੇੜੇ ਰਾਧਾ ਸੁਆਮੀ, ਦੇ ਸਾਹਮਣੇ ਦਰੱਖਤ ਥੱਲੇ ਖੜੀ ਆਰਟਿਗਾ ਗੱਡੀ ਸਮੇਤ ਸ਼ਹਿਜਾਦ ਪੁੱਤਰ ਖੁਰਸ਼ੈਦ, ਮੋਨੂੰ ਪੁੱਤਰ ਆਬਿਦ, ਫੈਜਾਲ ਪੁੱਤਰ ਗੁੱਲੂ, ਜਾਵੇਦ ਪੁੱਤਰ ਕਾਸਿਮ, ਮਸਤਾਕ ਅਲੀ ਉਰਫ ਜੱਸੀ ਪੁੱਤਰ ਅਮਰਨਾਥ ਵਾਸੀਆਨ ਬੈਕ ਸਾਇਡ ਬੱਸ ਸਟੈਂਡ ਗਲੀ ਨੰ;3 ਬਠਿੰਡਾ ਨੂੰ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇੰਨ੍ਹਾਂ ਮੁਲਜਮਾਂ ਨੇ ਮੰਨਿਆ ਕਿ ਉਹ ਇਸ ਤੋਂ ਪਹਿਲਾਂ 1 ਕਰੋੜ ਦੇ ਚੋਰੀ ਦੇ ਮੋਬਾਇਲ ਟਾਵਰਾਂ ਦੇ ਆਰ.ਆਰ.ਯੂਨਿੰਟ ਅਤੇ ਚੋਰੀ ਦੇ ਮੋਬਾਇਲ ਫੋਨ ਦੇ ਪਾਰਟਸ ਦਿੱਲੀ ਸਮੇਤ ਵੱਖ ਵੱਖ ਥਾਵਾਂ ਤੇ ਵੇਚ ਚੁੱਕੇ ਹਨ। ਇੰਨ੍ਹਾਂ ਪੰਜਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।