12 ਅਗਸਤ ਨੂੰ ਮਹਿਲ ਕਲਾਂ ਦੀ ਧਰਤੀ ‘ਤੇ ਸੁਣਾਈ ਦਿਉ ਲੋਕ ਸੰਘਰਸ਼ਾਂ ਦੀ ਰੋਹਲੀ ਗਰਜ਼-ਨਰਾਇਣ ਦੱਤ
ਅਦੀਸ਼ ਗੋਇਲ, ਬਰਨਾਲਾ 10 ਅਗਸਤ 2024
ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਯਾਦਗਾਰ ਕਮੇਟੀ ਦੀ ਅਗਵਾਈ ਹੇਠ ਭਾਰਤੀ ਕਿਸਾਨ ਏਕਤਾ ਡਕੌਂਦਾ ਅਤੇ ਇਨਕਲਾਬੀ ਕੇਂਦਰ, ਪੰਜਾਬ ਵੱਲੋਂ 30 ਪਿੰਡਾਂ ਵਿੱਚ ਕਿਸਾਨ-ਮਜ਼ਦੂਰ ਮਰਦ ਔਰਤਾਂ ਦੀਆਂ ਵੱਡੀਆਂ ਮੀਟਿੰਗਾਂ, 20 ਪਿੰਡਾਂ ਵਿੱਚ ਲੀਫਲੈੱਟ ਵੰਡਕੇ ਨੁੱਕੜ ਮੀਟਿੰਗਾਂ ਰਾਹੀਂ ਪ੍ਰਚਾਰ ਮੁਹਿੰਮ, ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਜਿਲ੍ਹਾ ਬਰਨਾਲਾ 65 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ, 4 ਪ੍ਰਈਵੇਟ ਸਕੂਲਾਂ, ਇੱਕ ਕੁੜੀਆਂ ਦੀ ਆਈ.ਟੀ.ਆਈ ਵਿੱਚ ਸੈਂਕੜੇ ਅਧਿਆਪਕਾਂ ਅਤੇ ਹਜਾਰਾਂ ਵਿਦਿਆਰਥੀਆਂ ਤੱਕ ਪ੍ਰਚਾਰ ਮੁਹਿੰਮ, ਬਿਜਲੀ ਕਾਮਿਆਂ ਦੀਆਂ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਬਰਨਾਲਾ ਸਰਕਲ ਅੰਦਰ, ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਸੀਨੀਅਰ ਸਿਟੀਜਨ ਬਰਨਾਲਾ ਵੱਲੋਂ 12 ਅਗਸਤ ਮਹਿਲਕਲਾਂ ਪੁੱਜਣ ਦਾ ਸੁਨੇਹਾ ਦਿੰਦੀ ਮੁਹਿੰਮ ਪੂਰੇ ਯੋਜਨਾਬੱਧ ਡੰਗ ਨਾਲ ਸਫ਼ਲ ਹੋ ਗਈ ਹੈ। ਅੱਜ ਯਾਦਗਾਰ ਕਮੇਟੀ ਦੇ ਕਨਵੀਨਰ ਨਰਾਇਣ ਦੱਤ ਅਤੇ ਮਨਜੀਤ ਧਨੇਰ ਨੇ ਸਹਿਯੋਗੀ ਕਮੇਟੀ ਦੇ ਮੈਂਬਰ ਆਗੂਆਂ ਜਗਰਾਜ ਹਰਦਾਸਪੁਰਾ ਤੇ ਗੁਰਦੇਵ ਮਾਂਗੇਵਾਲ ਨੇ ਮੀਟਿੰਗ ਕਰਕੇ ਸਮੁੱਚੀ ਤਿਆਰੀ ਮੁਹਿੰਮ ਦਾ ਜਾਇਜ਼ਾ ਲਿਆ। ਵੱਖੋ-ਵੱਖ ਥਾਵਾਂ ਅਤੇ ਅਦਾਰਿਆਂ ਵਿੱਚ ਪ੍ਰਚਾਰ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਨੇ 12 ਅਗਸਤ ਦੇ ‘ ਜਬਰ ਖ਼ਿਲਾਫ਼ ਸੰਘਰਸ਼ ਰਾਹੀ ਟਾਕਰੇ’ ਦੇ ਸੁਨਹਰੀ ਪੰਨਿਆਂ ਉੱਪਰ ਲਿਖੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਲੋਕ ਸੰਘਰਸ਼ ਵਿੱਚ ਕਿਸਾਨ-ਮਜਦੂਰ ਮਰਦ ਔਰਤ ਕਾਰਕੁਨਾਂ ਵੱਲੋਂ ਨਿਭਾਈ ਸ਼ਾਨਾਮੱਤਾ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। ਆਗੂਆਂ ਦੱਸਿਆ ਕਿ ਅੱਜ ਦੇ ਸਮੇਂ ਔਰਤਾਂ ਖ਼ਿਲਾਫ਼ ਜਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਐਨਸੀਆਰਬੀ ਦੇ ਅੰਕੜਿਆਂ ਮੁਤਾਬਿਕ ਹੀ ਹਰ 7 ਮਿੰਟਾਂ ਬਾਅਦ ਇੱਕ ਔਰਤ ਨਾਲ ਛੇੜਛਾੜ ਦੀ ਘਟਨਾ ਵਾਪਰਦੀ ਹੈ, 16 ਮਿੰਟਾਂ ਬਾਅਦ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ, ਹਰ ਰੋਜ਼ 90 ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਕਿ ਔਰਤਾਂ ਖਿਲਾਫ਼ ਵਾਪਰਨ ਵਾਲੀਆਂ 10 ਘਟਨਾਵਾਂ ਵਿੱਚੋਂ ਸਿਰਫ਼ ਇੱਕ ਹੀ ਥਾਣੇ ਵਿੱਚ ਰਿਪੋਰਟ ਹੁੰਦੀ ਹੈ। ਇਸ ਲਈ ਮਹਿਲਕਲਾਂ ਦਾ ਲੋਕ ਘੋਲ ਸਾਂਝੇ ਘੋਲਾਂ ਦੀ ਬੁਨਿਆਦ ਬਣਿਆ ਹੋਇਆ ਹੈ, ਸਮੇਂ ਦੀ ਮੰਗ ਵੀ ਇਹੋ ਹੈ ਕਿ ਜਿਸ ਤਰ੍ਹਾਂ ਮਹਿਲਕਲਾਂ ਦੋ ਲੋਕ ਜਬਰ ਖ਼ਿਲਾਫ ਚਟਾਨ ਵਾਂਗ ਖੜ੍ਹੇ ਹੋਏ ਹਨ, ਔਰਤਾਂ ਦੀ ਮੁਕੰਮਲ ਮੁਕਤੀ ਲਈ ਔਰਤਾਂ ਨੂੰ ਜਬਰ ਜੁਲਮ ਦਾ ਟਾਕਰਾ ਕਰਨ ਤੋਂ ਅੱਗੇ ਨਵਾਂ ਬਰਾਬਰਤਾ ਵਾਲਾ ਪ੍ਰਬੰਧ ਸਿਰਜਣ ਵੱਲ ਸੇਧਤ ਵੱਲ ਸੇਧਤ ਹੋਵੇਗਾ। ਅਜਿਹੀ ਹਾਲਤ ਵਿੱਚ ਮਹਿਲਕਲਾਂ ਲੋਕ ਘੋਲ ਦੀ ਵਿਰਾਸਤ ਸਾਡੇ ਸਭਨਾਂ ਲਈ ਅਜਿਹਾ ਚਾਨਣ ਮੁਨਾਰਾ ਹੈ ਜੋ 27 ਸਾਲ ਦੇ ਲੰਬੇ ਅਰਸੇ ਬਾਅਦ ਵੀ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੀ ਮਿਸਾਲ ਬਣਿਆ ਹੋਇਆ ਹੈ। ਹਰ ਥਾਂ ਕਿਸਾਨ-ਮਜਦੂਰ-ਅਧਿਆਪਕ ਅਤੇ ਹਰ ਵਰਗ ਦੀਆਂ ਔਰਤਾਂ ਨੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਪਹੁੰਚਣ ਦਾ ਵਿਸ਼ਵਾਸ਼ ਦਿਵਾਇਆ। ਇਸ ਵਾਰ ਯਾਦਗਾਰੀ ਸਮਾਗਮ ਦੇ ਮੁੱਖ ਬੁਲਾਰੇ ਜਾਣੀ ਪਛਾਣੀ ਪੱਤਰਕਾਰ ਭਾਸ਼ਾ ਸਿੰਘ ਅਤੇ ਮਜਦੂਰ ਆਗੂ ਸ਼ਰੈਆ ਘੋਸ਼ ਹੋਣਗੇ। ਇਸ ਵਾਰ ਦਾ ਇਕੱਠ ਮਿਸਾਲੀ ਹੋਵੇਗਾ। ਇਸ ਸਾਰੀ ਮਹਿੰਮ ਦੀ ਅਗਵਾਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂ ਕੁਲਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ, ਸੁਖਵਿੰਦਰ ਸਿੰਘ ਠੀਕਰੀਵਾਲ, ਰਜਿੰਦਰਪਾਲ, ਹਰਪ੍ਰੀਤ ਮਲੂਕਪੁਰ, ਜਗਮੀਤ ਬੱਲਮਗੜ੍ਹ, ਲਖਵਿੰਦਰ ਠੀਕਰੀਵਾਲ, ਜਸਪਾਲ ਚੀਮਾ, ਖੁਸ਼ਮੰਦਰਪਾਲ, ਨਿਰਮਲ ਚੁਹਾਣਕੇ, ਰਾਜੀਵ ਕੁਮਾਰ, ਪਲਵਿੰਦਰ ਠੀਕਰੀਵਾਲ, ਦਰਸ਼ਨ ਸਿੰਘ ਦਸੌਧਾ ਸਿੰਘ ਵਾਲਾ, ਕੁਲਵੀਰ ਸਿੰਘ ਠੀਕਰੀਵਾਲ, ਗੁਰਮੇਲ ਸਿਮਘ ਠੁੱਲੀਵਾਲ, ਡਾ ਅਮਰਜੀਤ ਸਿੰਘ, ਡਾ ਦਲਵਾਰ ਸਿੰਘ, ਡਾ ਬਾਰੂ ਮੁਹੰਮਦ, ਸਿੰਦਰ ਧੌਲਾ, ਜੱਗਾ ਸਿੰਘ, ਅਮਰਜੀਤ ਕੌਰ, ਸੰਦੀਪ ਕੌਰ ਆਦਿ ਆਗੂਆਂ ਵੱਲੋਂ ਪੂਰੀ ਕੀਤੀ ਗਈ ਹੈ। ਸਕੂਲਾਂ ਦੀ ਮੁਹਿੰਮ ਨੂੰ ਡੀਟੀਐੱਫ ਦੀ ਜਿਲ੍ਹਾ ਕਮੇਟੀ ਦਾ ਸਾਬਕਾ ਅਧਿਆਪਕ ਆਗੂਆਂ ਜਗਜੀਤ ਸਿੰਘ, ਬਿੱਕਰ ਸਿੰਘ ਔਲਖ, ਮਨਜਿੰਦਰ ਸਿੰਘ, ਰਮੇਸ਼ਵਰ ਦਾਸ, ਪਿਸ਼ੌਰਾ ਸਿੰਘ, ਅਮਰਜੀਤ ਕੌਰ, ਰਜਿੰਦਰ ਭਦੌੜ, ਗੁਰਮੇਲ ਭੁਟਾਲ ਆਦਿ ਨੇ ਅਹਿਮ ਯਗਿਦਾਨ ਪਾਇਆ। ਆਗੂਆਂ ਦੱਸਿਆ ਕਿ ਕੱਲ੍ਹ 11 ਅਗਸਤ ਨੂੰ ਕਾਫ਼ਲੇ ਘਰ-ਘਰ ਜਾਕੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦਾ ਸੁਨੇਹਾ ਦੇਣਗੇ।