ਅਸ਼ੋਕ ਵਰਮਾ, ਬਠਿੰਡਾ 3 ਜੁਲਾਈ 2024
ਯੂਥ ਵੀਰਾਂਗਨਾਏ (ਰਜਿ.) ਇਕਾਈ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਕੱਪੜੇ ਦੇ ਬੈਗ ਵੰਡ ਕੇ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਨਾਏ ਸੁਨੀਤਾ ਨੇ ਦੱਸਿਆ ਕਿ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਜਾਂਦਾ ਹੈ। 3 ਜੁਲਾਈ, 2008 ਨੂੰ ਪਹਿਲਾ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਸ਼ੁਰੂ ਕੀਤਾ ਗਿਆ ਸੀ। ਲਗਾਤਾਰ ਅਤੇ ਪ੍ਰਭਾਵੀ ਮੁਹਿੰਮਾਂ, ਕਈ ਸਰਕਾਰਾਂ ਵੱਲੋਂ ਸਿੰਗਲ-ਯੂਜ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਚੁੱਕੇ ਕਦਮਾਂ ਨਾਲ ਇਹ ਦਿਨ ਮਨਾਉਣਾ ਸਫਲ ਰਿਹਾ। ਉਨਾਂ ਦੱਸਿਆ ਕਿ ਧਰਤੀ ਤੇ ਰਹਿਣ ਵਾਲੇ ਜੀਵ ਪ੍ਰਾਣੀਆਂ ਅਤੇ ਸਮੁੰਦਰੀ ਜੀਵਾਂ ਲਈ ਪਲਾਸਟਿਕ ਬਹੁਤ ਹੀ ਮਾਰੂ ਸਾਬਿਤ ਹੋ ਰਿਹਾ ਹੈ। ਨਾ ਸਿਰਫ ਪਲਾਸਟਿਕ ਸਾਡੇ ਸਮੁੰਦਰਾਂ ਅਤੇ ਜਲ ਮਾਰਗਾਂ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਸਗੋਂ ਸਮੁੰਦਰੀ ਜੀਵਨ ਨੂੰ ਮਾਰ ਰਹੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਕੱਪੜੇ ਦੇ ਬਣੇ ਥੈਲੇ ਵਰਤਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂਥ ਵਲੰਟੀਅਰਾਂ ਵੱਲੋਂ ਸਬਜ਼ੀ ਮੰਡੀ ਵਿਚ ਜਾ ਕੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਯੂਥ ਵਲੰਟੀਅਰਾਂ ਵੱਲੋਂ ਵੱਡੀ ਗਿਣਤੀ ਕੱਪੜੇ ਦੇ ਥੈਲੇ ਵੰਡੇ ਗਏ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਯੂਥ ਵਲੰਟੀਅਰਾਂ ਦੀ ਪਲਾਸਟਿਕ ਬੈਗ ਮੁਕਤ ਮੁਹਿੰਮ ਦੀ ਪ੍ਰਸੰਸ਼ਾ ਕਰਦਿਆਂ ਪਲਾਸਿਟਕ ਦੇ ਲਿਫਾਫਿਆਂ ਦੀ ਵਰਤੋਂ ਨਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਯੂਥ ਵੀਰਾਂਗਨਾਂਏੇਂ ਸਪਨਾ, ਕਿਰਨ, ਪਲਕ, ਸਲੋਨੀ ਅਤੇ ਅੰਕਿਤਾ ਆਦਿ ਹਾਜ਼ਰ ਸਨ।