ਬਰਨਾਲਾ ਹਲਕੇ ਤੋਂ ਚੋਣ ਪਿੜ ‘ਚ ਉੱਤਰਨ ਵਾਲਿਆਂ ਨੇ ਖਿੱਚ ਲਈ ਤਿਆਰੀ…
ਹਰਿੰਦਰ ਨਿੱਕਾ , ਬਰਨਾਲਾ 15 ਜੂਨ 2024
ਬੇਸ਼ੱਕ ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿਧਾਇਕ ਅਤੇ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਵੀ ਹਾਲੇ ਤੱਕ ਆਪਣੀ ਸੀਟ ਤੋਂ ਅਸਤੀਫਾ ਨਹੀਂ ਦਿੱਤਾ। ਪਰੰਤੂ ਉਨਾਂ ਦੇ ਅਸਤੀਫੇ ਤੋਂ ਪਹਿਲਾਂ ਹੀ, ਵਿਹਲੀ ਹੋਣ ਵਾਲੀ ਵਿਧਾਨ ਸਭਾ ਦੀ ਸੀਟ ਤੋਂ ਚੋਣ ਲੜਨ ਵਾਲਿਆਂ ਨੇ ਸਿਰੀ ਕੱਢਣੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਅਤੇ ਭਾਜਪਾ ਦੇ ਲੋਕਲ ਲੀਡਰਾਂ ਨੇ ਆਪੋ-ਆਪਣੇ ਸਮੱਰਥਕਾਂ ਨਾਲ ਚੋਣ ਮੈਦਾਨ ਵਿੱਚ ਨਿੱਤਰਣ ਲਈ ਰਾਇ ਮਸ਼ਵਰਾ ਅਤੇ ਟਿਕਟ ਲੈਣ ਲਈ ਆਪੋ-ਆਪਣੇ ਆਕਾਵਾਂ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਚੋਣ ਲੜਨ ਲਈ ਉਤਾਵਲੇ ਸਾਰੇ ਹੀ ਦਾਵੇਦਾਰਾਂ ਦੇ ਸਪੋਰਟਰ ਆਪੋ-ਆਪਣੇ ਆਗੂ ਦੀ ਟਿਕਟ ਪੱਕੀ ਹੋਣ ਬਾਰੇ ਤੇ ਉਸ ਨੂੰ ਹਰੀ ਝੰਡੀ ਮਿਲ ਜਾਣ ਦੇ ਦਾਅਵੇ ਕਰ ਰਹੇ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਫਿਲਹਾਲ ਕੁਲਵੰਤ ਸਿੰਘ ਕੰਤਾ ਇਕੱਲੇ ਹੀ ਮੈਦਾਨ ਵਿੱਚ ਨਿੱਤਰੇ ਹਨ, ਕੰਤਾ ਦੇ ਪਿਤਾ ਸਵ: ਮਲਕੀਤ ਸਿੰਘ ਕੀਤੂ, ਦੋ ਵਾਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਕੀਤੂ, ਜਦੋਂ ਦੋ ਚੋਣਾਂ ਹਾਰੇ ਵੀ ਤਾਂ, ਉਨ੍ਹਾਂ ਦਾ ਵੋਟ ਬੈਂਕ ਹਮੇਸ਼ਾ, ਉਨ੍ਹਾਂ ਨੂੰ ਪਹਿਲਾਂ ਪਈਆਂ ਵੋਟਾਂ ਤੋਂ ਵੱਧਦਾ ਹੀ ਰਿਹਾ। ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਅੱਜ ਵੀ ਲੋਕ ਚੇਤਿਆਂ ‘ਚੋਂ ਵਿਸਰਿਆ ਨਹੀਂ ਹੈ।
ਆਪ ਵੱਲੋਂ ਬਾਠ, ਹਸਨ ਭਾਰਦਵਾਜ ਮੁੱਖ ਦਾਵੇਦਾਰ….
ਲੰਘੀਆਂ ਦੋ ਵਿਧਾਨ ਸਭਾ ਚੋਣਾਂ ਅਤੇ ਉਪਰੋਥਲੀ ਹੋਈਆਂ ਦੋ ਲੋਕ ਸਭਾ ਚੋਣਾਂ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਮਜਬੂਤ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਦੀ ਟਿਕਟ ਲਈ ਲੋਕਲ ਲੀਡਰਾਂ ਵਿੱਚੋਂ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਲੰਬੇ ਅਰਸੇ ਤੋਂ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਸਭ ਤੋਂ ਮਜਬੂਤ ਦਾਵੇਦਾਰ ਵਜੋਂ ਦੇਖੇ ਜਾ ਰਹੇ ਹਨ। ਲੋਕ ਸਭਾ ਦੀ ਜਿਮਨੀ ਚੋਣ ਅਤੇ ਲੋਕ ਸਭਾ ਦੀ ਹਾਲੀਆ ਚੋਣ ਵੇਲੇ ਵੀ ਗੁਰਦੀਪ ਬਾਠ ਦਾ ਨਾਮ ਉਮੀਦਵਾਰ ਵਜੋਂ ਕਾਫੀ ਚਰਚਾ ਵਿੱਚ ਰਿਹਾ ਹੈ। ਪਰੰਤੂ ਐਨ ਮੌਕੇ ਤੇ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ,ਜਿੰਨ੍ਹਾਂ ਨੇ ਵੋਟਾਂ ਦੇ ਰਿਕਾਰਡ ਤੋੜ ਅੰਤਰ ਨਾਲ ਆਪਣੇ ਵਿਰੋਧੀਆਂ ਨੂੰ ਧੂੜ ਚਟਾ ਦਿੱਤੀ। ਮੀਤ ਹੇਅਰ ਤੋਂ ਬਾਅਦ ਗੁਰਦੀਪ ਬਾਠ ਹੀ, ਪਾਰਟੀ ਵਰਕਰਾਂ ਤੋਂ ਇਲਾਵਾ ਲੋਕਾਂ ਵਿੱਚ ਵੀ ਕਾਫੀ ਹਰਮਨ ਪਿਆਰੇ ਹਨ। ਜਿੰਨ੍ਹਾਂ ਨੂੰ ਹੋਰਨਾਂ ਪਾਰਟੀਆਂ ਨਾਲ ਜੁੜੇ ਆਗੂ ਵੀ ਸਤਿਕਾਰ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਬਾਠ, ਨੂੰ ਹਾਲੇ ਤੱਕ ਸੱਤਾ ਦਾ ਨਸ਼ਾ ਨਹੀਂ ਚੜਿਆ,ਉਹ ਜਮੀਨੀ ਪੱਧਰ ਤੇ ਲੋਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਬਾਠ ਤੋਂ ਬਾਅਦ ਦੂਜੇ ਨਾਂ ਦੀ ਚਰਚਾ ਹਸਨਪ੍ਰੀਤ ਭਾਰਦਵਾਜ ਦੀ ਚਲਦੀ ਹੈ। ਹਸਨ ਭਾਰਦਵਾਜ ਕਾਫੀ ਮਿਹਨਤੀ,ਮਿਲਾਪੜੇ ਸੁਭਾਅ ਦੇ ਮਾਲਿਕ ਹਨ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੇ ਸਭ ਤੋਂ ਕਰੀਬੀ ਦੋਸਤ ਹਨ। ਜਿੰਨ੍ਹਾਂ ਨੂੰ ਮਾਲ ਵਿਭਾਗ ਵਿੱਚ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਓਐਸਡੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕੁੱਝ ਸਮਾਂ ਪਹਿਲਾਂ, ਉਹ ਆਪਣੀ ਨੌਕਰੀ ਤੋਂ ਤਿਆਗ ਪੱਤਰ ਦੇ ਕੇ, ਮੀਤ ਹੇਅਰ ਦਾ ਸਾਰਾ ਕੰਮਕਾਜ ਸੰਭਾਲਦੇ ਆ ਰਹੇ ਹਨ।
ਉਮੀਦਵਾਰ ਬਾਹਰੋਂ ਦੇਣਾ ਹੋਇਆ ਤਾਂ…
ਆਮ ਆਦਮੀ ਪਾਰਟੀ ਨੇ ਜੇਕਰ ਬਾਹਰੋਂ ਉਮੀਦਵਾਰ , ਬਰਨਾਲਾ ਵਿਧਾਨ ਸਭਾ ਦੇ ਅਖਾੜੇ ਵਿੱਚ ਉਤਾਰਨਾ ਹੋਇਆ ਤਾਂ ਫਿਰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਤੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਅਤੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਨਾਂ ਦੀ ਚਰਚਾ ਸ਼ਿਖਰਾਂ ਛੋਹ ਰਹੀ ਹੈ। ਦੋਵੇਂ ਨਾਮੀ ਚਿਹਰੇ ਹੋਣ ਦੇ ਬਾਵਜੂਦ , ਉਨਾਂ ਦਾ ਨਾਮ ਵੱਖ ਵੱਖ ਕਾਰਣਾਂ ਕਰਕੇ, ਵਿਵਾਦਾਂ ਵਿੱਚ ਵੀ ਬੋਲਦਾ ਹੈ। ਬਲਤੇਜ ਪੰਨੂ ਉੱਤੇ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਦੋਸ਼ ਲਾਉੱਦਾ ਹੈ ਕਿ ਉਸ ਨੇ ਹੀ, ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਦੇਣ ਦੀ ਸੂਚਨਾ ਮੀਡੀਆ ਵਿੱਚ ਲੀਕ ਕੀਤੀ ਸੀ, ਜਿਸ ਤੋਂ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਗੋਲਡੀ ਖੰਗੂੜਾ, ਤੇ ਦਲਬਦਲੂ ਹੋਣ ਦਾ ਦੋਸ਼ ਲੱਗਦਾ ਹੈ, ਉਹ ਲੋਕ ਸਭਾ ਚੋਣ ਸਮੇਂ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ, ਜਿਸ ਨੂੰ ਹਾਲੇ ਆਪ ਦੇ ਵਰਕਰਾਂ ਨੇ ਖੁੱਲ੍ਹ ਕੇ ਪ੍ਰਵਾਨ ਵੀ ਨਹੀਂ ਕੀਤਾ ਗਿਆ ਹੈ।
ਕਾਂਗਰਸੀਆਂ ‘ਚ ਵੀ ਟਿਕਟ ਦੀ ਦੌੜ ਜ਼ਾਰੀ….
ਕਾਂਗਰਸ ਪਾਰਟੀ ਵੱਲੋਂ ਵੀ ਟਿਕਟ ਲੈਣ ਦੇ ਚਾਹਵਾਨਾਂ ਦੀ ਲਿਸਟ ਕਾਫੀ ਲੰਬੀ ਹੈ। ਪਾਰਟੀ ਦੇ ਲੋਕਲ ਆਗੂਆਂ ਵਿੱਚ ਇੱਕ ਆਮ ਰਾਇ ਬਣ ਗਈ ਹੈ ਕਿ ਇਸ ਵਾਰ ਪਾਰਟੀ ਕਿਸੇ ਲੋਕਲ ਲੀਡਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰੇ ਤਾਂ ਹੀ ਉਮੀਦਵਾਰ ਜਬਰਦਸਤ ਟੱਕਰ ਦੇ ਸਕਦਾ ਹੈ। ਪਾਰਟੀ ਦੇ ਸਰਗਰਮ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਇੱਕ ਨਹੀਂ, ਕਈ ਵਾਰ ਬਾਹਰੀ ਲੀਡਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਵੇਖ ਲਿਆ ਹੈ। ਲੋਕਾਂ ਨੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਵੱਡੇ ਲੀਡਰ ਤੇ ਤਕੜੇ ਬੁਲਾਰੇ ਸੁਖਪਾਲ ਖਹਿਰਾ ਨੂੰ ਵੀ ਮੁਕਾਬਲੇ ਵਿੱਚ ਨਹੀਂ ਰੱਖਿਆ,ਇਸੇ ਤਰਾਂ ਹੀ ਲੰਘੀਆ ਵਿਧਾਨ ਸਭਾ ਚੋਣਾਂ ਵਿੱਚ ਮੁਨੀਸ਼ ਬਾਂਸਲ ਅਤੇ ਸਾਲ 2002 ਦੀ ਚੋਣ ਵਿੱਚ ਸੁਰਿੰਦਰਪਾਲ ਸਿਬੀਆ ਨੂੰ ਵੀ, ਹਲਕੇ ਦੇ ਵੋਟਰਾਂ ਨੇ ਬਹੁਤੀ ਤਵੱਜੋ ਨਹੀਂ ਦਿੱਤੀ। ਹੁਣ ਬਰਨਾਲਾ ਹਲਕੇ ਤੋਂ ਲੋਕਲ ਲੀਡਰਾਂ ਵਿੱਚੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਬਲਾਕ ਕਾਂਗਰਸ ਬਰਨਾਲਾ ਦੇ ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ ਅਤੇ ਨਗਰ ਕੌਂਸਲ ਦੇ ਅਹੁਦਿਉਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵੀ ਚੋਣ ਮੈਦਾਨ ਵਿੱਚ ਉਤਰਨ ਲਈ ਮਨ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਿੰਨੋਂ ਜਣੇ, ਟਿਕਟ ਮੰਗਾਂਗੇ, ਪਰੰਤੂ ਪਾਰਟੀ ਤਿੰਨਾਂ ਵਿੱਚੋਂ ਜਿਸ ਵੀ ਕਿਸੇ ਇੱਕ ਨੂੰ ਟਿਕਟ ਦੇਵੇਗੀ, ਦੂਸਰੇ ਦੋਵੇਂ, ਉਸ ਦੀ ਤਨ,ਮਨ ਅਤੇ ਧਨ ਨਾਲ ਮੱਦਦ ਕਰਨਗੇ। ਉੱਧਰ ਗਾਂਧੀ ਪਰਿਵਾਰ ਦੇ ਨੇੜਲਿਆਂ ਵਿੱਚੋਂ ਮਰਹੂਮ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਖਿਲਾਫ 1985 ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਲੜ ਚੁੱਕੇ ਐਡਵੋਕੇਟ ਹਰਦੀਪ ਗੋਇਲ ਵੀ ਚੋਣ ਲੜਨ ਦੇ ਇੱਛੁਕ ਜਾਪਦੇ ਹਨ।
ਭਾਜਪਾ ‘ਚ ਇੱਕ ਅਨਾਰ,100 ਬੀਮਾਰ ਵਾਲੀ ਹਾਲਤ..
ਬੇਸ਼ੱਕ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਬਹੁਤੀ ਗੱਲਬਾਤ ਨਹੀਂ ਹੈ, ਫਿਰ ਵੀ ਵੱਡੇ ਲੀਡਰਾਂ ਵਿੱਚੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਭਾਜਪਾ ਦੇ ਕੌਮੀ ਆਗੂ ਹਰਜੀਤ ਗਰੇਵਾਲ ਦੇ ਹਲਕੇ ਵਿੱਚ ਗੇੜਿਆਂ ਨੇ, ਉਨ੍ਹਾਂ ਦੇ ਨਾਵਾਂ ਦੀ ਚਰਚਾ ਛੇੜ ਦਿੱਤੀ ਹੈ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੋ ਵਾਰ ਬਰਨਾਲਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਇੱਕ ਵਾਰ ਮੀਤ ਹੇਅਰ ਤੋਂ ਹਾਰ ਗਏ ਸਨ। ਕੇਵਲ ਢਿੱਲੋਂ ਨੇ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ 2019 ਦੀ ਲੋਕ ਸਭਾ ਚੋਣ ਅਤੇ ਭਾਜਪਾ ਦੀ ਟਿਕਟ ਤੇ 2022 ਦੀ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਵੀ ਕਿਸਮਤ ਅਜਮਾਈ। ਪਰੰਤੂ ਉਹ ਸਫਲ ਨਹੀਂ ਹੋ ਸਕੇ। ਜਦੋਂਕਿ ਹਰਜੀਤ ਗਰੇਵਾਲ, ਭਾਜਪਾ ਦਾ ਕੌਮੀ ਪੱਧਰ ਦਾ ਆਗੂ ਹੈ, ਉਹ ਦੋ ਪੱਤੀਆਂ ਦੇ ਨਿਸ਼ਾਨ ਤੇ, ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਚੁੱਕਿਆ ਹੈ । ਹਰਜੀਤ ਗਰੇਵਾਲ ਨੇ 2017 ਦੀ ਵਿਧਾਨ ਸਭਾ ਦੀ ਚੋਣ ਰਾਜਪੁਰਾ ਹਲਕੇ ਤੋਂ ਵੀ ਲੜੀ ਸੀ। ਪਰੰਤੂ ਉਹ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਿਆ ਸੀ ।
ਲੋਕਲ ਲੀਡਰਾਂ ਵਿੱਚੋਂ ਵੀ ਟਿਕਟ ਲੈਣ ਦੇ ਚਾਹਵਾਨ…
ਭਾਜਪਾ ਵੱਲੋਂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਧੀਰਜ ਦੱਧਾਹੂਰ, ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ, ਭਾਜਪਾ ਆਗੂ ਲਲਿਤ ਮਹਾਜ਼ਨ ਵੀ ਟਿਕਟ ਲਈ ਦਾਵੇਦਾਰੀ ਪੇਸ਼ ਕਰ ਰਹੇ ਹਨ।