ਸਾਬਕਾ ਵਿਧਾਇਕ ਢਿੱਲੋਂ ਵੱਲੋਂ ਸੱਦੀ ਮੀਟਿੰਗ ਵਿੱਚ ਨਹੀਂ ਪਹੁੰਚੇ ਭਾਜਪਾ ਦੇ ਕਈ ਆਗੂ.!
ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ, ਬਰਨਾਲਾ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਦੀ ਫੁੱਟ ਇੱਕ ਵਾ ਫਿਰ ਜੱਗਜਾਹਿਰ ਹੋ ਗਈ ਹੈ। ਕਾਰਣ ਕੋਈ ਵੀ ਹੋਵੇ, ਪਰੰਤੂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੀ ਕੋਠੀ ਵਿੱਚ ਸੱਦੀ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਵਰਕਰਾਂ ਦੀ ਮੀਟਿੰਗ ਵਿੱਚ ਭਾਜਪਾ ਦੇ ਕਈ ਜਿਲ੍ਹਾ ਪੱਧਰੀ ਆਗੂ ਅਤੇ ਹਲਕਾ ਇੰਚਾਰਜ ਧੀਰਜ ਦੱਧਾਹੂਰ ਆਦਿ ਆਗੂ ਨਹੀਂ ਪਹੁੰਚੇ। ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅੱਜ ਹੋਈ ਭਰਵੀਂ ਮੀਟਿੰਗ ਵਿੱਚ ਕੇਵਲ ਸਿੰਘ ਢਿੱਲੋਂ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਵਧੀ ਵੋਟ ਫ਼ੀਸਦ ’ਤੇ ਤਸੱਲੀ ਪ੍ਰਗਟਾਉਂਦਿਆਂ ਤੀਜੀ ਵਾਰ ਐਨਡੀਏ ਦੀ ਸਰਕਾਰ ਬਨਣ ’ਤੇ ਪਾਰਟੀ ਵਰਕਰਾਂ ਨੂੰ ਵਧਾਈ ਵੀ ਦਿੱਤੀ। ਵਰਕਰਾਂ ਅਤੇ ਲੀਡਰਾਂ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਸੂਬਾਈ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਪਹਿਲੀ ਵਾਰ ਆਪਣੇ ਦਮ ’ਤੇ ਲੋਕ ਸਭਾ ਚੋਣਾ ਇਕੱਲਿਆਂ ਲੜੀ ਹੈ ਅਤੇ ਪਾਰਟੀ ਦੀ ਵੋਟ ਫ਼ੀਸਦ ਵਿਧਾਨ ਸਭਾ ਦੇ 6.6 ਪ੍ਰਤੀਸ਼ਤ ਦੇ ਮੁਕਾਬਲੇ 18.5 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਵੀ ਪਾਰਟੀ ਨੂੰ ਚੰਗਾ ਰਿਸਪਾਂਸ ਮਿਲਿਆ ਹੈ। ਸ਼ਹਿਰ ਦੇ ਬਹੁਗਿਣਤੀ ਬੂਥਾਂ ਨੂੰ ਭਾਜਪਾ ਨੇ ਲੀਡ ਕੀਤਾ ਹੈ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਅੱਤ ਦੀ ਗਰਮੀ ਵਿੱਚ ਪਾਰਟੀ ਲਈ ਕੰਮ ਕਰਨ ’ਤੇ ਧੰਨਵਾਦ ਕੀਤਾ, ਉਥੇ ਨਾਲ ਹੀ ਉਹਨਾਂ ਕੇਂਦਰ ਦੀ ਸੱਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਤੀਜੀ ਵਾਰ ਐਨਡੀਏ ਦੀ ਸਰਕਾਰ ਬਨਣ ’ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ।