ਰਘਵੀਰ ਹੈਪੀ, ਬਰਨਾਲਾ, 4 ਮਈ 2024
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਪੱਧਰੀ ਮੈਰਿਟ ਸੂਚੀ ਵਿੱਚ ਅੱਠਵਾਂ ਰੈਂਕ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਰਨਾਲਾ ਵੱਲੋਂ ਸਨਮਾਨ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਸ੍ਰੀਮਤੀ ਇੰਦੂ ਸਿਮਕ ਦੇ ਦਿਸ਼ਾ ਨਿਰਦੇਸ਼ਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਬਰਜਿੰਦਰਪਾਲ ਸਿੰਘ (ਨੈਸ਼ਨਲ ਐਵਾਰਡੀ) ਦੀ ਅਗਵਾਈ ਵਿੱਚ ਕੀਤੇ ਗਏ ਇਸ ਸਨਮਾਨ ਸਮਾਰੋਹ ਵਿੱਚ ਸਕੂਲ ਮਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ,ਸਕੂਲ ਆਫ ਐਮੀਨੈਸ ਭਦੌੜ ਦੇ ਪ੍ਰਿੰਸੀਪਲ ਮੇਜ਼ਰ ਸਿੰਘ,ਸਮਾਰਟ ਸਕੂਲ ਜ਼ਿਲ੍ਹਾ ਕੋਆਰਡੀਨੇਟਰ ਰਾਜੇਸ਼ ਕੁਮਾਰ,ਸਕੂਲ ਡੀ.ਡੀ.ਓ ਪ੍ਰਦੀਪ ਕੁਮਾਰ ਅਤੇ ਨਗਰ ਭੈਣੀ ਜੱਸਾ ਦੀਆਂ ਪਤਵੰਤੀਆਂ ਸਖਸ਼ੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਜਿੰਦਰਪਾਲ ਸਿੰਘ ਨੇ ਸਮਾਰੋਹ ਮੌਕੇ ਬੋਲਦਿਆਂ ਕਿਹਾ ਕਿ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੇ ਕਾਬਿਲ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਮਿਹਨਤ ਕਰਕੇ ਸੂਬਾ ਪੱਧਰੀ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਅਤੇ ਸਿੱਖਿਆ ਵਿਭਾਗ ਦਾ ਪੂਰੇ ਪੰਜਾਬ ਵਿੱਚ ਨਾਮ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਖੁਸ਼ਪ੍ਰੀਤ ਕੌਰ ਨੇ ਪੰਜਾਬ ਵਿੱਚੋਂ 8ਵਾਂ ਰੈਂਕ ਪ੍ਰਾਪਤ ਕਰਕੇ 600 ਅੰਕਾਂ ਵਿੱਚੋਂ 592 ਅੰਕ (98.67 ਪ੍ਰਤੀਸ਼ਤ) ਪ੍ਰਾਪਤ ਕੀਤੇ ਹਨ ਜੋ ਕਿ ਬਹੁਤ ਵੱਡੀ ਉਪਲੱਬਧੀ ਹੈ।
ਖੁਸ਼ਪ੍ਰੀਤ ਕੌਰ ਬਾਰੇ ਹੋਰ ਜਿਕਰ ਕਰਦਿਆ ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣ ਸਿਰਫ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਸਹਿ-ਵਿਦਿਅਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਵੀ ਮੋਹਰੀ ਰਹਿੰਦੀ ਹੈ।ਇਸ ਮੌਕੇ ਪ੍ਰਿੰਸੀਪਲ ਮੇਜ਼ਰ ਸਿੰਘ,ਸਕੂਲ ਡੀ.ਡੀ.ਓ. ਪ੍ਰਦੀਪ ਕੁਮਾਰ ਅਤੇ ਸਕੂਲ ਮੁਖੀ ਚੇਤਵੰਤ ਸਿੰਘ (ਸਾਇੰਸ ਮਾਸਟਰ) ਨੇ ਕਿਹਾ ਕਿ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦੀ ਇਸ ਪ੍ਰਾਪਤੀ ਪਿੱਛੇ ਜਿੱਥੇ ਮਾਪਿਆਂ ਦਾ ਭਰਪੂਰ ਯੋਗਦਾਨ ਰਿਹਾ। ਓੱਥੇ ਹੀ ਅਧਿਆਪਕਾਂ ਵੱਲੋਂ ਵੀ ਬਹੁਤ ਮਿਹਨਤ ਕਰਵਾਈ ਗਈ ਹੈ।ਉਨ੍ਹਾ ਕਿਹਾ ਕਿ ਮੈਰਿਟ ਵਿੱਚ ਆਉਣਾ ਛੋਟੀ ਮੋਟੀ ਗੱਲ ਨਹੀਂ ਹੁੰਦੀ ਜਿਸ ਕਰਕੇ ਇਸ ਬੱਚੀ ਨੇ ਸਕੂਲ ਤੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ।ਸਮਾਰੋਹ ਮੌਕੇ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਜਿੰਦਰਪਾਲ ਸਿੰਘ ਅਤੇ ਹੋਰਨਾ ਸਖਸ਼ੀਅਤਾਂ ਵੱਲੋਂ ਯਾਦਗਾਰੀ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਰਮਨਪ੍ਰੀਤ ਕੌਰ (91% ਅੰਕ),ਹਰਮਨਪ੍ਰੀਤ ਕੌਰ (90%) ਅਤੇ ਅੱਠਵੀਂ ਦੇ ਸਕੂਲ ਟੌਪਰ ਵਿਦਿਆਰਥੀਆਂ ਰਮਨਦੀਪ ਕੌਰ,ਅਰਪਨਜੋਤ ਕੌਰ,ਹਰਲੀਨ ਕੌਰ,ਅਮਨਦੀਪ ਕੌਰ ਅਤੇ ਹਰਪ੍ਰੀਤ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਮਲੂਕਾ (ਪੀ.ਟੀ.ਆਈ),ਜਗਧੀਰ ਸਿੰਘ (ਐਸ.ਐਸ ਮਾਸਟਰ),ਸੁਖਦੀਪ ਕੌਰ (ਪੰਜਾਬੀ ਮਿਸਟ੍ਰੈਸ),ਮੀਨਾਕਸ਼ੀ ਮਹਿਤਾ (ਮੈਥ ਮਿਸਟ੍ਰੈਸ),ਛਿੰਦਰਪਾਲ ਕੌਰ (ਹਿੰਦੀ ਮਿਸਟ੍ਰੈਸ),ਕੁਲਦੀਪ ਕੌਰ (ਅੰਗਰੇਜੀ ਮਿਸਟ੍ਰੈਸ),ਬਿੱਕਰ ਸਿੰਘ (ਕਮੇਟੀ ਮੈਂਬਰ),ਟਹਿਲ ਸਿੰਘ,ਦਰਸ਼ਨ ਸਿੰਘ,ਡਾ.ਕੇਵਲ ਕ੍ਰਿਸ਼ਨ,ਹਰਬੰਸ ਸਿੰਘ ਅਤੇ ਪਿੰਡ ਦੀਆਂ ਪਤਵੰਤੀਆਂ ਸਖਸੀਅਤਾਂ ਹਾਜ਼ਰ ਸਨ।