ਸੋਨੀ ਪਨੇਸਰ, ਮਹਿਲ ਕਲਾਂ, 4 ਮਈ 2024
ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਵਜੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਨਿਯੁਕਤ ਚੋਣ ਅਮਲੇ ਦੀ ਪਹਿਲੀ ਰਿਹਰਸਲ ਦੀਆਂ ਤਿਆਰੀਆਂ ਮੁਕੰਮਲ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਮਹਿਲ ਕਲਾਂ ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਸਬ ਡਵੀਜ਼ਨ ਮੈਜਿਸਟ੍ਰੇਟ ਮਹਿਲ ਕਲਾਂ ਸਤਵੰਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਅਧੀਨ ਹਲਕਾਂ ਮਹਿਲ ਕਲਾਂ ਦੇ ਚੋਣ ਅਮਲੇ ਦੀ ਪਹਿਲੀ ਚੋਣ ਰਿਹਰਸਲ 5 ਮਈ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ,ਸੰਘੇੜਾ ਵਿਖੇ ਕਰਵਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਰਿਹਰਸਲ ਦੀਆਂ ਤਿਆਰੀਆਂ ਲਈ ਮਾਸਟਰ ਟਰੇਨਰਾਂ,ਸੈਕਟਰਾਂ ਅਫ਼ਸਰਾਂ, ਸਹਾਇਕ ਸੈਕਟਰ ਅਫ਼ਸਰਾਂ ਅਤੇ ਰਿਹਰਸਲ ਨਾਲ ਜੁੜੇ ਹੋਰ ਅਮਲੇ ਨਾਲ ਰਿਹਰਸਲ ਸਥਾਨ ‘ਤੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਮਾਸਟਰ ਟਰੇਨਰਜ਼ ਅਤੇ ਸੈਕਟਰ ਅਫ਼ਸਰਾਂ ਸਮੇਤ ਸਮੁੱਚੇ ਅਮਲੇ ਨੂੰ ਉਹਨਾਂ ਦੀ ਰਿਹਰਸਲ ਸੰਬੰਧੀ ਡਿਊਟੀਆਂ ਤੋਂ ਜਾਣੂ ਕਰਵਾਇਆ ਗਿਆ।ਸਹਾਇਕ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਲਕਾ ਮਹਿਲ ਕਲਾਂ ‘ਚ ਨਿਯੁਕਤ ਪ੍ਰਜਾਈਡਿੰਗ ਅਫ਼ਸਰਾਂ,ਸਹਾਇਕ ਪ੍ਰਜਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਦੀ ਰਿਹਰਸਲ ਕਰਵਾਈ ਜਾਵੇਗੀ।
ਇਸ ਦੌਰਾਨ ਚੋਣ ਅਮਲੇ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟ ਪ੍ਰਕ੍ਰਿਆ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਵੋਟਿੰਗ ਮਸ਼ੀਨਾਂ ਅਤੇ ਹੋਰ ਭਰੇ ਜਾਣ ਵਾਲੇ ਫਾਰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਚੋਣ ਅਮਲੇ ਦੀ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਚੋਣ ਡਿਊਟੀ ਹੁਕਮਾਂ ਨਾਲ ਉਪਲੱਬਧ ਕਰਵਾਏ ਸੰਬੰਧਿਤ ਫਾਰਮ ਵੀ ਪ੍ਰਾਪਤ ਕੀਤੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ/ਐ) ਬਰਨਾਲਾ ਸ਼੍ਰੀਮਤੀ ਇੰਦੂ ਸਿਮਕ ਵੀ ਹਾਜ਼ਰ ਸਨ।