ਬੀਟੀਐਨ ਨਵੀਂ ਦਿੱਲੀ 20 ਅਪ੍ਰੈਲ 2024
ਪੰਜਾਬ ਕਾਂਗਰਸ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ, ਜਦੋਂ ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਸਾਬਕਾ ਕਾਂਗਰਸੀ ਐਮ.ਪੀ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਤੋਂ ਪਹਿਲਾਂ ਇੱਕ ਮੌਜੂਦਾ ਕਾਂਗਰਸੀ ਐਮ.ਪੀ. ਰਵਨੀਤ ਸਿੰਘ ਬਿੱਟੂ ਵੀ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਜਦੋਂਕਿ ਕੁੱਝ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਬਾਲ ਨੇ ਵੀ ਹੱਥ ‘ਚ ਝਾੜੂ ਚੁੱਕ ਲਿਆ ਸੀ। ਦਿੱਲੀ ਪਹੁੰਚ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਸਾਬਕਾ ਕਾਂਗਰਸੀ ਐਮ.ਪੀ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਹਿਮਾਚਲ ਕਾਂਗਰਸ ਦੇ ਸਹਿ ਪ੍ਰਭਾਰੀ ਤੇਜਿੰਦਰ ਸਿੰਘ ਬਿੱਟੂ ਸ਼ਾਮਿਲ ਹਨ। ਵਰਨਣਯੋਗ ਹੈ ਕਿ ਕਰਮਜੀਤ ਕੌਰ ਚੌਧਰੀ ਨੇ ਆਪਣੇ ਪਤੀ ਦੀ ਮੌਤ ਉਪਰੰਤ ਖਾਲੀ ਹੋਈ ਸੀਟ ਤੋਂ ਜਿਮਨੀ ਚੋਣ ਕਾਂਗਰਸ ਦੀ ਟਿਕਟ ਤੇ ਲੜੀ ਸੀ। ਉਨ੍ਹਾਂ ਦਾ ਬੇਟਾ ਬਿਕਰਮਜੀਤ ਸਿੰਘ ਚੌਧਰੀ ਵਿਧਾਨ ਸਭਾ ਹਲਕਾ ਫਿਲੌਰ ਤੋਂ ਮੌਜੂਦਾ ਵਿਧਾਇਕ ਹੈ। ਬੇਸ਼ੱਕ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਏ, ਪਰੰਤੂ ਉਹ ਖੁੱਲ੍ਹਮ ਖੁੱਲ੍ਹਾ, ਕਾਂਗਰਸੀ ਟਿਕਟ ਤੋਂ ਮੈਦਾਨ ਵਿੱਚ ਉਤਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰ ਰਹੇ ਹਨ। ਭਾਜਪਾ ਵਿੱਚ ਸ਼ਾਮਿਲ ਹੋਣ ਮੌਕੇ ਕਰਮਜੀਤ ਕੌਰ ਨੇ ਕਿਹਾ ਕਿ ਮੇਰਾ ਪਤੀ ਸੰਤੋਖ ਸਿੰਘ ਚੌਧਰੀ, ਦੋ ਵਾਰ ਪੰਜਾਬ ਵਜਾਰਤ ਵਿੱਚ ਕੈਬਨਿਟ ਮੰਤਰੀ ਰਿਹਾ। 2014 ਅਤੇ 2019 ਵਿੱਚ ਲਗਾਤਾਰ ਦੋ ਵਾਰ ਉਹ ਜਲੰਧਰ ਤੋਂ ਸਾਂਸਦ ਚੁਣੇ ਗਏ। ਉਨ੍ਹਾਂ ਕਿਹਾ ਕਿ ਆਖਰੀਂ ਸਾਹ ਤੱਕ ਸੰਤੋਖ ਸਿੰਘ ਚੌਧਰੀ ਕਾਂਗਰਸੀ ਹੀ ਰਹੇ, ਜਿੰਨ੍ਹਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਕਾਫਿਲੇ ਵਿੱਚ ਹੀ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ ਸੀ।