ਸਿਮਰਨਜੀਤ ਸਿੰਘ ਮਾਨ ਵੱਲੋਂ ਬਰਨਾਲਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ
ਰਘਵੀਰ ਹੈਪੀ, ਬਰਨਾਲਾ 18 ਅਪ੍ਰੈਲ 2024
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਬਰਨਾਲਾ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ ‘ਤੇ ਸ. ਮਾਨ ਦੇ ਕਾਫ਼ਲੇ ਦਾ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ |
ਉਦਘਾਟਨ ਮੌਕੇ ਪਾਰਟੀ ਵਰਕਰਾਂ ਤੇ ਸ਼ਹਿਰ ਨਿਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਕਾਂਗਰਸ ਅਤੇ ਬਾਦਲ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਅਤੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ | ਰਹਿੰਦੀ ਖੂੰਹਦੀ ਕਸਰ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਕੀਤੇ ਵਾਅਦੇ ਮੁਕਰ ਕੇ ਕੱਢ ਦਿੱਤੀ | ਇਹ ਲੋਕ ਸਭਾ ਚੋਣਾਂ ਇਨ੍ਹਾਂ ਲਾਰੇ ਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਹੀ ਮੌਕਾ ਹੈ | ਸ. ਮਾਨ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਪ ਤਿੰਨੋਂ ਪਾਰਟੀਆਂ ਦੇ ਐਮ.ਪੀ. ਸੰਸਦ ਵਿੱਚ ਸਨ ਪਰ ਪਿਛਲੇ ਸਮੇਂ ਦੌਰਾਨ ਕਿਸੇ ਵੀ ਪਾਰਟੀ ਦੇ ਲੀਡਰ ਨੇ ਬੰਦੀ ਸਿੰਘਾਂ, ਸਿੱਖ ਆਗੂਆਂ ਦੇ ਹੋਏ ਕਤਲਾਂ, ਘੱਟ ਗਿਣਤੀਆਂ ਉਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਅੱਤਿਆਚਾਰਾਂ, ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਤੇ ਬੇਰੁਜਗਾਰਾਂ ਨਾਲ ਕੀਤੀਆਂ ਵਾਅਦਾਖਿਲਾਫੀਆਂ ਬਾਰੇ ਆਵਾਜ ਨਹੀਂ ਉਠਾਈ, ਜਦੋਂਕਿ ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ ਇਕੱਲੇ ਹੀ ਐਮ.ਪੀ. ਹੋਣ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਮਸਲਿਆਂ ਬਾਰੇ ਸੰਸਦ ਵਿੱਚ ਆਵਾਜ ਬੁਲੰਦ ਕੀਤੀ ਹੈ | ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਬਾਰੇ ਹਲਕੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਕ ਐਮ.ਪੀ. ਹਲਕੇ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਇਹੋ ਜਿਹੇ ਕੰਮ ਵੀ ਕਰ ਸਕਦਾ, ਜਿਨ੍ਹਾਂ ਵਿੱਚ ਕੈਂਸਰ ਪੀੜਤਾਂ ਦੀ ਮੱਦਦ ਲਈ ਆਰਥਿਕ ਸਹਾਇਤਾ, ਅੰਗਹੀਣਾਂ ਲਈ ਸਹਾਇਕ ਉਪਕਰਨ, ਕੱਚੇ ਘਰਾਂ ਨੂੰ ਪੱਕਾ ਕਰਨ ਲਈ ਰਾਸ਼ੀ, ਲੈਟਰੀਨ ਬਾਥਰੂਮ ਬਨਾਉਣ ਲਈ ਮੱਦਦ, ਪੀਣ ਵਾਲੀ ਪਾਣੀ ਦਾ ਪ੍ਰਬੰਧ ਕਰਨ ਲਈ ਫੰਡ ਆਦਿ ਕੰਮ ਸ਼ਾਮਲ ਹਨ | ਸ. ਮਾਨ ਨੇ ਦੱਸਿਆ ਕਿ ਕਰੀਬ 10 ਕਰੋੜ ਰੁਪਏ ਐਮ.ਪੀ. ਕੋਟੇ ਦੀ ਗ੍ਰਾਂਟ ਸਾਰੇ ਵਰਗਾਂ ਵਿੱਚ ਬਿਨ੍ਹਾਂ ਪੱਖਪਾਤ ਤੋਂ ਬਰਾਬਰ ਵੰਡਣ ਤੋਂ ਇਲਾਵਾ ਅਨੇਕਾਂ ਹੀ ਪ੍ਰੋਜੈਕਟ ਹਲਕੇ ਦੀ ਭਲਾਈ ਲਈ ਮੰਨਜੂਰ ਕਰਵਾਏ ਜਾ ਚੁੱਕੇ ਹਨ | ਇਕੱਲੇ ਜ਼ਿਲ੍ਹਾ ਬਰਨਾਲਾ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 64 ਕਰੋੜ ਰੁਪਏ ਅਤੇ ਪੂਰੇ ਲੋਕ ਸਭਾ ਹਲਕਾ ਸੰਗਰੂਰ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 281 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕਰਵਾਈ ਗਈ ਹੈ | ਮਹਾਂਮਾਰੀਆਂ ਤੋਂ ਬਚਾਅ ਲਈ ਕੌਮੀ ਪੱਧਰ ਦਾ ਵੱਡਾ ਹਸਪਤਾਲ ਬਰਨਾਲਾ ਵਿਖੇ ਮੰਨਜੂਰ ਕਰਵਾਇਆ ਗਿਆ ਹੈ | ਹਲਕੇ ਦੀਆਂ ਡੇਢ ਸੌ ਤੋਂ ਵੱਧ ਸੜਕਾਂ ਦੇ ਨਿਰਮਾਣ ਦਾ ਕੰਮ ਮੰਨਜੂਰ ਕਰਵਾਇਆ ਗਿਆ ਹੈ | ਬੇਰੁਜਗਾਰੀ ਨੂੰ ਦੂਰ ਕਰਨ ਲਈ ਰੇਲਵੇ ਇੰਜਨੀਅਰਿੰਗ ਯੂਨੀਵਰਸਿਟੀ ਹਲਕੇ ਵਿੱਚ ਬਨਾਉਣ ਦੀ ਮੰਗ ਕੀਤੀ ਗਈ ਹੈ | ਇਸ ਤੋਂ ਇਲਾਵਾ ਹਲਕੇ ਦੇ ਲੋਕਾਂ ਦੀ ਮੰਗ ‘ਤੇ ਵੱਖ-ਵੱਖ ਟ੍ਰੇਨਾਂ ਦੇ ਸਟਾਪੇਜ ਹਲਕੇ ਦੇ ਵੱਖ-ਵੱਖ ਸਟੇਸ਼ਨਾਂ ਲਈ ਮੰਨਜੂਰ ਕਰਵਾਏ ਗਏ ਹਨ | ਸ. ਮਾਨ ਨੇ ਕਿਹਾ ਕਿ ਹਲਕਾ ਸੰਗਰੂਰ ਮੇਰਾ ਪਰਿਵਾਰ ਹੈ ਅਤੇ ਉਹ ਹਲਕੇ ਦੇ ਲੋਕਾਂ ਦੇ ਹਰ ਮਸਲੇ ਤੇ ਮੁਸ਼ਕਿਲ ਨੂੰ ਹੱਲ ਕਰਨ ਲਈ ਬਚਨਵੱਧ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਰਿਵਾਇਤੀ ਸਿਆਸੀ ਪਾਰਟੀਆਂ ਦੇ ਲਾਰਿਆਂ ਵਿੱਚ ਆਉਣ ਦੀ ਬਜਾਏ ਪੰਥ ਅਤੇ ਸਮੁੱਚੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿੱਤਾ ਜਾਵੇ |
ਇਸ ਮੌਕੇ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਅਜਾਇਬ ਸਿੰਘ ਭੈਣੀ ਫੱਤਾ, ਗੁਰਮੇਲ ਸਿੰਘ ਥਾਣੇਦਾਰ, ਕੁਲਦੀਪ ਸਿੰਘ ਕਾਲਾ, ਸਰਪੰਚ ਕਾਲਾ ਘੁੰਨਸ, ਸੁਖਪਾਲ ਸਿੰਘ ਛੰਨਾ, ਕੁਲਵਿੰਦਰ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਸ਼ਹਿਣਾ, ਲਵਪ੍ਰੀਤ ਸਿੰਘ ਅਕਲੀਆ, ਸੀਰਾ ਢਿੱਲੋਂ, ਓਕਾਂਰ ਸਿੰਘ ਬਰਾੜ, ਗੁਰਜੀਤ ਸਿੰਘ ਸ਼ਹਿਣਾ, ਬਾਰਾ ਸਿੰਘ, ਹਰਵਿੰਦਰ ਸਿੰਘ ਟੱਲੇਵਾਲ, ਮਨਪ੍ਰੀਤ ਸਿੰਘ ਤਪਾ, ਸੁਖਦੀਪ ਸਿੰਘ ਜੰਗੀਆਣਾ ਸਮੇਤ ਹੋਰ ਆਗੂ ਅਤੇ ਵਰਕਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜਰ ਸਨ |