ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਨ ਵਾਲਾ ‘ਮੀਤ ਹੇਅਰ’ ਅੱਗੇ ਜਾ ਕਿ ਲੋਕਾਂ ਦਾ ਕੀ ਸੁਆਰ ਦੇਵੇਗਾ-ਉਗਰਾਹਾਂ
ਆਗੂਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਰਕਾਰੀ ਸਰਪ੍ਰਸਤੀ ਹੋਣ ਕਾਰਨ ਪੀੜਤਾਂ ਨੂੰ ਨਹੀਂ ਮਿਲ ਰਿਹਾ ਇਨਸਾਫ
ਰਘਵੀਰ ਹੈਪੀ, ਬਰਨਾਲਾ 20 ਅਪ੍ਰੈਲ 2024
ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਦੇ ਪਿੰਡ ਜਹਾਂਗੀਰ ਦੇ ਇੱਕ ਕਿਸਾਨ ਪਰਿਵਾਰ ਨਾਲ, ਸਰਕਾਰੀ ਸ੍ਰਪਰਸਤੀ ਪ੍ਰਾਪਤ ਸਰਪੰਚ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਧੱਕੇਸ਼ਾਹੀ ਦੇ ਮੁੱਦਾ ਦਾ ਸੇਕ ਹੁਣ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਝੱਲਣਾ ਪੈ ਸਕਦਾ ਹੈ। ਕਾਫੀ ਤਲਖ ਲਹਿਜ਼ੇ ‘ਚ ਮੀਤ ਹੇਅਰ ਨੂੰ ਅਜਿਹੀ ਚਿਤਾਵਨੀ ਅੱਜ ਬਰਨਾਲਾ ਦੇ ਇੱਕ ਹੋਟਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਸੂਬਾਈ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਧੂਰੀ ਹਲਕੇ ਦੇ ਪਿੰਡ ਜਹਾਂਗੀਰ ਦਾ ਜ਼ਮੀਨੀ ਮਸਲਾ ਕਾਫੀ ਸਮੇਂ ਤੋਂ ਜਥੇਬੰਦੀ ਅਤੇ ਪ੍ਰਸ਼ਾਸਨ ,ਸਰਕਾਰ ਦਰਮਿਆਨ ਨਾਲ ਚੱਲ ਰਿਹਾ ਹੈ ,ਉਸ ਮਸਲੇ ਨੂੰ ਨਿਬੇੜਨ ਲਈ 3 ਅਪ੍ਰੈਲ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 15 ਦਿਨ ਦਾ ਸਮਾਂ ਮੰਗਿਆ ਸੀ। ਪਰ 15 ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਉਹਨਾ ਕਿਹਾ ਕਿ ਕਥਿਤ ਜਾਲਸਾਜ਼ੀ ਕਰਕੇ ਜ਼ਮੀਨ ਹਥਿਆਉਣ ਵਾਲੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਹੋਣ ਕਾਰਨ ਪੀੜਤ ਕਿਸਾਨ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਦੋਵਾਂ ਆਗੂਆਂ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਸਾਬਕਾ ਸਰਪੰਚ ਗੁਰਚਰਨ ਸਿੰਘ ਧੂਰੀ ਵਿਖੇ ਸਥਿਤ ਮੁੱਖ ਮੰਤਰੀ ਦੇ ਦਫਤਰ ਬੈਠੇ ਆਮ ਦੇਖੇ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਜੋ ‘ਮੀਤ ਹੇਅਰ ‘ ਕਿਸਾਨਾਂ ਨਾਲ ਕੀਤੇ 15 ਦਿਨ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜ ਗਿਆ ਹੈ ਤਾਂ ਉਹ ਅੱਗੇ ਚੋਣ ਜਿੱਤ ਕੇ ਸਾਡੇ ਕੀ ਮਸਲੇ ਕੀ ਸੁਆਰ ਦੇਵੇਗਾ। ਮੀਤ ਹੇਅਰ ਵੱਲੋਂ ਜਥੇਬੰਦੀ ਨਾਲ ਕੀਤੀ ਵਾਅਦਾ ਖਿਲਾਫੀ ਤੋਂ ਬਾਅਦ ਜਥੇਬੰਦੀ ਵਲੋਂ ਇਹ ਫੈਸਲਾ ਕੀਤਾ ਹੈ ਜੇਕਰ ਆਉਣ ਵਾਲੇ ਦਿਨਾਂ ਦੌਰਾਨ ਉਕਤ ਮਸਲੇ ਦਾ ਹੱਲ ਨਾ ਕੀਤਾ ਤਾਂ 5 ਮਈ ਤੋਂ ਦਿਨ ਰਾਤ ਦਾ ਪੱਕਾ ਮੋਰਚਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਬਰਨਾਲਾ ਸਥਿਤ ਘਰ ਅੱਗੇ ਲਾਇਆ ਜਾਵੇਗਾ। ਉਨ੍ਹਾਂ ਮੀਤ ਹੇਅਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਮੀਤ ਹੇਅਰ ਕਿਸਾਨ ਆਗੂਆਂ ਨੂੰ ਮਿਲਣ ਤੋਂ ਹੀ ਟਾਲਮਟੋਲ ਕਰ ਰਿਹਾ ਹੈ,ਹੁਣ ਯੂਨੀਅਨ ਦੇ ਆਗੂ ਤੇ ਵਰਕਰ ਉਸ ਨੂੰ ਹਰ ਪਿੰਡ ਪਿੰਡ ‘ਚ ਅੱਗਿਓਂ ਟੱਕਰਿਆ ਕਰਨਗੇ ਅਤੇ ਵਾਅਦਾ ਖਿਲਾਫੀ ਸਬੰਧੀ ਸੁਆਲ ਪੁੱਛਿਆ ਕਰਨਗੇ।
ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਬਲਾਕ ਲਹਿਰਾ ਜ਼ਿਲਾ ਸੰਗਰੂਰ ਦੇ ਵਿੱਚ ਕਿਸਾਨ ਸ਼ਹੀਦ ਹੋਇਆ ਹੈ। ਉਥੋਂ ਦੇ ਐਸਡੀਐਮ ਦਫਤਰ ਅੱਗੇ ਪੱਕਾ ਧਰਨਾ ਲੱਗਿਆ ਹੋਇਆ ਹੈ, ਜਥੇਬੰਦੀ ਦੀ ਮੰਗ ਹੈ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦਾ ਪੂਰਾ ਕਰਜ਼ਾ ਮੁਆਫ ਕਰਕੇ 10 ਲੱਖ ਰੁਪਏ ਦਾ ਮੁਆਵਜਾ ਪਰਿਵਾਰ ਨੂੰ ਦਿੱਤਾ ਜਾਵੇ । ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਜੇ ਦੋਨਾਂ ਮਸਲਿਆਂ ਦਾ ਜਲਦੀ ਹੱਲ ਨਾ ਕੀਤਾ ਤਾਂ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਸਾਡੇ ਵਿਰੋਧ ਦਾ ਮਤਲਬ ਮੀਤ ਹੇਅਰ ਦੀ ਕੋਠੀ ਅਤੇ ਉਸ ਦੇ ਪਿੰਡਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ‘ਚ ਉਸ ਦਾ ਘਿਰਾਉ ਕਰਨਾ ਨਹੀਂ ਹੈ। ਸਿਰਫ ਅਸੀਂ, ਲੋਕਾਂ ਨੂੰ ਮੀਤ ਹੇਅਰ ਅਤੇ ਸਰਕਾਰ ਦੇ ਕਿਰਦਾਰ ਬਾਰੇ ਜਾਣੂ ਕਰਵਾਉਣਾ ਹੀ ਹੈ। ਉਨਾਂ ਕਿਹਾ ਕਿ ਜਥੇਬੰਦੀ ਦਾ ਫੈਸਲਾ, ਪਹਿਲਾਂ ਸਿਰਫ ਭਾਜਪਾ ਉਮੀਦਵਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਹੀ ਸੀ, ਪਰੰਤੂ ਪੰਜਾਬ ਸਰਕਾਰ ਦੇ ਆਗੂਆਂ ਨੇ ਤਾਂ ਸਾਨੂੰ ਵਿਰੋਧ ਕਰਨ ਲਈ ਐਂਵੇ ਹੀ ਮਜਬੂਰ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਰੂਪ ਸਿੰਘ ਛੰਨਾ ਸੂਬਾ ਪ੍ਰਚਾਰ ਸਕੱਤਰ, ਜਗਤਾਰ ਸਿੰਘ ਕਾਲਾਝਾੜ ਜ਼ਿਲਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਹਿਰਾਜ, ਜ਼ਿਲਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਆਦਿ ਆਗੂ ਵੀ ਸ਼ਾਮਲ ਸਨ।