ਆਊਟਸੋਰਸ ਕਰਮਚਾਰੀ GM ਬਲਦੀਪ ਸਿੰਘ ਸੋਹੀ ਦਾ ਸਿਆਸੀ ਦਬਦਬਾ…!
ਨਰਮ ਸ਼ਰਤਾਂ ਤਹਿਤ ਕੱਢੀ ਗਈ ਸੀ ਭਰਤੀ, ਚੋਣ ਕਮਿਸ਼ਨ ਕੋਲ ਸ਼ਿਕਾਇਤ ਤੋਂ ਬਾਅਦ ਭਰਤੀ ‘ਤੇ ਲੱਗੀ ਰੋਕ
ਹਰਿੰਦਰ ਨਿੱਕਾ, ਚੰਡੀਗੜ੍ਹ 20 ਅਪ੍ਰੈਲ 2024
ਪੰਜਾਬ ਰਾਜ ਬੀਜ ਨਿਗਮ ਵਿਚ ਏ ਟੂ ਜੈੱਡ ਕੰਪਨੀ ਰਾਹੀਂ ਆਊਟਸੋਰਸ ਤੇ ਭਰਤੀ ਹੋਇਆ ਬਲਦੀਪ ਸਿੰਘ ਸੋਹੀ ਨਾਮੀ ਕਰਮਚਾਰੀ ਜਿੱਥੇ ਕਿਸੇ ਤੇਜ਼ ਮੌਸਮੀ ਚੱਕਰਵਾਤ ਵਾਂਗੂੰ ਪਦਉੱਨਤੀਆਂ ਲੈ ਗਿਆ ਹੈ, ਉਥੇ ਹੀ ਏ ਕੈਟਾਗਰੀ ਦਾ ਚਾਰਜ ਲੈ ਕੇ ਮੋਟੀ ਤਨਖਾਹ ਨੂੰ ਵੀ ਕੁੰਢਲੀ ਮਾਰੀ ਬੈਠਾ ਹੈ । ਪਿਛਲੇ ਕਈ ਦਿਨਾਂ ਤੋਂ ਮੀਡੀਏ ਰਾਹੀ ਪੰਜਾਬ ਰਾਜ ਬੀਜ ਨਿਗਮ ਦੀਆਂ ਊਣਤਾਈਆਂ ਅਤੇ ਘਪਲਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਬੀਜ ਨਿਗਮ ਦੀ ਇੱਕ ਤੋਂ ਬਾਅਦ ਇੱਕ ਖਾਮੀ ਸਾਹਮਣੇ ਆ ਰਹੀ ਹੈ। ਪੰਜਾਬ ਰਾਜ ਬੀਜ ਨਿਗਮ ਦੇ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਅਮਰਵੇਲ ਵਾਂਗੂੰ ਵਧਾਈਆਂ ਗਈਆਂ ਆਊਟਸੋਰਸ ਅਫਸਰ ਦੀਆਂ ਸੇਵਾਵਾਂ ਵਿਚ ਇੱਕ ਊਣਤਾਈ ਦਾ ਇੱਕ ਹੋਰ ਮਾਮਲਾ ਮੀਡੀਆ ਦੇ ਹੱਥ ਲੱਗਾ ਹੈ। ਪਨਸੀਡ ਵਿਭਾਗ ਨੇ ਆਊਟਸੋਰਸ ਰਾਹੀ ਭਰਤੀ ਹੋਏ ਬੀਜ ਉਤਪਾਦਨ ਅਫਸਰ ਬਲਦੀਪ ਸਿੰਘ ਨੂੰ ਤਰੱਕੀਆਂ ਤੇ ਮੋਟੀ ਤਨਖਾਹ ਦੀ ਦਿਆਲਤਾ ਹੀ ਨਹੀਂ ਦਿਖਾਈ, ਸਗੋਂ ਉਸ ਨੂੰ ਵਿਭਾਗ ਵਿਚ ਪੱਕਾ (ਰੈਗੂਲਰ) ਅਫਸਰ ਕਰਨ ਆਮ ਜਿਹੀਆਂ ਨਰਮ ਸ਼ਰਤਾਂ ਨਾਲ ਸੰਬੰਧਤ ਵਿਭਾਗ ਵਿਚ ਆਸਾਮੀ ਵੀ ਕੱਢ ਦਿੱਤੀ ਤਾਂ ਜੋ ਉਕਤ ਆਊਟਸੋਰਸ ਰਾਹੀਂ ਭਰਤੀ ਕੀਤੇ ਅਫਸਰ ਨੂੰ ਚੋਰ ਮੋਰੀ ਰਾਹੀ ਵਿਭਾਗ ਦਾ ਪੱਕਾ ਅਫਸਰ ਹੀ ਬਣਾ ਦਿੱਤਾ ਜਾਵੇ । ਸੂਤਰਾਂ ਅਨੁਸਾਰ ਬਲਦੀਪ ਸਿੰਘ, ਆਪ ਸਰਕਾਰ ਦੇ ਇੱਕ ਮੰਤਰੀ ਦੇ ਨੇੜੇ ਦੱਸਿਆ ਜਾ ਰਿਹਾ ਹੈ, ਜਿਸ ਨੇ ਸਿਆਸੀ ਦਬਦਬਾ ਵਰਤ ਕੇ ਇਸ ਆਸਾਮੀ ਨੂੰ ਕਢਵਾਇਆ ਹੈ।
ਪੰਜਾਬ ਰਾਜ ਬੀਜ ਨਿਗਮ ਲਿਮਟਿਡ ਐਸ.ਏ.ਐੱਸ ਨਗਰ ਮੋਹਾਲੀ ਵੱਲੋਂ ਖੇਤਰੀ ਦਫ਼ਤਰਾਂ ਲਈ ਖੇਤਰੀ ਪ੍ਰਬੰਧਕ ਅਫ਼ਸਰ ਦੀ ਆਸਾਮੀ ਨੂੰ ਮਾਰਚ 2024 ਦੇ ਪਹਿਲੇ ਹਫ਼ਤੇ ਕੱਢਿਆ ਗਿਆ ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28 ਮਾਰਚ 2024 ਸੀ । ਜਿਸ ਵਿਚ ਹੈਰਾਨੀਜਨਕ ਗੱਲ ਇਹ ਦੇਖਣ ਨੂੰ ਮਿਲੀ ਕਿ ਸੂਤਰਾਂ ਅਨੁਸਾਰ ਇਹ ਆਸਾਮੀ ਦਾ ਹੱਕਦਾਰ ਐਸ.ਸੀ. ਵਰਗ ਦਾ ਉਮੀਦਵਾਰ ਹੀ ਹੋ ਸਕਦਾ ਹੈ । ਕਿਉਂਕਿ ਜਨਰਲ ਕੋਟੇ ਦੀ ਆਸਾਮੀ ਪਹਿਲਾਂ ਹੀ ਭਰੀ ਹੋਈ ਹੈ । ਪਰ ਆਪਣੇ ਚਹੇਤੇ ਆਊਟਸੋਰਸ ਵਾਲੇ ਕਰਮਚਾਰੀ ਨੂੰ ਪੱਕਾ ਕਰਨ ਲਈ ਇਸ ਆਸਾਮੀ ਵਿਚੋਂ ਰਾਖਵਾਂਕਰਨ ਦੀ ਸ਼ਰਤ ਹੀ ਹਟਾ ਦਿੱਤੀ ਗਈ । ਜਿਸ ਦਾ ਸਾਫ਼ ਪਤਾ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਮਿਲਦਾ ਹੈ।
ਆਰ.ਟੀ.ਆਈ ਕਾਰਕੁੰਨ ਨੇ ਭਰਤੀ ਤੇ ਰੋਕ ਸੰਬੰਧੀ ਚੋਣ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ:
ਗੈਰ ਸੰਵਿਧਾਨਕ ਤਰੀਕੇ ਨਾਲ ਚੋਰ ਮੋਰੀ ਰਾਹੀ ਆਊਟਸੋਰਸ ਅਫਸਰ ਨੂੰ ਪਨਸੀਡ ਵਿਭਾਗ ਵਿਚ ਪੱਕਾ ਕਰਨ ਲਈ ਕੱਢੀ ਆਸਾਮੀ ਸੰਬੰਧੀ ਜਦੋਂ ਆਰ ਟੀ ਆਈ ਕਾਰਕੁੰਨ ਬੇਅੰਤ ਸਿੰਘ ਬਾਜਵਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਭਾਰਤੀ ਚੋਣ ਕਮਿਸ਼ਨ ਦਿੱਲੀ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਚੰਡੀਗੜ੍ਹ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਉਕਤ ਭਰਤੀ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੀ ਮੰਗ ਕੀਤੀ।ਜਿਸ ‘ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦਿਆਂ ਭਾਰਤੀ ਚੋਣ ਕਮਿਸ਼ਨ ਦਿੱਲੀ ਅਤੇ ਪੰਜਾਬ ਰਾਜ ਚੋਣ ਕਮਿਸ਼ਨਰ ਨੇ ਮਹਿਜ 12 ਘੰਟਿਆਂ ਅੰਦਰ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਨੂੰ ਭਰਤੀ ਤੇ ਰੋਕ ਲਗਾਉਣ ਸੰਬੰਧੀ ਹੁਕਮ ਜਾਰੀ ਕੀਤੇ। ਜਿਸ ਤੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਇੱਕ ਪੱਤਰ ਨੰਬਰ 33/03/2024-ਖਬ-2(7) ਮਿਤੀ 21-03-2024 ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਬੀਜ ਨਿਗਮ ਖੇਤੀ ਭਵਨ ਫੇਜ਼-6 ਐਸ ਏ ਐੱਸ ਮੋਹਾਲੀ ਨੂੰ ਆਊਟਸੋਰਸ ਅਫਸਰ ਦੇ ਮਾਮਲੇ ਦੀ ਜਾਂਚ ਕਰਨ ਅਤੇ ਖੇਤਰੀ ਪ੍ਰਬੰਧਕੀ ਦੀ ਆਸਾਮੀ ਲਈ ਕੱਢੀ ਭਰਤੀ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਉਣ ਅਤੇ ਮਾਮਲੇ ਨਾਲ ਸੰਬੰਧਤ ਕੀਤੀ ਗਈ ਕਾਰਵਾਈ ਦੀ ਰਿਪੋਰਟ ਪਨਸੀਡ ਵਿਭਾਗ ਤੋਂ ਮੰਗੀ ਗਈ।
ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਸੰਬੰਧਤ ਮਾਮਲੇ ਵਿਚ ਹੋਈ ਸ਼ਿਕਾਇਤ ਤੋਂ ਬਾਅਦ ਪਨਸੀਡ ਵਿਭਾਗ ਨੇ 28 ਅਪ੍ਰੈਲ 2024 ਤੱਕ ਭਰਤੀ ਨੂੰ ਰੋਕ ਦਿੱਤਾ ਹੈ। ਆਰ ਟੀ ਆਈ ਐਕਟਵਿਸਟ ਅਤੇ ਕੰਪੇਨ ਅਗੇਂਸਟ ਕੁਰੱਪਸ਼ਨ ਹਿੰਦੋਸਤਾਨ (CACH ) ਦੇ ਕੌਮੀ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਆਸਾਮੀ ਲਈ ਰਾਖਵਾਂਕਰਨ ਹਟਾ ਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਹੈ । ਜਿਸ ਦਾ ਦਲਿਤ ਭਾਈਚਾਰੇ ਨੂੰ ਸ਼ਖਤ ਨੋਟਿਸ ਲੈਣਾ ਚਾਹੀਦਾ ਹੈ।ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਵਿਚ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਮਾਨਯੋਗ ਨੈਸ਼ਨਲ ਐੱਸ ਸੀ ਕਮਿਸ਼ਨ ਦਿੱਲੀ ਅਤੇ ਪੰਜਾਬ ਨੂੰ ਵੀ ਇਸ ਸੰਬੰਧੀ ਲਿਖਣਗੇ ।
1997 ਤੋਂ ਬਾਅਦ ਨਹੀਂ ਹੋਈ ਸਿੱਧੀ ਭਰਤੀ
ਪਨਸੀਡ ਵਿਭਾਗ ਦੇ ਰਿਕਾਰਡ ਅਨੁਸਾਰ ਸਾਲ 1997 ਤੋਂ ਬਾਅਦ ਕੋਈ ਵੀ ਸਿੱਧੀ ਭਰਤੀ ਨਹੀਂ ਹੋਈ ਹੈ । ਹੁਣ ਆਪਣੇ ਚਹੇਤੇ ਵਿਅਕਤੀ ਨੂੰ ਪੱਕਾ ਕਰਨ ਲਈ ਮਾਰਚ 2024 ਵਿਚ ਸਿੱਧੀ ਭਰਤੀ ਕੱਢੀ ਗਈ ਹੈ । ਵਰਨਣਯੋਗ ਹੈ ਕਿ ਪਨਸੀਡ ਵਿਭਾਗ ਵਿਚ ਕੁੱਲ 120 ਆਸਾਮੀਆਂ ਚੋਂ ਕਰੀਬ 90 ਪੋਸਟਾਂ ਖਾਲੀ ਪਈਆਂ ਹਨ । ਸੰਵਿਧਾਨਕ ਨਿਯਮਾਂ ਅਨੁਸਾਰ ਜੇਕਰ ਵਿਭਾਗ ਵਿਚ ਕੋਈ ਰੈਗੂਲਰ ਕਰਮਚਾਰੀ ਨਹੀਂ ਹੈ ਤਾਂ ਖੇਤੀਬਾੜੀ ਵਿਭਾਗ ਤੋਂ ਕਿਸੇ ਅਧਿਕਾਰੀ ਨੂੰ ਡੈਪੂਟੇਸ਼ਨ ਤੇ ਲੈਣਾ ਹੁੰਦਾ ਹੈ । ਪਰ ਪਨਸੀਡ ਦੀ ਅਚਾਨਕ ਨਰਮ ਸ਼ਰਤਾਂ ਨਾਲ ਕੱਢੀ ਗਈ ਖੇਤਰੀ ਪ੍ਰਬੰਧਕ ਦੀ ਆਸਾਮੀ ਵੱਡਾ ਸੁਆਲ ਚਿੰਨ੍ਹ ਖੜ੍ਹਾ ਕਰਦੀ ਹੈ ਕਿ ਕਿਤੇ ਨਾ ਕਿਤੇ ਦਾਲ ਵਿਚ ਕਾਲਾ ਜਰੂਰ ਹੈ।ਜਿਸ ਦੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਜ਼ੀਲੈਸ਼ ਬਿਊਰੋ ਤੋਂ ਕਰਵਾਉਣੀ ਚਾਹੀਦੀ ਹੈ।