ਰਿਚਾ ਨਾਗਪਾਲ, ਪਟਿਆਲਾ 21 ਅਪ੍ਰੈਲ 2024
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕਿਹਾ ਹੈ ਕਿ ਉਹ ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਸਗੋਂ ਜੇਕਰ ਉਹਨਾਂ ਕੋਲ ਅਧਿਕਾਰ ਹੈ ਤਾਂ ਉਹ ਤੁਰੰਤ ਟੋਲ ਪਲਾਜ਼ੇ ਬੰਦ ਕਰਵਾਉਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਡਾ. ਬਲਬੀਰ ਸਿੰਘ ਦੇ ਬਿਆਨ ’ਤੇ ਹੈਰਾਨ ਹਨ, ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਸਾਰੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜੇਤੂ ਰਹਿੰਦੇ ਹਨ ਤਾਂ ਉਹ ਸਾਰੇ ਕੌਮੀ ਮਾਰਗਾਂ ’ਤੇ ਸਥਿਤ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ । ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੌਮੀ ਸ਼ਾਹ ਮਾਰਗਾਂ ’ਤੇ ਟੋਲ ਪਲਾਜ਼ੇ ਕੇਂਦਰ ਸਰਕਾਰ ਦੇ ਅਦਾਰੇ ਐਨ ਐਚ ਏ ਆਈ ਯਾਨੀ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਨਾਲ ਹੋਏ ਐਗਰੀਮੈਂਟ ਮੁਤਾਬਕ ਚੱਲ ਰਹੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਟੋਲ ਪਲਾਜ਼ੇ ਉਦੋਂ ਹੀ ਬੰਦ ਹੋਣਗੇ ਜਦੋਂ ਸਮਝੌਤਿਆਂ ਮੁਤਾਬਕ ਇਹਨਾਂ ਦੀ ਮਿਆਦ ਖ਼ਤਮ ਹੋਵੇਗੀ।
ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਜਿਹੜੇ ਰਾਜ ਮਾਰਗਾਂ ਯਾਨੀ ਸਟੇਟ ਹਾਈਵੇਜ਼ ’ਤੇ ਜਿੰਨੇ ਵੀ ਟੋਲ ਪਲਾਜ਼ੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਉਣ ਦੇ ਦਾਅਵੇ ਕੀਤੇ ਹਨ, ਇਹ ਉਹ ਹੀ ਟੋਲ ਪਲਾਜ਼ੇ ਹਨ, ਜਿਹਨਾਂ ਦੀ ਮਿਆਦ ਖ਼ਤਮ ਹੋ ਗਈ ਸੀ । ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦੇ ਮੰਤਰੀ ਡਾ. ਬਲਬੀਰ ਸਿੰਘ ਵਿਚ ਦਮ ਹੈ ਤਾਂ ਉਹ ਵਾਲੇ ਟੋਲ ਪਲਾਜ਼ੇ ਬੰਦ ਕਰਵਾਉਣ ਜਿਹਨਾਂ ਦੀ ਮਿਆਦ ਹਾਲੇ ਬਾਕੀ ਹੈ।
ਉਹਨਾਂ ਕਿਹਾ ਕਿ ਜਿੱਥੇ ਡਾ. ਬਲਬੀਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਜਿੱਤ ਤੋਂ ਬਾਅਦ ਟੋਲ ਪਲਾਜ਼ੇ ਬੰਦ ਕਰਵਾਉਣਗੇ, ਉੱਥੇ ਹੀ ਲੋਕਾਂ ਨੂੰ ਬਲੈਕਮੇਲ ਕਰਨ ਦੀ ਥਾਂ ਉਹ ਪਹਿਲਾਂ ਹੀ ਟੋਲ ਪਲਾਜ਼ੇ ਬੰਦ ਕਰਵਾਕੇ ਲੋਕਾਂ ਤੋਂ ਵੋਟਾਂ ਕਿਉਂ ਨਹੀਂ ਮੰਗਦੇ ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਡਾ. ਬਲਬੀਰ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਲ 2022 ਵਾਂਗੂ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ । ਪਰ ਪੰਜਾਬੀ ਹੁਣ ਅਜਿਹਾ ਕਦੇ ਨਹੀਂ ਹੋਣ ਦੇਣਗੇ ਤੇ ਉਹ ਇਹਨਾਂ ਚੋਣਾਂ ਵਿਚ ਆਪ ਨੂੰ ਕਰਾਰੀ ਹਾਰ ਦੇਣਗੇ।