ਹਰਿੰਦਰ ਨਿੱਕਾ, ਬਰਨਾਲਾ 9 ਅਪ੍ਰੈਲ 2024
ਲੋਕ ਸਭਾ ਹਲਕਾ ਸੰਗਰੂਰ ਤੋਂ ਜਾਣ ਵਾਲਾ ਸਿੱਧਾ ਰਾਹ ਮੁੱਖ ਮੰਤਰੀ ਦੀ ਕੁਰਸੀ ਵੱਲ ਤਾਂ ਜਾਂਦੈ..! ਪਰ ਇਹ ਪੈਂਡਾ ਬਿਖੜਾ ਹੋਣ ਕਰਕੇ, ਇਸ ਚੋਟੀ ਦੀ ਕੁਰਸੀ ਤੇ ਪਹੁੰਚਣਾ, ਖਾਲ੍ਹਾ ਜੀ ਦਾ ਵਾੜਾ ਨਹੀਂ । ਇਤਿਹਾਸ ਦੇ ਝਰੋਖੇ ‘ਚੋਂ ਝਾਤੀ ਮਾਰਦਿਆਂ ਇਹ ਕੌੜਾ ਸੱਚ ਸਾਹਮਣੇ ਆਉਂਦੈ, ਕਿ ਹਾਲੇ ਤੱਕ ਇਹ ਪੈਂਡੇ ਨੂੰ ਸਰ ਕਰਨਾ, ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕਰਨ ਵਾਲੇ ਸਿਰਫ ਦੋ ਲੀਡਰਾਂ ਦੇ ਹਿੱਸੇ ਹੀ ਆਇਆ ਹੈ। ਇਹ ਰਾਹ (ਵਾਇਆ ਲੋਕ ਸਭਾ ਹਲਕਾ ਸੰਗਰੂਰ ) ਤੋਂ ਹੁੰਦਿਆਂ, ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ, ਸਭ ਤੋਂ ਪਹਿਲੀ ਵਾਰ ਸਵ. ਸੁਰਜੀਤ ਸਿੰਘ ਬਰਨਾਲਾ ਦੇ ਹਿੱਸੇ ਆਇਆ। ਇਹੋ ਇਤਿਹਾਸ ਨੂੰ ਇੱਕ ਵਾਰ ਫਿਰ ਦੁਬਾਰਾ, ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਕੁਰਸੀ ਤੱਕ ਅੱਪੜ ਕੇ ਸਾਲ 2022 ਵਿੱਚ ਦੁਹਰਾਇਆ।
ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕਰਨ ਵਾਲੇ ਨੁਮਾਇੰਦਿਆਂ ਦੀ ਸੂਚੀ ਨੂੰ ਫਰੋਲਦਿਆਂ ਪਤਾ ਲੱਗਦਾ ਹੈ ਕਿ ਜਿਹੜਾ ਲੀਡਰ, ਲਗਾਤਾਰ ਦੋ ਵਾਰ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਿੱਚ ਕਾਮਯਾਬ ਹੋਇਆ ਹੈ। ਉਸ ਨੂੰ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਮਾਣ ਪ੍ਰਾਪਤ ਹੋਇਆ। ਬੇਸ਼ੱਕ ਸਿਮਰਨਜੀਤ ਸਿੰਘ ਮਾਨ ਨੂੰ ਵੀ, ਦੋ ਵਾਰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਚੁਣਿਆ ਹੈ, ਪਰ ਉਹ ਲਗਾਤਾਰ ਦੋ ਵਾਰ ਇਹ ਸਫਤਲਾ ਹਾਸਿਲ ਕਰਨ ਤੋਂ ਖੁੰਝ ਗਏ। ਨਤੀਜੇ ਵਜੋਂ, ਉਨਾਂ ਦਾ ਸੂਬੇ ਦੇ ਮੁੱਖ ਮੰਤਰੀ ਬਣਨ ਦਾ ਮਨ ਵਿੱਚ ਸੰਜੋਇਆ ਸੁਪਨਾ ਹਾਲੇ ਤੱਕ ਵੀ ਸਾਕਾਰ ਨਹੀਂ ਹੋ ਸਕਿਆ।
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ 1977 ਵਿੱਚ ਪਹਿਲੀ ਵਾਰ ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕੀਤੀ। ਫਿਰ ਸਾਲ 1996 ਅਤੇ 1998 ਵਿੱਚ ਥੋਡ੍ਹੇ, ਜਿਹੇ ਵਕਫੇ ਨਾਲ ਉਪਰੋਥਲੀ ਹੋਈਆਂ, 2 ਲੋਕ ਸਭਾ ਚੋਣਾਂ ਵਿੱਚ ਲਗਾਤਾਰ ਦੋ ਵਾਰ ਜਿੱਤ ਦਰਜ ਕੀਤੀ ਸੀ । ਫਰਕ ਇਹ ਜਰੂਰ ਹੈ ਕਿ ਸੁਰਜੀਤ ਸਿੰਘ ਬਰਨਾਲਾ, ਪਹਿਲਾਂ ਸਾਲ 1985 ਵਿੱਚ ਮੁੱਖ ਮੰਤਰੀ ਬਣੇ ਸਨ। ਜਦੋਂਕਿ ਭਗਵੰਤ ਮਾਨ ਨੇ, ਆਪਣੇ ਰਾਜਨੀਤਿਕ ਸਫਰ ਦੀ ਸ਼ੁਰੂਆਤ ਹੀ ਸਾਲ 2014 ਵਿੱਚ ਪਹਿਲੀ ਵਾਰ ਮੈਬਰ ਪਾਰਲੀਮੈਂਟ ਬਣ ਕੇ ਕੀਤੀ । ਭਗਵੰਤ ਮਾਨ ਨੂੰ ਹਲਕੇ ਦੇ ਲੋਕਾਂ ਵੱਲੋਂ ਦੁਬਾਰਾ ਫਿਰ 2019 ਵਿੱਚ ਲਗਾਤਾਰ ਦੂਜੀ ਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣ ਲਿਆ ਗਿਆ। ਭਗਵੰਤ ਮਾਨ ਦਾ ਦੂਜਾ ਕਾਰਜਕਾਲ ਪੂਰਾ ਹੋਣ ਤੋਂ ਕਰੀਬ ਤਿੰਨ ਕੁ ਸਾਲ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ, ਵਿਧਾਨ ਸਭਾ ਹਲਕਾ ਧੂਰੀ ਦੇ ਲੋਕਾਂ ਨੇ, ਉਨਾਂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾ ਕੇ, ਵਿਧਾਨ ਸਭਾ ਵਿੱਚ ਭੇਜਿਆ ਤੇ ਉਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਹੈ ।
ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ , ਬੇਸ਼ੱਕ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਹਨ। ਪਰੰਤੂ ਉਨਾਂ ਆਪਣਾ ਰਾਜਸੀ ਸਫਰ, ਪਹਿਲੀ ਵਾਰ,1989 ਵਿੱਚ ਲੋਕ ਸਭਾ ਹਲਕਾ ਤਰਨਤਾਰਨ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਿਲ ਕਰਕੇ ਸ਼ੁਰੂ ਕੀਤਾ ਸੀ । ਉਨਾਂ ਨੂੰ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਕਰੀਬ 10 ਸਾਲ ਬਾਅਦ 1999 ਵਿੱਚ ਹੋਈਆਂ ਲੋਕ ਸਭਾ ਚੋਣਾਂ ਸਮੇਂ, ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਹਰਾ ਕੇ ਦਿੱਤਾ ਸੀ। ਫਿਰ ਸਿਮਰਨਜੀਤ ਸਿੰਘ ਮਾਨ ਨੂੰ 23 ਸਾਲ ਦੇ ਲੰਬੇ ਵਕਫੇ ਤੋਂ ਬਾਅਦ , ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਝੁੱਲੀ, ਹਨੇਰੀ ਦੇ ਦਰਮਿਆਨ, ਹੋਈ ਜਿਮਨੀ ਚੋਣ ਵਿੱਚ ਆਪਣਾ ਨੁਮਾਇੰਦਾ ਚੁਣ ਕੇ ਦੇ ਦਿੱਤਾ। ਵਰਨਣਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ, ਉਕਤ ਲੰਘੇ 23 ਵਰ੍ਹਿਆਂ ਦੌਰਾਨ, ਹੋਈ ਹਰ, ਲੋਕ ਸਭਾ ਚੋਣ ਵਿੱਚ ਹੀ ਆਪਣੀ ਕਿਸਮਤ ਅਜਮਾਈ ਕਰਦੇ ਰਹੇ ਸਨ । ਹੁਣ ਵੇਖਣਾ ਇਹ ਹੋਵੇਗਾ, ਕਿ ਹਲਕੇ ਦੇ ਲੋਕ ਲਗਾਤਾਰ ਦੂਜੀ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਨੁਮਾਇੰਦਾ ਚੁਣ ਕੇ, ਮੁੱਖ ਮੰਤਰੀ ਦੀ ਕੁਰਸੀ ਤੱਕ ਅਪੜਨ ਦਾ ਮੌਕਾ ਦੇਣਗੇ ਜਾਂ ਫਿਰ ਕੁੱਝ ਮੌਕਿਆਂ ਨੂੰ ਛੱਡ ਕੇ, ਲੱਗਭੱਗ ਹਰ ਵਾਰ ਦੀ ਤਰਾਂ ਹੀ ਆਪਣਾ ਨਵਾਂ ਨੁਮਾਇੰਦਾ ਚੁਣਨ ਦਾ ਇਤਿਹਾਸ ਹੀ ਦੁਹਰਾਉਣਗੇ।