ਹਰਿੰਦਰ ਨਿੱਕਾ, ਬਰਨਾਲਾ 1 ਅਪ੍ਰੈਲ 2024
ਲੰਘੀ ਕੱਲ੍ਹ ਪੁਲਿਸ ਵੱਲੋਂ ਸ਼ਹਿਰ ਦੀ ਨਾਮੀ ਫਰਮ (ਜਿੰਦਲ ਪਾਈਪ / ਟੰਡਨ ਕੰਪਲੈਕਸ) ਵਾਲਿਆਂ ਤੋਂ ਬਰਾਮਦ ਹੋਈ ਸ਼ਰਾਬ ਦੇ ਬਹੁਚਰਚਿਤ ਕੇਸ ਵਿੱਚ ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਫਰਮ ਦੇ ਮਾਲਿਕਾਂ ਖਿਲਾਫ ਨਜਾਇਜ਼ ਸ਼ਰਾਬ ਰੱਖਣ ਦੇ ਜੁਰਮ ਵਿੱਚ ਕੇਸ ਵੀ ਦਰਜ ਕਰ ਦਿੱਤਾ ਹੈ । ਪ੍ਰਾਪਤ ਵੇਰਵਿਆਂ ਮੁਤਾਬਿਕ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਨਸ਼ਿਆਂ ਖਿਲਾਫ ਲੰਘੀ ਕੱਲ੍ਹ ਵਿੱਢੀ ਵੱਡੀ ਮੁਹਿੰਮ ਤਹਿਤ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਵੱਖ ਵੱਖ ਥਾਣਿਆਂ ਵਿੱਚ ਕੁੱਲ 32 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿੱਚੋਂ ਇੱਕ ਕੇਸ ਹਰੀਸ਼ ਕੁਮਾਰ ਜਿੰਦਲ ਅਤੇ ਨਵੀਨ ਕੁਮਾਰ ਜਿੰਦਲ ਦੇ ਖਿਲਾਫ ਵੀ ਦਰਜ ਹੋਇਆ ਹੈ। ਜਦੋਂਕਿ ਉਕਤ ਦਰਜ਼ ਕੇਸਾਂ ਵਿੱਚੋਂ ਇੱਕ ਕੇਸ ਜੂਆ ਰੋਕੂ ਐਕਟ ਨਾਲ ਸਬੰਧਿਤ ਵੀ ਹੈ। ਪੁਲਿਸ ਵੱਲੋਂ ਨਸ਼ਿਆਂ ਸਬੰਧੀ ਦਰਜ ਕੇਸਾਂ ਵਿੱਚ ਨਾਮਜ਼ਦ ਦੋਸ਼ੀਆਂ ਦੇ ਕਬਜੇ ਵਿੱਚੋਂ ਨਜਾਇਜ਼ ਸ਼ਰਾਬ ਦੇਸੀ ਅਤੇ ਅੰਗਰੇਜੀ ਦੀਆਂ 910 ਬੋਤਲਾਂ, 1110 ਨਸ਼ੀਲੀਆਂ ਗੋਲੀਆਂ, 250 ਗ੍ਰਾਮ ਅਫੀਮ ਅਤੇ 50 ਲੀਟਰ ਲਾਹਨ ਦੀ ਬਰਾਮਦਗੀ ਵੀ ਕੀਤੀ ਗਈ ਹੈ। ਦਰਅਸਲ ਲੰਘੀ ਕੱਲ, ਸ਼ਰਾਬ ਫੜ੍ਹੇ ਜਾਣ ਦੇ ਮਾਮਲਿਆਂ ਵਿੱਚ ਸਭ ਤੋਂ ਵਧੇਰੇ ਚਰਚਿਤ ਮਾਮਲਾ ਜਿੰਦਲ ਪਾਈਪ ਵਾਲਿਆਂ ਦਾ ਹੀ ਰਿਹਾ ਸੀ। ਕਿਉਂਕਿ ਨਾਮਜ਼ਦ ਦੋਸ਼ੀਆਂ ਨੂੰ ਕੇਸ ਵਿੱਚ ਨਾਮਜ਼ਦ ਕਰਨ ਤੋਂ ਰੋਕਣ ਲਈ, ਸ਼ਹਿਰ ਦੇ ਕਾਫੀ ਮੋਹਤਬਰ ਵਿਅਕਤੀਆਂ ਅਤੇ ਹੋਰ ਰਸੂਖਦਾਰਾਂ ਨੇ ਆਪਣਾ ਪੂਰਾ ਟਿੱਲ ਲਾ ਰੱਖਿਆ ਸੀ। ਹੈਰਾਨੀਜਨਕ ਤੱਥ ਇਹ ਵੀ ਉੱਭਰ ਕੇ ਸਾਹਮਣੇ ਆਇਆ ਕਿ ਲੰਘੀ ਕੱਲ 32 ਕੇਸ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਮੀਡੀਆ ਨੂੰ ਹਰ ਦਿਨ ਭੇਜੀ ਜਾਂਦੀ ਕ੍ਰਾਈਮ ਰਿਪੋਰਟ ਭੇਜਣ ਤੋਂ ਵੀ ਟਾਲਾ ਹੀ ਵੱਟ ਲਿਆ।
ਕੀ ਹੈ ਜਿੰਦਲ ਫਰਮ ਵਾਲਿਆਂ ਤੇ ਦੋਸ਼…
ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ ਐਫ.ਆਈ.ਆਰ. ਨੰਬਰ 146 ਅਧੀਨ ਜੁਰਮ 61/1/14 ਐਕਸਾਈਜ ਐਕਟ ਵਿੱਚ ਮਾਮਲੇ ਦੇ ਤਫਤੀਸ਼ ਅਧਿਕਾਰੀ ਹੌਲਦਾਰ ਅਜ਼ੇ ਸਿੰਘ ਨੇ ਲਿਖਵਾਇਆ ਹੈ ਕਿ ਉਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਾਮਜ਼ਦ ਦੋਸ਼ੀ ਹਰੀਸ਼ ਕੁਮਾਰ ਪੁੱਤਰ ਭੀਮ ਸੈਨ ਵਾਸੀ ਅਹਾਤਾ ਨਰਾਇਣ ਸਿੰਘ ਵਾਲਾ ਬਰਨਾਲਾ ਅਤੇ ਨਵੀਨ ਕੁਮਾਰ ਪੁੱਤਰ ਭੀਮ ਸੈਨ ਵਾਸੀ ਗੋਬਿੰਦ ਕਲੋਨੀ ਬਰਨਾਲਾ, ਕਥਿਤ ਤੌਰ ਤੇ ਸ਼ਰਾਬ ਲਿਆ ਕੇ ਵੇਚਣ ਦੇ ਆਦੀ ਹਨ। ਇਹ ਦੋਵੇਂ ਜਣੇ ਅੱਜ (31 ਮਾਰਚ 2024 ) ਵੀ ਆਪਣੀ ਗੱਡੀ ਮਹਿੰਦਰਾ XUV 300 ਨੰਬਰੀ PB 19 D 0099 ਰੰਗ ਚਿੱਟਾ ਵਿੱਚ ਸ਼ਰਾਬ ਲਿਆ ਕੇ ਦਾਣਾ ਮੰਡੀ ਬਰਨਾਲਾ ਵਿਖੇ ਵੇਚਣ ਲਈ ਆਏ ਹੋਏ ਹਨ। ਇਤਲਾਹ ਭਰੋਸੇਯੋਗ ਹੋਣ ਕਾਰਣ, ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ। ਪੁਲਿਸ ਪਾਰਟੀ ਨੇ ਰੇਡ ਕਰਕੇ, ਨਾਮਜ਼ਦ ਦੋਸ਼ੀ ਹਰੀਸ਼ ਕਮੁਾਰ ਅਤੇ ਨਵੀਨ ਕੁਮਾਰ ਨੂੰ 36 ਬੋਤਲਾਂ ਸ਼ਰਾਬ ਅੰਗਰੇਜੀ ਅਤੇ ਉਕਤ ਗੱਡੀ ਸਮੇਤ ਗਿਰਫਤਾਰ ਕਰ ਲਿਆ ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਦੋਵਾਂ ਜਣਿਆਂ ਨੇ ਹਿੰਦੂ ਜੈਂਟਲਮੈਨ ਹੋਣ ਦੇ ਬਾਵਜੂਦ, ਆਪਣੇ ਸਿਰ ਤੇ ਪਰਨਾ ਬੰਨ੍ਹਕੇ ਆਪਣਾ ਹੁਲੀਆ ਹੀ ਬਦਲ ਲਿਆ ਤਾਂਕਿ ਉਨ੍ਹਾਂ ਦੀ ਕਿਸੇ ਨੂੰ ਪਹਿਚਾਣ ਨਾ ਹੋ ਸਕੇ। ਜਦੋਂਕਿ ਅਕਸਰ ਹੀ ਪੁਲਿਸ ਵਾਲੇ ਦੋਸ਼ੀਆਂ ਦਾ ਮੂੰਹ ਤਾਂ ਢੱਕ ਹੀ ਦਿੰਦੇ ਹਨ, ਇੱਨ੍ਹਾਂ ਨੇ ਸਿਰ ਵੀ ਢੱਕ ਲਿਆ।
10 ਜੁਆਰੀਆਂ ਤੋਂ ਫੜ੍ਹਿਆ 5 ਲੱਖ ਰੁਪੱਈਆ…
ਸੀ.ਆਈ.ਏ. ਬਰਨਾਲਾ ਦੇ ਏ.ਐਸ.ਆਈ. ਨਾਇਬ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਵਿੱਕੀ ਸਿੰਘ ਵਗੈਰਾ, ਜੈਮਲ ਸਿੰਘ ਵਾਲਾ ਰੋਡ ਪਰ ਬਣੇ ਰਾਜੂ ਦੇ ਸ਼ੈਲਰ ਵਿੱਚ ਬੈਠ ਕੇ ਸ਼ਰੇਆਮ ਤਾਸ਼ ਦੇ ਪੱਤਿਆਂ ਪਰ ਰੁਪੈ ਲਗਾ ਕੇ ਜੂਆ ਖੇਡਣ ਦੇ ਆਦੀ ਹਨ, ਜੋ ਰੇਡ ਕਰਨ ਪਰ, ਜੂਆ ਖੇਡਦੇ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਪੁਲਿਸ ਨੇ ਇਸ ਸਬੰਧੀ ਥਾਣਾ ਸ਼ਹਿਣਾ ਵਿਖੇ ਕੇਸ ਦਰਜ ਕਰਨ ਉਪਰੰਤ ਛਾਪਾਮਾਰੀ ਕਰਕੇ, ਵਿੱਕੀ ਸਿੰਘ ਵਾਸੀ ਭੀਖੀ, ਜ਼ੋਹਰ ਜਵਾਹਰ ਵਾਸੀ ਤਪਾ, ਰਿਪਨ ਕੁਮਾਰ ਨਿਹਾਲ ਸਿੰਘ ਵਾਲਾ, ਅਸ਼ੋਕ ਕੁਮਾਰ ਭੀਖੀ, ਅਸ਼ੋਕ ਕੁਮਾਰ ਮੌੜ ਪਟਿਆਲਾ , ਜਿਲ੍ਹਾ ਬਰਨਾਲਾ, ਨਾਜ਼ਰ ਸਿੰਘ ਰੂੜੇਕੇ ਕਲਾ, ਰਾਜ ਕੁਮਾਰ ਉਰਫ ਰਾਜੂ ਵਾਸੀ ਤਪਾ, ਨਰਿੰਦਰ ਸਿੰਘ ਭੀਖੀ ਅਤੇ ਅਨਿਲ ਕੁਮਾਰ ਉਰਫ ਨੀਲਾ ਵਾਸੀ ਨਿਹਾਲ ਸਿੰਘ ਵਾਲਾ ਨੂੰ ਗਿਰਫਤਾਰ ਕਰ ਲਿਆ। ਉਕਤ ਸਾਰਿਆਂ ਦੇ ਕਬਜੇ ਵਿੱਚੋਂ ਪੁਲਿਸ ਪਾਰਟੀ ਨੇ ਪੰਜ ਲੱਖ ਰੁਪਏ ਵੀ ਬਰਾਮਦ ਕੀਤੇ ਹਨ।
ਕਿਹੜਿਆਂ ਤੋਂ ਕੀ ਤੇ ਕਿੰਨ੍ਹਾਂ ਕੁੱਝ ਫੜ੍ਹਿਆ..