ਰਾਜੇਸ਼ ਗੋਤਮ, ਪਟਿਆਲਾ, 14 ਮਾਰਚ 2024
ਆਲ ਇੰਡੀਆ ਇੰਟਰ ਵਰਸਿਟੀ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਅਤੇ ਬਾਸਕਟਬਾਲ ਦੇ ਸੀਨੀਅਰ ਕੋਚ ਰੁਪੇਸ਼ ਕੁਮਾਰ ਬੇਗੜਾ ਨੂੰ ਪੰਜਾਬ ਸਰਕਾਰ ਨੇ ਬਤੌਰ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਵਿਖੇ ਨਿਯੁਕਤ ਕੀਤਾ ਹੈ। ਜਿਨ੍ਹਾਂ ਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਦੀ ਪਹਿਲੀ ਨਿਯੁਕਤੀ ਸਾਲ 2020 ਦੌਰਾਨ ਬਤੌਰ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਵਿਖੇ ਹੋਈ ਸੀ।
ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਨਵ ਨਿਯੁਕਤ ਜ਼ਿਲ੍ਹਾ ਖੇਡ ਅਧਿਕਾਰੀ ਰੁਪੇਸ਼ ਕੁਮਾਰ ਬੇਗੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਨਿਗਰਾਨੀ ਹੇਠ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ, ਸਪੈਸ਼ਲ ਸੈਕਟਰੀ ਡਾ. ਐੱਸ.ਪੀ. ਅਨੱਧਾ ਅਤੇ ਡਿਪਟੀ ਡਾਇਰੈਕਟਰ ਡਾ. ਪਰਮਿੰਦਰ ਸਿੰਘ ਅਤੇ ਏਡੀਐੱਸ ਰਣਵੀਰ ਸਿੰਘ ਭੰਗੂ ਅਗਵਾਈ ਹੇਠ ਖੇਡ ਵਿਭਾਗ ਪੰਜਾਬ ਲਗਾਤਾਰ ਬੁਲੰਦੀਆਂ ਛੂਹ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਸਿਰਜ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਹੈ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਪਾਇਆ ਹੈ ਜੋ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ।
ਉਨ੍ਹਾਂ ਅੱਗੇ ਆਖਿਆ ਕਿ ਪਟਿਆਲਾ ਜ਼ਿਲ੍ਹਾ ਖੇਡਾਂ ਪੱਖੋਂ ਕਾਫ਼ੀ ਅੱਗੇ ਹੈ ਇਸ ਲਈ ਪਟਿਆਲਾ ਜ਼ਿਲ੍ਹੇ ਵਿੱਚ ਨਿਯੁਕਤੀ ਨਾਲ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਉਹਨਾਂ ਕਿਹਾ ਕਿ ਉਹ ਜ਼ਿਲ੍ਹੇ ਭਰ ਦੇ ਕੋਚ ਸਾਹਿਬਾਨ ਅਤੇ ਖਿਡਾਰੀਆਂ ਨੂੰ ਹਰ ਪ੍ਰਕਾਰ ਦਾ ਸਾਜੋ ਸਮਾਨ ਪੰਜਾਬ ਸਰਕਾਰ ਪਾਸੋਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ ਤਾਂ ਜੋ ਜ਼ਿਲ੍ਹੇ ਦੇ ਵੱਡੀ ਗਿਣਤੀ ਖਿਡਾਰੀ ਵੱਖੋ ਵੱਖਰੀਆਂ ਖੇਡਾਂ ਵਿੱਚ ਮੱਲਾਂ ਮਾਰਦੇ ਹੋਏ ਵੱਧ ਤੋਂ ਵੱਧ ਗੋਲਡ ਮੈਡਲ ਹਾਸਲ ਕਰ ਸਕਣ।
ਜ਼ਿਕਰਯੋਗ ਹੈ ਕਿ ਖੇਡ ਅਧਿਕਾਰੀ ਰੁਪੇਸ਼ ਕੁਮਾਰ ਇਸ ਤੋਂ ਪਹਿਲਾਂ ਬਤੌਰ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ, ਮੋਹਾਲੀ ਅਤੇ ਬਠਿੰਡਾ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਐਸਐਮਓ ਪਾਤੜਾਂ ਡਾ. ਲਵਕੇਸ਼ ਕੁਮਾਰ, ਕਮਲਪ੍ਰੀਤ ਕੌਰ, ਸਾਬਕਾ ਪ੍ਰਿੰਸੀਪਲ ਮੰਜੂ ਭੱਟੀ, ਪ੍ਰਵੇਸ਼ ਕੁਮਾਰ, ਦਿਨੇਸ਼ ਕੁਮਾਰ, ਹਰਦੀਪ ਕੌਰ ਤੇ ਕੋਚ ਸਤਿੰਦਰ ਰਾਜੀ ਸਮੇਤ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ