ਹਲਕੇ ਦੇ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕਰਵਾਉਣਾ ਮੇਰੀ ਜਿੰਮੇਵਾਰੀ: ਸਿਮਰਨਜੀਤ ਸਿੰਘ ਮਾਨ
ਸੋਨੀ ਪਨੇਸਰ, ਬਰਨਾਲਾ12 ਮਾਰਚ 2024
ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕਾ ਭਦੌੜ ਦੇ ਪਿੰਡ ਭੈਣੀ ਜੱਸਾ ਵਿਖੇ ਬੱਸ ਅੱਡਿਆਂ ‘ਤੇ ਲੋਕਾਂ ਦੀ ਸਹੂਲਤ ਲਈ ਐਮ.ਪੀ. ਕੋਟੇ ਵਿੱਚੋਂ ਬਣਾਏ ਦੋ ਸ਼ੈਡਾਂ ਦਾ ਉਦਘਾਟਨ ਕੀਤਾ ਗਿਆ | ਇਸ ਤੋਂ ਪਹਿਲਾਂ ਪਿੰਡ ਪਹੁੰਚਣ ‘ਤੇ ਪਿੰਡ ਵਾਸੀਆਂ ਵੱਲੋਂ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ |
ਉਦਘਾਟਨ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਵਾਉਣਾ ਮੇਰੀ ਜਿੰਮੇਵਾਰੀ ਹੈ | ਉਨ੍ਹਾਂ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦਾ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ | ਜਿੱਥੇ ਅਨੇਕਾਂ ਵੱਡੇ ਪ੍ਰੋਜੈਕਟ ਹਲਕੇ ਵਿੱਚ ਲਿਆਂਦੇ ਗਏ ਹਨ, ਉੱਥੇ ਹੀ ਬਿਨ੍ਹਾਂ ਪੱਖਪਾਤ ਤੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਗ੍ਰਾਂਟਾ ਵੰਡੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਬੱਸ ਅੱਡਿਆਂ ‘ਤੇ ਸ਼ੈਡ ਨਾ ਬਣੇ ਹੋਣ ਕਰਕੇ ਬੱਸਾਂ ਦਾ ਇੰਤਜਾਰ ਕਰਨ ਵਾਲੀਆਂ ਸਵਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਹੁਣ ਦੋਵੇਂ ਅੱਡਿਆਂ ‘ਤੇ ਸ਼ੈਡ ਬਨਣ ਨਾਲ ਪੂਰੇ ਪਿੰਡ ਵਾਸੀਆਂ ਨੂੰ ਲਾਭ ਹੋਵੇਗਾ | ਮੀਂਹ ਅਤੇ ਕੜਕਦੀ ਧੁੱਪ ਤੋਂ ਬਚਣ ਲਈ ਇਹ ਸ਼ੈਡ ਕਾਫੀ ਮੱਦਦਗਾਰ ਸਾਬਤ ਹੋਣਗੇ |
ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਦੇ ਪ੍ਰਧਾਨ ਗੁਰਤੇਜ ਸਿੰਘ, ਸਰਪੰਚ ਗੁਰਮੁੱਖ ਸਿੰਘ ਤੇ ਸਮੁੱਚੀ ਪੰਚਾਇਤ, ਸੁਖਪਾਲ ਸਿੰਘ ਛੰਨਾ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਸਮੁੱਚੀ ਪਿੰਡ ਇਕਾਈ ਸਮੇਤ ਹੋਰ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ |