ਰਘਵੀਰ ਹੈਪੀ, ਬਰਨਾਲਾ 12 ਮਾਰਚ 2024
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਨੂੰ ਨਸ਼ਾ ਮੁਕਤ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ ਦੇ ਸਰਕਾਰੀ ਸਕੂਲ ਵਿਖੇ ਐਮ.ਪੀ. ਕੋਟੇ ਵਿੱਚ ਲਗਾਏ ਗਏ ਜਿੰਮ ਦਾ ਉਦਘਾਟਨ ਕੀਤਾ ਗਿਆ |
ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਸਹੀ ਸੇਧ ਦੇਣ ਵਿੱਚ ਮਾਪਿਆਂ ਤੋਂ ਬਾਅਦ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਸਕੂਲ ਦਾ ਸਮੁੱਚਾ ਸਟਾਫ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ |
ਸ. ਮਾਨ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਬਹੁਤ ਵੱਡੀ ਚੁਣੌਤੀ ਹੈ | ਕੁਝ ਲੋਕ ਸਮੇਂ ਦੀ ਘਾਟ ਅਤੇ ਕੁਝ ਲੋਕ ਪੈਸੇ ਦੀ ਘਾਟ ਕਰਕੇ ਸਿਹਤਮੰਦ ਰਹਿਣ ਦੀ ਚੁਣੌਤੀ ਨੂੰ ਪੂਰਾ ਨਹੀਂ ਕਰ ਪਾਉਂਦੇ | ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਹਲਕੇ ਵਿੱਚ ਵੱਧੋ ਵੱਧ ਜਿੰਮ ਅਤੇ ਖੇਡ ਕਿੱਟਾਂ ਦਿੱਤੀਆਂ ਜਾਣ, ਤਾਂ ਜੋ ਨਿੱਜੀ ਜਿੰਮਾਂ ਵਿੱਚ ਬਿਨ੍ਹਾਂ ਪੈਸੇ ਖਰਚੇ ਲੋਕ ਖੁਦ ਨੂੰ ਤੰਦਰੁਸਤ ਰੱਖ ਸਕਣ | ਨਸ਼ਿਆਂ ਦੇ ਰੁਝਾਨ ਨੂੰ ਖਤਮ ਕਰਨ ਲਈ ਸਾਡੇ ਵੱਲੋਂ ਖੇਡ ਕਿੱਟਾਂ ਵੀ ਵੱਡੇ ਪੱਧਰ ‘ਤੇ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਸਾਡੇ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਮੁੜ ਤੋਂ ਰੌਣਕ ਪਰਤ ਸਕੇ ਅਤੇ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੇ ਸ਼ਰਾਪ ਤੋਂ ਮੁਕਤ ਹੋ ਸਕੇ | ਇਸ ਮੌਕੇ ਹਾਜਰ ਪਿੰਡ ਵਾਸੀਆਂ ਵੱਲੋਂ ਐਮ.ਪੀ. ਸ. ਮਾਨ ਦਾ ਸਨਮਾਨ ਵੀ ਕੀਤਾ ਗਿਆ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸੀਨੀਅਰ ਕੁਲਵਿੰਦਰ ਸਿੰਘ ਕਾਹਨੇਕੇ, ਅਜਾਇਬ ਸਿੰਘ ਫੱਤਾ, ਸਰਕਲ ਪ੍ਰਧਾਨ ਗੁਰਮੇਲ ਸਿੰਘ ਰੁੜੇਕੇ, ਸਮੁੱਚੀ ਜਥੇਬੰਦੀ ਪਿੰਡ ਧੂਰਕੋਟ, ਸਮੂਹ ਸਕੂਲ ਸਟਾਫ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ |