ਟ੍ਰੈਫਿਕ ਸਮੱਸਿਆ ਦੇ ਸੁਧਾਰ ਲਈ,ਹੁਣ ਹਰਕਤ ‘ਚ ਆ ਗਈ ਟ੍ਰੈਫਿਕ ਪੁਲਿਸ
ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024
ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਤੇ ਲੱਗ ਰਹੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ, ਹੁਣ ਟ੍ਰੈਫਿਕ ਪੁਲਿਸ ਹਰਕਤ ਵਿੱਚ ਆ ਗਈ ਹੈ । ਇਸ ਸਮੱਸਿਆ ਦੇ ਹੱਲ ਅਤੇ ਸ਼ਹਿਰੀਆਂ ਤੋਂ ਸਹਿਯੋਗ ਲੈਣ ਦੀ ਉਮੀਦ ਨਾਲ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਅਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੇ ਅੱਜ ਨਗਰ ਕੌਂਸਲ ਦਫਤਰ ਬਰਨਾਲਾ ਵਿਖੇ ਵਪਾਰੀਆਂ ਤੇ ਕੁੱਝ ਚੁਨਿੰਦਾ ਕੌਂਸਲਰਾਂ ਨਾਲ ਮੀਟਿੰਗ ਕਰਕੇ, ਉਨਾਂ ਤੋਂ ਸਹਿਯੋਗ ਮੰਗਿਆ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਭਾਜਪਾ ਆਗੂ ਨਰਿੰਦਰ ਗਰਗ ਨੀਟਾ, ਆਮ ਆਦਮੀ ਪਾਰਟੀ ਦੇ ਮੋਹਰੀ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ @ ਬੰਟੀ, ਆਪ ਕੌਂਸਲਰ ਮਲਕੀਤ ਸਿੰਘ, ਧਰਮਿੰਦਰ ਸਿੰਘ ਸ਼ੰਟੀ ਅਤੇ ਅਜਾਦ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਆਦਿ ਅਤੇ ਵਪਾਰ ਮੰੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ, ਮੋਨੂੰ ਅਤੇ ਕੁੱਝ ਹੋਰ ਵਪਾਰੀ ਮੌਜੂਦ ਰਹੇ। ਮੀਟਿੰਗ ਵਿੱਚ ਸ਼ਹਿਰ ਅੰਦਰ ਲੱਗਦੇ ਟ੍ਰੈਫਿਕ ਜਾਮ ਲਈ, ਨਜਾਇਜ ਕਬਜਿਆਂ ਕਾਰਣ, ਤੰਗ ਹੋਏ ਬਜ਼ਾਰ ਅਤੇ ਸ਼ਹਿਰ ‘ਚ ਪਾਰਕਿੰਗ ਦਾ ਕੋਈ ਉਚਿਤ ਪ੍ਰਬੰਧ ਨਾਲ ਹੋਣ ਦਾ ਮੁੱਦਾ ਪ੍ਰਮੁੱਖ ਤੌਰ ਤੇ ਗੂੰਜਿਆ। ਇਸ ਤੋਂ ਇਲਾਵਾ ਦਿਨ ਵੇਲੇ ਬਜਾਰਾਂ ਵਿੱਚ ਭਾਰੀ ਵਹੀਕਲਾਂ ਦੀ ਬੇਰੋਕ-ਟੋਕ ਆਵਾਜਾਈ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ। ਮੀਟਿੰਗ ਵਿੱਚ ਮੌਜੂਦ ਕੁੱਝ ਨੁਮਾਇੰਦਿਆਂ ਨੇ ਇਹ ਵੀ ਕਿਹਾ ਕਿ ਕੇਵਲ ਮੀਟਿੰਗਾਂ ਕਰਨ ਨਾਲ ਹੀ, ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਮੀਟਿੰਗਾਂ ਤਾਂ ਹੁੰਦੀਆਂ ਹੀ ਰਹੀਆਂ ਹਨ, ਪਰ ਸਮੱਸਿਆ ,ਥਾਂ ਦੀ ਥਾਂ ਖੜ੍ਹੀ ਹੈ। ਬੇਸ਼ੱਕ ਪਾਰਕਿੰਗ ਲਈ, ਕੋਈ ਥਾਂ ਨਿਸਚਿਤ ਨਹੀਂ ਹੋ ਸਕੀ। ਫਿਰ ਵੀ ਵਪਾਰੀ ਆਗੂਆਂ ਅਤੇ ਮੀਟਿੰਗ ਵਿੱਚ ਸ਼ਾਮਿਲ ਕੌਂਸਲਰਾਂ ਨੇ ਟ੍ਰੈਫਿਕ ਕੰਟਰੋਲ ਕਰਨ ਲਈ, ਆਪਣੇ ਵੱਲੋਂ ਟ੍ਰੈਫਿਕ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ DSP Traffic Manjit Singh ਅਤੇ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੇ ਸਮੂਹ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਲਈ, ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਣ, ਤਾਂ ਹੀ ਸ਼ਹਿਰ ਅੰਦਰ ਆਵਾਜ਼ਾਈ ਦਾ ਸੁਚਾਰੂ ਪ੍ਰਬੰਧ ਰਹਿ ਸਕਦਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਸਦਰ ਬਜਾਰ, ਹੰਡਿਆਇਆ ਬਜਾਰ ਅਤੇ ਫਰਵਾਹੀ ਬਜ਼ਾਰ ਵਿੱਚ ਲੱਗੀ ਪੀਲੀ ਪੱਟੀ ਦਾ ਪਾਲਣ ਕਰਦੇ ਹੋਏ, ਕੋਈ ਵੀ ਵਹੀਕਲ ਬਜ਼ਾਰਾਂ ਵਿੱਚ ਲੱਗੀ ਪੱਟੀ ਤੋਂ ਬਾਹਰ ਨਾ ਖੜਾਇਆ ਜਾਵੇ, ਜੇਕਰ ਨਿਯਮਾਂ ਦਾ ਉਲੰਘਣ ਕਰਕੇ, ਕੋਈ ਵਹੀਕਲ ਪੀਲੀ ਪੱਟੀ ਤੋਂ ਬਾਹਰ ਖੜਾ ਮਿਲਿਆ ਤਾਂ ਪਹਿਲਾਂ, ਉਸ ਨੂੰ ਵਹੀਕਲ ਹਟਾਉਣ ਲਈ ਵਾਰਨਿੰਗ ਦਿੱਤੀ ਜਾਵੇਗੀ, ‘ਤੇ ਫਿਰ ਚਲਾਨ ਕੱਟਿਆ ਜਾਵੇਗਾ। ਭਾਰ ਢੋਣ ਵਾਲੇ ਵਹੀਕਲ ਟ੍ਰੈਕਟਰ ਟਰਾਲੀਆਂ ਵਗੈਰਾ ਲਈ, ਬਜਾਰਾਂ ਤੋਂ ਬਾਹਰ ਸ਼ੇਰਪੁਰ ਇਲਾਕੇ ਵੱਲੋਂ ਆਉਂਦੇ ਭਾਰ ਢੋਣ ਵਾਲੇ ਵਹੀਕਲ ਘਡੂੰਆਂ ਰੋਡ ਖੇਤਰ ‘ਚ, ਧਨੌਲਾ ਵੱਲੋਂ ਆਉਣ ਵਾਲੇ ਧਨੌਲਾ ਰੋਡ ਤੇ ਨਿਊ ਸਿਨੇਮੇ ਨੇੜੇ,ਭਦੌੜ ਵੱਲੋਂ ਆਉਂਦੇ ਭਾਰ ਢੋਣ ਵਾਲੇ ਵਹੀਕਲ ਦਾਨਾ ਮੰਡੀ ਵਿੱਚ ਹੀ ਖੜ੍ਹੇ ਕੀਤੇ ਜਾਣ।