ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024
ਪੰਜਾਬ ਅੰਦਰ ਬੇਰੁਜ਼ਗਾਰੀ ਦਾ ਮੁੱਦਾ ਪਿਛਲੀ ਕਾਂਗਰਸ ਸਰਕਾਰ ਵਾਂਗ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੀ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ। ਕਾਂਗਰਸ ਨੇ ਘਰ- ਘਰ ਰੁਜ਼ਗਾਰ ਦੇਣ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਜਿਸ ਦੇ ਖ਼ਿਲਾਫ਼ ਬੇਰੁਜ਼ਗਾਰਾਂ ਵੱਲੋ ਰੁਜ਼ਗਾਰ ਨਹੀਂ,ਵੋਟ ਨਹੀਂ ਮੁਹਿੰਮ ਚਲਾਈ ਗਈ ਸੀ। ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਹਾਲੇ ਤੱਕ ਵਫਾ ਨਾ ਹੋਣ ਦੇ ਰੋਸ ਵਿੱਚ ਬੇਰੁਜ਼ਗਾਰ ਸਾਂਝੇ (ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਪਰ ਆਧਾਰਿਤ)ਮੋਰਚੇ ਨੇ ਮੁੜ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਜ਼ਰ ਪੰਜਾਬ ਅੰਦਰ ਸੱਤਾਧਾਰੀ ਪਾਰਟੀ ਖਿਲਾਫ ” ਰੁਜ਼ਗਾਰ ਨਹੀਂ , ਵੋਟ ਨਹੀਂ” ਮੁਹਿੰਮ ਵਿੱਢ ਦਿੱਤੀ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੋਰਚੇ ਦੇ ਆਗੂ ਵਰਿੰਦਰ ਸਿੰਘ ਡਕੌਂਦਾ ਦੀ ਅਗਵਾਈ ਵਿੱਚ ਪਿੰਡ ਬਾਰਨ ਵਿਖੇ ਪਿੰਡ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਬੇਰੁਜ਼ਗਾਰ ਵਿਰੋਧੀ ਨੀਤੀਆਂ ਅਤੇ ਬੇਰੁਜ਼ਗਾਰਾਂ ਉੱਤੇ ਢਾਹੇ ਜਾ ਰਹੇ ਜ਼ਬਰ ਤੋ ਜਾਣੂ ਕਰਵਾਇਆ। ਉਹਨਾਂ ਲੋਕਾਂ ਨੂੰ ਸੱਤਾਧਾਰੀ ਧਿਰ ਦੇ ਬਾਈਕਾਟ ਦਾ ਸੱਦਾ ਦਿੱਤਾ। ਇਸ ਮੌਕੇ ਸਾਹਿਬ ਸਿੰਘ,ਹੁਸਨ ਸਿੰਘ,ਕਰਨ ਸਿੰਘ,ਮਨਪ੍ਰੀਤ ਸਿੰਘ,ਜਗਦੀਪ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਬੇਰੁਜ਼ਗਾਰ ਸਾਂਝਾ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ
1 – ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਪੰਜਾਬ
2 – ਬੇਰੁਜ਼ਗਾਰ ਬੀ ਐਡ ਟੈੱਟ ਪਾਸ ਓਵਰ ਏਜ਼ ਯੂਨੀਅਨ
3 – ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ
4 – ਬੇਰੁਜ਼ਗਾਰ ਬੀ ਐਡ ਟੈੱਟ ਪਾਸ ਮੈਥ/ ਸਾਇੰਸ ਅਧਿਆਪਕ ਯੂਨੀਅਨ
5 – ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ
ਮੰਗਾਂ –
1-ਸਾਰੀਆਂ ਭਰਤੀਆਂ ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਉਮੀਦਵਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਅਤੇ ਭਰਤੀ ਨਿਯਮਾਂ ਵਿੱਚ ਸੋਧ ਕਰਕੇ ਭਰਤੀ ਦੀ ਹੇਠਲੀ ਅਤੇ ਉਪਰਲੀ ਉਮਰ ਸੀਮਾ ਵਿਚ 5 ਸਾਲ ਦਾ ਵਾਧਾ ਕੀਤਾ ਜਾਵੇ।
2 – ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
3 – ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
4 – ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਲਈ ਜਾਰੀ ਪੋਸਟਾਂ ਦਾ ਪੇਪਰ ਤੁਰੰਤ ਲਿਆ ਜਾਵੇ ਅਤੇ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
5 – ਲੈਕਚਰਾਰ ਦੀ ਭਰਤੀ ਕੀਤੀ ਜਾਵੇ।