ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ “ਵਿਸ਼ਵ ਗੁਲੋਕੋਮਾ ਹਫ਼ਤਾ”
ਰਘਵੀਰ ਹੈਪੀ, ਬਰਨਾਲਾ, 12 ਮਾਰਚ 2024
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ “ ਵਿਸ਼ਵ ਗਲੂਕੋਮਾ ਹਫਤਾ” ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਮਿਤੀ 10 ਤੋਂ 16 ਮਾਰਚ ਤੱਕ ਆਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ੇਸ਼ ਹਫ਼ਤੇ ਦੌਰਾਨ ਲੋਕਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਹਸਪਤਾਲ , ਸਬ ਡਵਿਜਨਲ ਹਸਪਤਾਲ ਵਿੱਚ ਕਾਲੇ ਮੋਤੀਏ ਦੇ ਮਰੀਜ਼ਾਂ ਦੀ ਸ਼ਨਾਖਤ ਲਈ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ।
ਡਾ.ਹਰਿੰਦਰ ਸ਼ਰਮਾ ਨੇ ਦੱਸਿਆ ਕਿ ਭਾਰਤ ਵਿੱਚ ਕਾਲਾ ਮੋਤੀਆ ਸਥਾਈ ਨੇਤਰਹੀਨਤਾ ਦੇ ਮੁੱਖ ਕਾਰਨਾਂ ਵਿੱਚੋਂ ਮੁੱਖ ਕਾਰਨ ਹੈ। ਕਾਲੇ ਮੋਤੀਏ ਦੇ ਲੱਛਣਾਂ ਵਿੱਚ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਨੰਬਰ ਵਾਰ-ਵਾਰ ਬਦਲਣਾ, ਰੌਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਨਾਲ ਨਜ਼ਰ ਦਾ ਅਚਾਨਕ ਘਟਨਾ, ਨਿਗ੍ਹਾ ਦਾ ਸੀਮਿਤ ਹੋਣਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ ਤਾਂ ਕਾਲੇ ਮੋਤੀਏ ਦਾ ਇਲਾਜ਼ ਸੰਭਵ ਹੈ।
ਇਸ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਮਨੋਹਰ ਲਾਲ ਸਹਾਇਕ ਸਿਵਲ ਸਰਜਨ ਬਰਨਾਲਾ ਨੇ ਵਿਸ਼ੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਆਪਣੀਆਂ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਮੇਂ ਸਿਰ ਕਾਲੇ ਮੋਤੀਏ ਦੀ ਪਛਾਣ ਕਰਕੇ ਇਸ ਦਾ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਗੁਲੋਕੋਮਾ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਕਾਲੇ ਮੋਤੀਏ ਤੋਂ ਪੀੜਿਤ ਹੋਵੇ ਜਾਂ ਕੋਈ ਵਿਅਕਤੀ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋਵੇ। ਇਸ ਤੋਂ ਇਲਾਵਾ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਵਧੇਰੇ ਸਟੀਰਾਇਡ ਵਰਤਣ ਵਾਲਿਆਂ ਨੂੰ ਵੀ ਇਸ ਰੋਗ ਤੋਂ ਚੌਕਸ ਰਹਿਣ ਦੀ ਜਰੂਰਤ ਹੁੰਦੀ ਹੈ।