ਹਰਿੰਦਰ ਨਿੱਕਾ, ਪਟਿਆਲਾ 6 ਮਾਰਚ 2024
ਸ਼ਹਿਰ ਦੇ ਅਨਾਰਦਾਨਾ ਚੋਂਕ ‘ਚ ਸਾਧੂ ਦੇ ਭੇਸ ਵਿੱਚ ਟੱਕਰੇ ਇੱਕ ਬਾਬੇ ਨੇ ਰਾਹਗੀਰ ਸ਼ਰਧਾਲੂ ਨੂੰ ਅਜਿਹੀ ਕਰਾਮਾਤ ਦਿਖਾਈ ਕਿ ਉਹ ਬਾਬੇ ਦੀਆਂ ਕਰਾਮਾਤੀ ਗੱਲਾਂ ਵਿੱਚ ਆ ਕੇ, ਆਪਣਾ ਲੱਖਾਂ ਰੁਪਏ ਦਾ ਸੋਨਾ ਵੀ ਗੁਆ ਬੈਠਾ। ਜਦੋਂ ਤੱਕ ਉਹ ਨੂੰ ਪਤਾ ਲੱਗਿਆ,ਉਦੋਂ ਤੱਕ ਬਾਬੇ ਹੋਰੀਂ ਖੁਦ ਫੁਰਰ ਹੋ ਗਏ। ਪੁਲਿਸ ਨੇ ਅਣਪਛਾਤੇ ਬਾਬੇ ਅਤੇ ਉਸ ਦੇ ਸ਼ਰਧਾਲੂ ਬਣ ਕੇ ਠੱਗੀ ‘ਚ ਹਿੱਸੇਦਾਰ ਜੋੜੀ ਦੇ ਖਿਲਾਫ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਹ ਘਟਨਾ ਬੇਸ਼ੱਕ 23 ਨਵੰਬਰ 2023 ਨੂੰ ਵਾਪਰੀ,ਪਰ ਪੁਲਿਸ ਨੇ ਕੇਸ ਤਾਜ਼ਾ ਹੀ ਦਰਜ ਕੀਤਾ ਹੈ।
ਕੀ ਤੇ ਕਿਵੇਂ ਵਾਪਰਿਆ ਸਾਰਾ ਘਟਨਾਕ੍ਰਮ…
ਸ਼ਹਿਰ ਦੀ ਸੰਜੇ ਕਲੋਨੀ ਦੇ ਰਹਿਣ ਵਾਲੇ ਅਤੇ ਨਗਰ ਨਿਗਮ ਪਟਿਆਲਾ ਦੇ ਰਿਟਾਇਰਡ ਕਰਮਚਾਰੀ ਓਮ ਗੋਪਾਲ ਪੁੱਤਰ ਸਾਉਣ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਮਿਤੀ 23.11.2023 ਨੂੰ ਦੁਪਿਹਰ ਸਮੇਂ ਆਪਣੇ ਦੋਹਤੇ ਨੂੰ ਸਕੂਟਰੀ ਪਰ ਫੀਲਖਾਨਾ ਸਕੂਲ ਚਾਂਦਨੀ ਚੌਂਕ ਪਟਿਆਲਾ ਵਿਖੇ ਛੱਡ ਕੇ ਅਨਾਰਦਾਨਾ ਚੌਕ ਪਟਿਆਲਾ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਫੋਨਜੋਨ ਪਾਸ ਪੁੱਜਾ ਤਾਂ ਇੱਕ ਵਿਅਕਤੀ ਉਮਰ ਕਰੀਬ 40/45 ਸਾਲ, ਉਸ ਦੇ ਪਾਸ ਆ ਕੇ ਰੁੱਕ ਗਿਆ। ਜਿਸ ਨੇ ਸਾਧ/ਬਾਬਿਆਂ ਵਰਗੇ ਕੱਪੜੇ ਪਾਏ ਹੋਏ ਸੀ ਅਤੇ ਮੁਦਈ ਤੋਂ ਕਾਲੀ ਮਾਤਾ ਮੰਦਰ ਪਟਿਆਲਾ ਦਾ ਰਾਹ ਪੁੱਛਣ ਲੱਗ ਪਿਆ । ਮੁਦਈ, ਉਸ ਨੂੰ ਹਾਲੇ ਮੰਦਰ ਜਾਣ ਦਾ ਰਸਤਾ ਹੀ ਦੱਸ ਰਿਹਾ ਸੀ ਤਾਂ ਇੰਨੇ ਵਿੱਚ ਮੋਟਰ ਸਾਇਕਲ ਤੇ ਸਵਾਰ ਇੱਕ ਲੜਕਾ ਜਿਸ ਦੀ ਉਮਰ ਕਰੀਬ 35 ਸਾਲ ਅਤੇ ਉਸ ਦੇ ਨਾਲ ਇੱਕ ਔਰਤ ਜਿਸ ਦੀ ਉਮਰ ਕਰੀਬ 35/40 ਸਾਲ ਸਰੀਰ ਭਰਵਾਂ ਸੀ ਵੀ ਆ ਕੇ ਰੁਕ ਗਏ । ਉਨ੍ਹਾਂ ਦੋਵਾਂ ਜਣਿਆਂ ਨੇ ਆਪਣਾ ਮੋਟਰ ਸਾਇਕਲ, ਮੁਦਈ ਦੀ ਸਕੂਟਰੀ ਅੱਗੇ ਲਗਾ ਲਿਆ ਅਤੇ ਦੋਵੇਂ ਜਣੇ ਮੇਰੇ ਪਾਸ ਖੜ੍ਹੇ ਬਾਬੇ ਨੂੰ ਮੱਥਾ ਟੇਕਣ ਲੱਗ ਪਏ ਅਤੇ ਕਹਿਣ ਲੱਗੇ ਪਏ ਕਿ ਤੁਸੀਂ ਕਿੱਥੇ ਚਲੇ ਗਏ ਸੀ, ਤੁਸੀਂ ਤਾਂ ਬਹੁਤ ਕਰਨੀ ਵਾਲੇ ਹੋ। ਮੁਦਈ ਵੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਥੋੜਾ ਪ੍ਰਭਾਵਿਤ ਹੋ ਗਿਆ ।
ਇਸੇ ਦੌਰਾਨ ਉਹ ਬਾਬਾ , ਮੁਦਈ ਨੂੰ ਕੋਲ ਖੜ੍ਹੇ ਦੋ ਜਣਿਆਂ ਤੋਂ ਇੱਕ ਪਾਸੇ ਸਾਇਡ ਪਰ ਲੈ ਗਿਆ ਅਤੇ ਕਹਿਣ ਲੱਗਾ ਕਿ ਬੱਚਾ ਮੈਂ ਤੇਰਾ ਮੱਥਾ ਪੜ੍ਹ ਲਿਆ, ਤੂੰ ਮੇਰੀਆਂ ਅੱਖਾਂ ਵਿੱਚ ਦੇਖ, ਮੈਂ ਤੈਨੂੰ ਅੱਜ ਅਜਿਹੀ ਚੀਜ ਦੇਵਾਂਗਾ, ਜਿਸ ਨਾਲ ਤੈਨੂੰ ਭਵਿੱਖ ਵਿੱਚ ਹਰ ਕੰਮ ਵਿੱਚ ਮੁਨਾਫਾ ਹੀ ਮੁਨਾਫਾ ਹੋਵੇਗਾ, ਤੂੰ ਆਪਣਾ ਕੜਾ ਸੋਨਾ, ਅਤੇ ਅੰਗੂਠੀ ਸੋਨਾ ਉਤਾਰ ਕੇ ਰੁਮਾਲ ਵਿੱਚ ਬੰਨ੍ਹ ਕੇ ਮੈਨੂੰ ਫੜ੍ਹਾ, ਤੇ ਮੈ ਤੈਨੂੰ ਮੰਤਰ ਪੜ੍ਹ ਕੇ ਦੁਬਾਰਾ ਵਾਪਸ ਫੜ੍ਹਾ ਦੇਵਾਂਗਾ, ਤਾਂ ਮੁਦਈ ਉਸ ਬਾਬੇ ਦੀਆਂ ਗੱਲਾਂ ਵਿੱਚ ਆ ਗਿਆ । ਬਾਬੇ ਨੇ ਆਪਣੇ ਹੱਥ ਪਰ ਇੱਕ ਗੋਲਡਨ ਕੱਲਰ ਦਾ ਰੁਮਾਲ ਕੱਢ ਲਿਆ ਅਤੇ ਮੁਦਈ ਨੂੰ ਕਿਹਾ ਕਿ ਕੜਾ ਅਤੇ ਮੁੰਦਰੀ ਇਸ ਵਿੱਚ ਰੱਖ ਦੇਹ । ਇੰਨੇਂ ਵਿੱਚ ਹੀ ਕੋਲ ਖੜ੍ਹੇ ਲੜਕੇ ਅਤੇ ਔਰਤ ਵੀ ਸਾਡੇ ਪਾਸ ਆ ਗਏ । ਉਸ ਲੜਕੇ ਨੇ ਆਪਣਾ ਕੜਾ ਅਤੇ ਅੰਗੂਠੀ ਉਤਾਰ ਲਏ ਤੇ ਬਾਬੇ ਨੂੰ ਕਹਿਣ ਲੱਗੇ ਕਿ ਬਾਬਾ ਜੀ ਪਹਿਲਾਂ ਕਰਾਂਮਤੀ ਰੁਮਾਲ ਸਾਨੂੰ ਦਿਓ ਅਤੇ ਉਸ ਨੇ ਆਪਣਾ ਕੜਾ ਅਤੇ ਅੰਗੂਠੀ ਬਾਬੇ ਦੇ ਹੱਥ ਵਿੱਚ ਫੜ੍ਹੇ ਰੁਮਾਲ ਵਿੱਚ ਰੱਖ ਦਿੱਤੇ ਅਤੇ ਬਾਬਾ ਉਨ੍ਹਾਂ ਨੂੰ ਗਾਲਾ ਕੱਢਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਇਸ ਵਾਰ ਮੈਂ ਇਹ ਕਰਾਮਤੀ ਰੁਮਾਲ ਆਪਣੇ ਇਸ ਭਗਤ ਨੂੰ ਹੀ ਦੇਣਾ ਹੈ।
ਮੁਦਈ ਨੇ ਵੀ ਉਨ੍ਹਾਂ ਦੀ ਗੱਲਾਂ ਵਿੱਚ ਆ ਕੇ ਆਪਣਾ ਕੜਾ ਸੋਨਾ ਵਜਨੀ 2 ਤੋਲੇ, ਇੱਕ ਅੰਗੂਠੀ ਸੋਨਾ ਜੈਟਸ ਇੱਕ ਤੋਲਾ ਆਪਣੇ ਹੱਥਾਂ ਨਾਲ ਕੱਢ ਕੇ ਬਾਬੇ ਦੇ ਹੱਥ ਵਿੱਚ ਫੜ੍ਹੇ ਕਰਾਮਾਤੀ ਰੁਮਾਲ ਵਿੱਚ ਰੱਖ ਦਿੱਤੇ । ਬਾਬੇ ਨੇ ਸਾਰਾ ਸਮਾਨ ਰੁਮਾਲ ਵਿੱਚ ਬੰਨ੍ਹ ਕੇ ਅਤੇ ਰੁਮਾਲ ਸਮੇਤ ਸਮਾਨ ਦੇ ਆਪਣੀ ਕੱਛ ਵਿੱਚ ਲਾ ਲਿਆ ਅਤੇ ਮੁਦਈ ਨੂੰ ਕਿਹਾ ਕਿ ਭਗਤਾ ਮੇਰੀਆਂ ਅੱਖਾਂ ਵਿੱਚ ਦੇਖ, ਤਾਂ ਇੱਨ੍ਹੇਂ ਵਿੱਚ ਹੀ ਉਸ ਬਾਬੇ ਨੇ ਉਸੇ ਰੰਗ ਦਾ ਰੁਮਾਲ ਕੱਢ ਕੇ, ਜਿਸ ਨੂੰ ਗੱਢ ਮਾਰੀ ਹੋਈ ਸੀ, ਮੁਦਈ ਨੂੰ ਫੜ੍ਹਾ ਦਿੱਤਾ ਅਤੇ ਕਿਹਾ ਕਿ ਬੱਚਾ, ਹੁਣ ਬਾਬੇ ਨੇ ਮੰਤਰ ਪੜ੍ਹ ਦਿੱਤਾ ਹੈ। ਤੁਸੀਂ ਇਸ ਰੁਮਾਲ ਦੀ ਗੱਢ ਆਪਣੇ ਘਰ ਜਾ ਕੇ ਹੀ ਖੋਲ੍ਹਣਾ, ਤੈਨੂੰ ਪੂਰੀ ਜਿੰਦਗੀ ਮੁਨਾਫਾ ਹੀ ਮੁਨਾਫਾ ਹੋਵੇਗਾ ।
ਕਿਸੇ ਕਰਾਮਾਤ ਦੀ ਉਮੀਦ ਨਾਲ ਮੁਦਈ, ਉਥੋਂ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਚੱਲ ਪਿਆ ਅਤੇ ਉਹ ਲੜਕਾ ਅਤੇ ਔਰਤ ਵੀ ਉਥੋਂ ਚੱਲ ਪਏ ਤਾਂ ਜਦੋਂ ਮੁਦਈ, ਅਨਾਰਦਾਨਾ ਚੌਕ ਤੋਂ ਥੋੜ੍ਹਾ ਅੱਗੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਉਸ ਨੇ ਇੱਕਦਮ ਰੁੱਕ ਕੇ ਉਹ ਕਰਾਮਾਤੀ ਰੁਮਾਲ ਖੋਲ੍ਹ ਕੇ ਚੈਕ ਕੀਤਾ ਤਾਂ ਉਸ ਰੁਮਾਲ ਵਿੱਚੋ ਰੋੜੇ ਨਿਕਲ ਆਏ ਤਾਂ ਉਹ ਹੈਰਾਨ ਹੋ ਗਿਆ । ਜਦੋਂ ਉਸ ਨੇ ਭਾਲ ਕੀਤੀ ਤਾਂ ਬਾਬੇ ਹੋਰੀਂ ਉੱਥੋਂ ਫਰਾਰ ਹੋ ਚੁੱਕੇ ਸਨ। ਮੁਦਈ ਨੇ ਕਿਹਾ ਕਿ ਬਾਬੇ ਅਤੇ ਉਸ ਦੇ ਸ਼ਰਧਾਲੂ ਬਣ ਕੇ ਰੁਕੇ ਔਰਤ-ਪੁਰਸ਼ ਨੇ ਆਪਸ ਵਿੱਚ ਸਾਜਬਾਜ ਹੋ ਮੁਦਈ ਨਾਲ ਧੋਖਾਧੜੀ ਕਰਕੇ ਉਸ ਦਾ ਸੋਨਾ ਦਾ ਕੜਾ ਅਤੇ ਸੋਨੇ ਦੀ ਅੰਗੂਠੀ ਹੜੱਪ ਲਈ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਅਜੈਬ ਸਿੰਘ ਅਨੁਸਾਰ ਘਟਨਾ ਦੀ ਸੂਚਨਾ 5 ਮਾਰਚ ਨੂੰ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਅਣਪਛਾਤੇ ਬਾਬੇ ਅਤੇ ਉਸ ਦੇ ਦੋ ਜਾਹਿਰ ਕਰਦਾ ਸ਼ਰਧਾਲੂਆਂ ਖਿਲਾਫ ਅਧੀਨ ਜੁਰਮ 420/120 B ਆਈਪੀਸੀ ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।