ਹਰਿੰਦਰ ਨਿੱਕਾ, ਬਰਨਾਲਾ 27 ਫਰਵਰੀ 2024
ਵਿਧਾਨ ਸਭਾ ਹਲਕਾ ਭਦੌੜ ਦੇ ਇੱਕ ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਵਿਖੇ ਪਲਸ ਵਨ ਕਲਾਸ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਪਹਿਲਾਂ ਫਰੈਂਡਸ਼ਿਪ ਕੀਤੀ, ਫਿਰ ਉਸ ਦੇ ਘਰਦਿਆਂ ਨੂੰ ਫਰੈਂਡਸ਼ਿਪ ਬਾਰੇ ਦੱਸ ਦੇਣ ਦਾ ਡਰ ਦਿਖਾ ਕੇ,ਉਸ ਨੂੰ ਇੱਕ ਹੋਟਲ ਵਿੱਚ ਬੁਲਾਇਆ । ਜਦੋਂ ਦਰਦ ਨਾਲ ਕਰੌਂਹਦੀ ਲੜਕੀ ਆਪਣੇ ਘਰ ਪਹੁੰਚੀ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਇਲਾਜ ਲਈ ਤਪਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਫਿਰ ਪੀੜਤ ਲੜਕੀ ਨੇ ਖੁਦ ਨਾਲ ਹੋਈ ਜਿਆਦਤੀ ਬਾਰੇ ਡਾਕਟਰਾਂ ਕੋਲ ਮੂੰਹ ਖੋਲ੍ਹਿਆ ਤਾਂ ਝੱਟਪੱਟ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਪੀੜਤਾ ਦੇ ਬਿਆਨ ਪਰ, ਨਾਮਜਦ ਦੋਸ਼ੀ ਦੇ ਖਿਲਾਫ ਨਬਾਲਿਗਾ ਨਾਲ ਜਬਰਜਿਨਾਹ ਕਰਨ ਅਤੇ ਧਮਕੀਆਂ ਦੇਣ ਦੇ ਜ਼ੁਰਮ ਵਿੱਚ ਥਾਣਾ ਸ਼ਹਿਣਾ ਵਿਖੇ ਐਫ.ਆਈ.ਆਰ. ਦਰਜ ਕਰਕੇ,ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੋਲਾਂ ਕੁ ਵਰ੍ਹਿਆਂ ਦੀ ਪੀੜਤਾ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿਖੇ ਪਲਸ ਵਨ ਕਲਾਸ ਵਿੱਚ ਪੜ੍ਹਦੀ ਹੈ। ਜਿੱਥੇ ਬੱਸ ਸਟੈਂਡ ਪਰ, ਆਉਂਦੇ ਜਾਂਦਿਆਂ ਹਰਵਿੰਦਰ ਸਿੰਘ ਉਰਫ ਜਸਪ੍ਰੀਤ ਜੱਸਾ ਪੁੱਤਰ ਜਗਦੇਵ ਸਿੰਘ
ਵਾਸੀ ਵਿਧਾਤਾ ਨਾਲ ਉਸ ਦੀ ਦੋਸਤੀ ਹੋ ਗਈ। 20 ਫਰਵਰੀ ਨੂੰ ਹਰਵਿੰਦਰ ਸਿੰਘ ਨੇ, ਪੀੜਤਾ ਨੂੰ ਡਰਾਇਆ ਕਿ ਜੇ ਤੂੰ ਕੱਲ੍ਹ ਨੂੰ ਉਸ ਨੂੰ ਮਿਲਣ ਨਹੀ ਆਈ ਤਾਂ ਮੈਂ ਤੇਰੇ ਘਰੇ ਦੱਸ ਦੇਵਾਂਗਾ। ਘਰ ਪਤਾ ਲੱਗ ਜਾਣ ਤੋਂ ਡਰਦੀ ਹੋਈ ਪੀੜਤਾ ਅਗਲੇ ਹੀ ਦਿਨ ਉੱਥੇ ਪਹੁੰਚੀ ਤਾਂ ਹਰਵਿੰਦਰ ਸਿੰਘ, ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ ਅਤੇ ਧੱਕੇ ਨਾਲ ਉਸ ਦੀ ਮਰਜੀ ਦੇ ਖਿਲਾਫ ਜਬਰ ਜਿਨਾਹ ਕੀਤਾ। ਦੋ ਦਿਨ ਬਾਅਦ, ਫਿਰ ਅਜਿਹਾ ਹੀ ਕਾਰਾ ਦੁਹਰਾਇਆ। ਉਸ ਤੋਂ ਬਾਅਦ ਉਹ ਘਰ ਚਲੀ ਗਈ, ਘਰ ਪਹੁੰਚਕੇ ਵੀ, ਜਦੋਂ ਦਰਦ ਘੱਟ ਨਾ ਹੋਇਆ ਤਾਂ ਪੀੜਤਾ ਦੀ ਮਾਂ ਨੇ ਉਸ ਦੇ ਪਿਤਾ ਨੂੰ ਨਾਲ ਲੈ ਕੇ, ਆਪਣੀ ਬੇਟੀ ਨੂੰ ਸਿਵਲ ਹਸਪਾਤਲ ਤਪਾ ਵਿਖੇ ਦਾਖਲ ਕਰਵਾਇਆ । ਇਤਲਾਹ ਪੁਲਿਸ ਕੋਲ ਪਹੁੰਚੀ ਤਾਂ ਮਹਿਲਾ ਐਸ.ਆਈ. ਰੇਨੂੰ ਨੇ ਪੀੜਤਾ ਦੇ ਬਿਆਨ ਕਲਮਬੰਦ ਕਰਕੇ। ਮੈਡੀਕਲ ਉਪਰੰਤ ਨਾਮਜ਼ਦ ਦੋਸ਼ੀ ਹਰਵਿੰਦਰ ਸਿੰਘ ਦੇ ਖਿਲਾਫ 376 (2) (N), 506 IPC & Sec 6 POCSO ACT ਤਹਿਤ ਥਾਣਾ ਸ਼ਹਿਣਾ ਵਿਖੇ ਕੇਸ ਦਰਜ ਕਰਕੇ,ਦੋਸ਼ੀ ਨੂੰ ਗਿਰਫਤਾਰ ਕਰ ਲਿਆ।