ਕਟਿਹਰੇ ‘ਚ ਪੁਲਿਸ, ਕਾਲਾ ਧਨੌਲਾ ਦੇ ENCOUNTER ‘ਤੇ MP ਸਿਮਰਨਜੀਤ ਮਾਨ ਨੇ ਚੁੱਕੇ ਸਵਾਲ, ਮੰਗੀ ਜਾਂਚ….!

Advertisement
Spread information

ਕਾਲਾ ਧਨੌਲਾ ਵੱਲੋਂ ਸਰੇਂਡਰ ਕਰਨ ਦੇ ਬਾਵਜੂਦ ਉਸ ਨੂੰ ਗੋਲੀਆਂ ਮਾਰਨਾ ਪੁਲਿਸ ਦੀ ਕਾਇਰਤਾ: ਸਿਮਰਨਜੀਤ ਮਾਨ

ਮਾਨ ਨੇ ਕਿਹਾ : ਨਸ਼ਿਆਂ ਵਿਰੋਧੀ ਸੋਚ ਦਾ ਮਾਲਕ ਸੀ ਗੁਰਮੀਤ ਸਿੰਘ ਕਾਲਾ ਧਨੌਲਾ

ਹਰਿੰਦਰ ਨਿੱਕਾ, ਧਨੌਲਾ (ਬਰਨਾਲਾ) 20 ਫਰਵਰੀ 2024

    ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪੁਲਿਸ ਨੂੰ ਕਟਿਹਰੇ ‘ਚ ਖੜ੍ਹਾ ਕਰਦਿਆਂ ਲੰਘੇ ਦਿਨੀਂ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਐਨਕਾਉਂਟਰ ਉੱਤੇ ਸਵਾਲ ਚੁੱਕਦਿਆਂ, ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਐਮ.ਪੀ. ਮਾਨ, ਕਾਲਾ ਧਨੌਲਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕਾਲਾ ਨੂੰ ਝੂਠੇ ਐਨਕਾਉਂਟਰ ਵਿੱਚ ਮਾਰਿਆ ਗਿਆ ਹੈ । ਪੁਲਿਸ ਵੱਲੋਂ ਉਸ ਨੂੰ ਪਹਿਲਾ ਫੜ੍ਹ ਲਿਆ ਗਿਆ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕਾਲਾ ਧਨੌਲਾ ਨੂੰ ਘੇਰਾ ਪਾਇਆ ਗਿਆ ਤਾਂ ਉਸ ਨੇ ਦੋਵੇਂ ਹੱਥ ਉੱਪਰ ਕਰਕੇ ਸਰੇਂਡਰ ਕਰ ਦਿੱਤਾ ਸੀ। ਪਰ ਪੁਲਿਸ ਨੇ ਫਿਰ ਵੀ ਕਾਇਰਤਾ ਦਿਖਾਉਂਦੇ ਹੋਏ ਉਸ ਉੱਪਰ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।                                       ਸ. ਮਾਨ ਨੇ ਕਿਹਾ ਕਿ ਗੁਰਮੀਤ ਸਿੰਘ ਕਾਲਾ ਮਾਨ ਨਾਲ ਪਿਛਲੇ ਦਿਨੀਂ ਉਸ ਵੱਲੋਂ ਰੱਖੇ ਗਏ ਖੂਨਦਾਨ ਕੈਂਪ ਮੌਕੇ ਮੇਰੀ ਮੁਲਾਕਾਤ ਹੋਈ ਸੀ । ਉਹ ਨਸ਼ਾ ਵਿਰੋਧੀ ਸੋਚ ਦਾ ਮਾਲਕ ਸੀ ਅਤੇ ਪਰਮਿੰਦਰ ਸਿੰਘ ਝੋਟੇ ਵਾਂਗ ਪਿੰਡ ਪਿੰਡ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਸੋਚ ਰੱਖਦਾ ਸੀ । ਸ. ਮਾਨ ਨੇ ਕਿਹਾ ਕਿ ਜਦੋਂ ਪਰਮਿੰਦਰ ਸਿੰਘ ਝੋਟੇ ਨੇ ਨਸ਼ਿਆਂ ਵਿਰੁੱਧ ਆਵਾਜ ਉਠਾਈ ਤਾਂ ਪੁਲਿਸ ਨੇ ਉਸ ਨੂੰ ਵੀ ਫੜ੍ਹ ਕੇ ਅੰਦਰ ਦੇ ਦਿੱਤਾ ਸੀ। ਇਸ ਲਈ ਸਮਝ ਤੋਂ ਬਾਹਰ ਹੈ ਕਿ ਸਰਕਾਰ ਨਸ਼ਿਆਂ ਨੂੰ  ਖਤਮ ਕਰਨਾ ਚਾਹੁੰਦੀ ਹੈ ਜਾਂ ਨਸ਼ਿਆਂ ਨੂੰ  ਵਧਾਉਣਾ ਚਾਹੁੰਦੀ ਹੈ। 
         ਸ. ਮਾਨ ਨੇ ਕਿਹਾ ਕਿ ਝੂਠੇ ਐਨਕਾਉਂਟਰਾਂ ਵਿੱਚ ਨੌਜਵਾਨਾਂ ਨੂੰ ਮਾਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ । ਇਸ ਤੋਂ ਪਹਿਲਾਂ ਜੰਡਿਆਲਾ, ਤਰਤਾਰਨ ਤੇ ਫਿਰੋਜਪੁਰ ਦੇ ਤਲਵੰਡੀ ਖੇਤਰ ਵਿੱਚ, ਪੁਲਿਸ ਵੱਲੋਂ ਇਸੇ ਤਰ੍ਹਾਂ ਹੀ ਝੂਠੇ ਐਨਕਾਉਂਟਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ ‘ਤੇ ਤੁਰ ਪਈ ਹੈ । ਸੂਬੇ ਅਤੇ ਦੇਸ਼ ਵਿਚਲੇ ਡਰ ਅਤੇ ਸਹਿਮ ਦੇ ਮਾਹੌਲ ਕਰਕੇ ਸਾਡੇ ਸਿੱਖਾਂ ਦਾ ਬੱਚੇ ਖੁਦ ਨੂੰ  ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਕਾਰਨ ਜਿਆਦਾਤਰ ਬੱਚੇ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਡੀ ਸਿੱਖਾਂ ਦੀ ਸੁਰੱਖਿਆ ਹੁਣ ਖਤਰੇ ਵਿੱਚ ਹੈ ਅਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ। ਪਰ ਮੈਨੂੰ ਡਰ ਨਹੀਂ ਲੱਗਦਾ ਕਿਉਂਕਿ ਜੇ ਮੈਨੂੰ ਮਾਰ ਦਿੱਤਾ ਤਾਂ ਖਾਲਿਸਤਾਨ ਦੀ ਮੰਜਿਲ ਨੇੜੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੇ ਜੁਲਮਾਂ ਨੂੰ ਭੁੱਲਦੀ ਨਹੀਂ। ਜੇ ਸਰਕਾਰਾਂ ਆਪਣੀਆਂ ਸਿੱਖ ਕੌਮ ਵਿਰੋਧੀ ਹਰਕਤਾਂ ਤੋਂ ਬਾਜ ਨਾ ਆਈਆਂ ਤਾਂ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣ, ਕਿਉਂਕਿ ਸਿੱਖ ਕੌਮ ਜਬਰ ਜੁਲਮ ਦਾ ਜਵਾਬ ਜਰੂਰ ਦਿੰਦੀ ਹੈ । ਸ. ਮਾਨ ਨੇ ਕਾਲਾ ਧਨੌਲਾ ਦੇ ਪਰਿਵਾਰ ਵੱਲੋਂ ਗੁਰਮੀਤ ਸਿੰਘ ਕਾਲਾ ਦੇ ਦੁਬਾਰਾ ਪੋਸਟ ਮਾਰਟਮ ਦੀ ਕੀਤੀ ਜਾ ਰਹੀ ਮੰਗ ਨੂੰ ਵੀ ਜਾਇਜ ਠਹਿਰਾਇਆ ਅਤੇ ਕਿਹਾ ਕਿ ਸਰਕਾਰ ਨੂੰ  ਨਿਰਪੱਖ ਜਾਂਚ ਕਰਵਾ ਕੇ ਪਰਿਵਾਰ ਨੂੰ  ਇਨਸਾਫ ਦੇਣਾ ਚਾਹੀਦਾ ਹੈ ।                                                                       
     ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ, ਜਥੇਦਾਰ ਜਗਤਾਰ ਸਿੰਘ ਦਾਨਗੜ੍ਹ, ਡਾ. ਸੁਰਜੀਤ ਸਿੰਘ, ਅਮਨਦੀਪ ਸਿੰਘ, ਮਹਿੰਦਰ ਸਿੰਘ ਸਰਾਓ, ਪਰਮਜੀਤ ਸਿੰਘ ਜਟਾਣਾ, ਕੋਮਲਦੀਪ ਸਿੰਘ ਢਿੱਲੋਂ, ਐਡਵੋਕੇਟ ਪਰਮਜੀਤ ਸਿੰਘ ਦਿਓਲ, ਸੁਖਪਾਲ ਸਿੰਘ ਸਰਪੰਚ ਛੰਨਾ, ਗੁਰਤੇਜ ਸਿੰਘ ਅਸਪਾਲ, ਪਰਮਪਾਲ ਸਿੰਘ ਭੀਖੀ, ਸੁਖਪ੍ਰੀਤ ਸਿੰਘ ਸੁੱਖੀ, ਗੁਰਜੰਟ ਸਿੰਘ ਕੱਟੂ, ਉਪਿੰਦਰਪ੍ਰਤਾਪ ਸਿੰਘ ਸਮੇਤ ਪਾਰਟੀ ਦੇ ਹੋਰ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ |

Advertisement
Advertisement
Advertisement
Advertisement
Advertisement
Advertisement
error: Content is protected !!