ਕਾਫੀ ਲੰਬੇ ਸਮੇਂ ਤੋਂ A.G.T.F ਦੀ ਟੀਮ ਕਰ ਰਹੀ ਸੀ ਕਾਲਾ ਮਾਨ ਦਾ ਪਿੱਛਾ,,,
ਹਰਿੰਦਰ ਨਿੱਕਾ, ਬਰਨਾਲਾ 18 ਫਰਵਰੀ 2024
ਪੰਜਾਬ ਦੇ ਖੂੰਖਾਰ ਗੈਂਗਸਟਰ ਵਜੋਂ ਚਰਚਿਤ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਲੰਬੇ ਅਰਸੇ ਤੋਂ ਖੜ੍ਹੇ ਕੀਤੇ ਜੁਰਮ ਦੇ ਸਾਮਰਾਜ ਦਾ ਅੱਜ ਉਸ ਸਮੇਂ ਅੰਤ ਹੋ ਗਿਆ, ਜਦੋਂ ਉਸ ਦਾ ਸਾਹਮਣਾ ਬਰਨਾਲਾ -ਚੰਡੀਗੜ੍ਹ ਰੋਡ ਤੇ ਸਥਿਤ ਬਡਬਰ ਟੋਲ ਪਲਾਜਾ ਦੇ ਨੇੜੇ, AGTF ਦੇ ਆਲ੍ਹਾ ਅਧਿਕਾਰੀ ਸੰਦੀਪ ਗੋਇਲ ਦੀ ਅਗਵਾਈ ਵਾਲੀ ਟੀਮ ਨਾਲ ਹੋਇਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ AGTF ਦੀ ਟੀਮ ਕਾਲਾ ਧਨੌਲਾ ਦੀ ਪੈੜ ਦੱਬ ਦੇ ਉਸ ਦਾ ਪਿੱਛਾ ਕਰਦੀ ਆ ਰਹੀ ਸੀ। ਜਦੋਂ ਕਾਲਾ ਧਨੌਲਾ ਟੋਲ ਪਲਾਜਾ ਨੇੜੇ ਪਹੁੰਚਿਆਂ ਤਾਂ ਉਸ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਪੁਲਿਸ ਪਾਰਟੀ ਨਾਲ ਹੋਈ ਮੁੱਠਭੇੜ ਦੌਰਾਨ ਕਾਲਾ ਧਨੌਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਮੌਕੇ ਤੇ ਹੀ ਕਾਲਾ ਧਨੌਲਾ ਦੀ ਮੌਤ ਹੋ ਗਈ। ਇਸ ਦੇ ਤਫਸ਼ੀਲ ਸਹਿਤ ਵੇਰਵਿਆਂ ਦੀ ਹਾਲੇ ਜਾਣਕਾਰੀ ਨਹੀਂ, ਮਿਲ ਸਕੀ, ਪਰੰਤੂ AGTF ਦੇ ਅਧਿਕਾਰੀ ਸੰਦੀਪ ਕੁਮਾਰ ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ, ਜਲਦ ਹੀ ਪੁਲਿਸ ਇਸ ਮੁਕਾਬਲੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਮੀਡੀਆ ਨਾਲ ਸਾਂਝੀ ਕਰੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਅਤੇ AGTF ਦੇ ਅਧਿਕਾਰੀ ਮੌਕਾ ਵਾਲੀ ਥਾਂ ਤੇ ਮੌਜੂਦ ਹਨ। ਵਰਨਣਯੋਗ ਹੈ ਕਿ 6 ਜਨਵਰੀ 2024 ਨੂੰ ਕਾਲਾ ਧਨੌਲਾ ਅਤੇ ਉਸ ਦੇ ਸਾਥੀਆਂ ਨੇ ਟਰੱਕ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਸੁਰਿੰਦਰ ਪਾਲ ਬਾਲਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਕਾਲਾ ਧਨੌਲਾ ਤੇ ਉਸਦੇ ਸਾਥੀਆਂ ਖਿਲਾਫ ਧਨੌਲਾ ਥਾਣੇ ਵਿੱਚ ਇਰਾਦਾ ਕਤਲ ਅਤੇ ਆਰਮਜ਼ ਐਕਟ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਉਸੇ ਦਿਨ ਤੋਂ ਕਾਲਾ ਧਨੌਲਾ ਦੀ ਤਲਾਸ਼ ਕਰ ਰਹੀ ਸੀ। ਕਾਲਾ ਧਨੌਲਾ ਨਗਰ ਕੌਸਲ ਦਾ ਮੀਤ ਪ੍ਰਧਾਨ ਵੀ ਰਹਿ ਚੁੱਕਾ ਹੈ। ਉਸ ਦੇ ਖਿਲਾਫ ਕਤਲ,ਲੁੱਟ ਖੋਹ ਅਤੇ ਕੁੱਟਮਾਰ ਦੀਆਂ ਅਨੇਕਾਂ ਘਟਨਾਵਾਂ ਦੇ ਸਬੰਧ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਦਰਜਨਾਂ ਮਾਮਲੇ ਦਰਜ ਸਨ।