ਮੰਤਰੀ ਮੀਤ ਹੇਅਰ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ, 3 ਨਵੇਂ ਕੋਰਸਾਂ ਲਈ ਹੋਣਗੀਆਂ 180 ਸੀਟਾਂ
ਰਘਵੀਰ ਹੈਪੀ, ਬਰਨਾਲਾ 20 ਫਰਵਰੀ 2024
ਜ਼ਿਲ੍ਹੇ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਤੋਹਫੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਤਕਨੀਕੀ ਸਿੱਖਿਆ ਦੇ ਪੱਧਰ ਨੂੰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਿਖੇ ਤਿੰਨ ਹੋਰ ਨਵੇਂ ਕੋਰਸ ਸ਼ੁਰੂ ਕਰਕੇ 180 ਨਵੀਆਂ ਸੀਟਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ ।
ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਰਕਾਰੀ ਅਦਾਰਿਆਂ ‘ਚ ਤਕਨੀਕੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਉੱਤੇ ਕੰਮ ਕੀਤਾ ਜਾ ਰਿਹਾ ਹੈ । ਇਸ ਤਹਿਤ ਸਰਕਾਰੀ ਕਾਲਜ ਬਡਬਰ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਕੋਰਸ 2024-25 ਸੈਸ਼ਨ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਤਿੰਨ ਸਾਲਾਂ ਦੇ ਡਿਪਲੋਮਾ ਕੋਰਸਾਂ ‘ਚ ਹਰ ਇੱਕ ਕੋਰਸ ‘ਚ 60- 60 ਸੀਟਾਂ ਪ੍ਰਵਾਨਿਤ ਕੀਤੀਆਂ ਗਈਆਂ ਹਨ ।
ਉਨ੍ਹਾਂ ਨਾਲ ਹੀ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਬਰਨਾਲਾ ਦੇ ਨੌਜਵਾਨਾਂ ਨੂੰ ਉੱਚ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਉਨ੍ਹਾਂ ਦੇ ਘਰ ਦੇ ਨੇੜੇ ਮਿਲੇਗੀ।