2 ਦਿਨਾਂ ਵਿੱਚ 2 ਸੜਕ ਦੁਰਘਟਨਾਵਾਂ ਮੌਕੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਨੇ ਜਖਮੀਆਂ ਦੀ ਕੀਤੀ ਮੱਦਦ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ 15 ਫਰਵਰੀ 2024
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਸ੍ਰੀ ਗੌਰਵ ਯਾਦਵ ਦੀ ਅਗਵਾਈ ਅਨੁਸਾਰ ਸਥਾਪਿਤ ਕੀਤੀ ਸੜਕ ਸੁਰੱਖਿਆ ਫੋਰਸ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਦੋ ਸੜਕ ਹਾਦਸਿਆਂ ਵਿੱਚ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜਖਮੀਆਂ ਦੀ ਮਦਦ ਕੀਤੀ।
ਉਹਨਾਂ ਦੱਸਿਆ ਕਿ ਅੱਜ ਪਿੰਡ ਨਿਹਾਲ ਖੇੜਾ ਕੋਲ ਕਰੂਜ਼ਰ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਵਿੱਚ ਚੂਹੜੀ ਵਾਲਾ ਧੰਨਾ ਨਿਵਾਸੀ ਸੋਹਨ ਲਾਲ ਅਤੇ ਲਾਲ ਚੰਦ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਨੇ ਤਿੰਨ ਮਿੰਟ ਵਿੱਚ ਮੌਕੇ ਤੇ ਪਹੁੰਚ ਕੇ ਤੁਰੰਤ ਜਖਮੀਆਂ ਨੂੰ ਮੁਢਲੀ ਸਹਾਇਤਾ ਦਿੰਦਿਆਂ ਛੇਤੀ ਤੋਂ ਛੇਤੀ ਸਿਵਲ ਹਸਪਤਾਲ ਅਬੋਹਰ ਪਹੁੰਚਾਇਆ ਤਾਂ ਜੋ ਉਹਨਾਂ ਨੂੰ ਡਾਕਟਰੀ ਮਦਦ ਮਿਲ ਸਕੇ । ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਸਨ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਤੇਜ਼ੀ ਨਾਲ ਮੁਹਈਆ ਕਰਵਾਈ ਗਈ ਮਦਦ ਨਾਲ ਉਹ ਤੁਰੰਤ ਹੀ ਹਸਪਤਾਲ ਪਹੁੰਚ ਗਏ।
ਇਸੇ ਤਰ੍ਹਾਂ ਬੀਤੇ ਕੱਲ ਅਮੀਰ ਖਾਸ ਅਤੇ ਘੁਬਾਇਆ ਨੇੜੇ ਟਰੱਕ ਅਤੇ ਕਰੂਜ਼ਰ ਦੀ ਟੱਕਰ ਹੋ ਗਈ ਸੀ ਜਿੱਥੇ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਉਸਨੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਤੁਰੰਤ ਟ੍ਰੈਫਿਕ ਆਮ ਵਾਂਗ ਚਲਵਾਇਆ । ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੜਕ ਸੁਰੱਖਿਆ ਫੋਰਸ ਤੈਨਾਤ ਕੀਤੀ ਗਈ ਹੈ ਜੋ ਕਿ ਸੜਕਾਂ ਤੇ ਹੋਣ ਵਾਲੇ ਸੜਕ ਹਾਦਸਿਆਂ ਮੌਕੇ ਤੁਰੰਤ ਲੋਕਾਂ ਦੀ ਸਹਾਇਤਾ ਲਈ ਪਹੁੰਚਦੀ ਹੈ।