ਸ਼ਹਿਰ ਦੇ ਇੱਕ ਨੌਜਵਾਨ ਵਕੀਲ ਨੇ ਪੁਲਿਸ ਕੰਟਰੋਲ ਰੂਮ ਤੇ ਫ਼ੋਨ ਕਰਕੇ ਮੰਗੀ ਸੀ ਮਦਦ, ਐੱਸਐੱਸਪੀ ਨੇ ਨੌਜਵਾਨ ਦੀ ਮਦਦ ਕਰਨ ਦੇ ਲਈ ਡੀਐੱਸਪੀ ਦੀ ਲਗਾਈ ਡਿਊਟੀ
ਬਿੱਟੂ ਜਲਾਲਾਬਾਦੀ ਫਿਰੋਜ਼ਪੁਰ 29 ਜੂਨ 2020
ਐਤਵਾਰ ਰਾਤ ਨੂੰ ਨਾਈਟ ਕਰਫ਼ਿਊ ਦੇ ਵਿਚਕਾਰ ਆਪਣੀ ਮੰਗੇਤਰ ਦਾ ਜਨਮਦਿਨ ਮਨਾਉਣ ਨਿਕਲੇ ਵਕੀਲ ਜੋਨੀ ਗੁਪਤਾ ਦੇ ਲਈ ਫਿਰੋਜ਼ਪੁਰ ਪੁਲਿਸ ਮਸੀਹਾ ਬਣ ਕੇ ਸਾਹਮਣੇ ਆਈ ਕਿਉਂਕਿ ਡੀਐੱਸਪੀ ਕ੍ਰਿਸ਼ਨ ਕੁਮਾਰ ਖ਼ੁਦ ਨੌਜਵਾਨ ਨੂੰ ਲੈ ਕੇ ਉਸ ਦੀ ਮੰਗੇਤਰ ਦੇ ਘਰ ਪਹੁੰਚੇ ਤੇ ਪਰਿਵਾਰ ਸਮੇਤ ਜਨਮ ਦਿਨ ਮਨਾਇਆ।
ਡੀਐੱਸਪੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ਤੇ ਵਕੀਲ ਜੋਨੀ ਗੁਪਤਾ ਨੇ ਸੂਚਨਾ ਦਿੱਤੀ ਸੀ ਕਿ ਉਸ ਦੀ ਮੰਗੇਤਰ ਦਾ ਜਨਮ ਦਿਨ ਹੈ ਅਤੇ ਉਹ ਕੇਕ ਲੈ ਕੇ ਉਸਦੇ ਘਰ ਜਾ ਰਿਹਾ ਹੈ ਲੇਕਿਨ ਨਾਈਟ ਕਰਫ਼ਿਊ ਕਾਰਨ ਪੁਲਿਸ ਨੇ ਉਸ ਨੂੰ ਰੋਕ ਲਿਆ। ਨੌਜਵਾਨ ਨੇ ਪੁਲਿਸ ਮਦਦ ਮੰਗੀ। ਮਾਮਲਾ ਫਿਰੋਜ਼ਪੁਰ ਦੇ ਐੱਸਐੱਸਪੀ ਸ੍ਰੀ. ਭੁਪਿੰਦਰ ਸਿੰਘ ਦੀ ਜਾਣਕਾਰੀ ਵਿੱਚ ਪਹੁੰਚਿਆ, ਜਿਸ ਨੇ ਜਲਦੀ ਹੀ ਡੀਐੱਸਪੀ ਕ੍ਰਿਸ਼ਨ ਕੁਮਾਰ ਨੂੰ ਇਸ ਮਾਮਲੇ ਵਿੱਚ ਨੌਜਵਾਨ ਦੀ ਮਦਦ ਕਰਨ ਦੇ ਲਈ ਕਿਹਾ। ਡੀਐੱਸਪੀ ਨੇ ਮੌਕੇ ਤੇ ਪਹੁੰਚ ਕੇ ਸਾਰੀ ਗੱਲ ਸਮਝੀ। ਇਸ ਤੋਂ ਬਾਅਦ ਉਹ ਲੜਕੀ ਦੇ ਘਰ ਪਹੁੰਚੇ ਅਤੇ ਉਸ ਦੇ ਮੰਗੇਤਰ ਤੇ ਜਨਮਦਿਨ ਦੀ ਜਾਣਕਾਰੀ ਨੂੰ ਵੈਰੀਫਾਈ ਕੀਤਾ। ਵੈਰੀਫਾਈ ਕਰਨ ਤੋਂ ਬਾਅਦ ਉਹ ਲੜਕੇ ਨੂੰ ਲੈ ਕੇ ਉਸ ਦੀ ਮੰਗੇਤਰ ਦੇ ਘਰ ਪਹੁੰਚੇ, ਜਿੱਥੇ ਪੂਰੇ ਪਰਿਵਾਰ ਦੀ ਮੌਜੂਦਗੀ ਵਿੱਚ ਜਨਮ ਦਿਨ ਮਨਾਇਆ ਗਿਆ। ਇਸ ਸਰਪ੍ਰਾਇਜ਼ ਬਰਥ ਡੇਅ ਤੇ ਲੜਕੀ ਦੇ ਪਰਿਵਾਰ ਦੀ ਖੁਸੀ ਦਾ ਕੋਈ ਠਿਕਾਣਾ ਨਹੀਂ ਰਿਹਾ। ਡੀਐੱਸਪੀ ਕ੍ਰਿਸ਼ਨ ਕੁਮਾਰ ਨੇ ਨਾ ਸਿਰਫ਼ ਜਨਮ ਦਿਨ ਮਨਾਉਣ ਨਿਕਲੇ ਨੌਜਵਾਨ ਦੀ ਮਦਦ ਕੀਤੀ ਬਲਕਿ ਉਸ ਦੀ ਮੰਗੇਤਰ ਪ੍ਰਿਯੰਕਾ ਜਾਸਲਵਾਰ ਨੂੰ ਸਗੁਨ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦਾ ਮੌਕਾ ਹੈ ਅਤੇ ਉਸ ਨੂੰ ਵੀ ਦੋਵਾਂ ਪਰਿਵਾਰਾਂ ਦੀ ਮਦਦ ਕਰਕੇ ਕਾਫੀ ਖ਼ੁਸ਼ੀ ਮਿਲ ਰਹੀ ਹੈ। ਫਿਰੋਜ਼ਪੁਰ ਪੁਲਿਸ ਦੀ ਇਸ ਮਦਦ ਦੇ ਲਈ ਦੋਵਾਂ ਪਰਿਵਾਰਾਂ ਨੇ ਐੱਸਐੱਸਪੀ. ਸ੍ਰੀ. ਭੁਪਿੰਦਰ ਸਿੰਘ ਅਤੇ ਉਸ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।