16 ਫਰਵਰੀ ਦੇ ‘ਭਾਰਤ ਬੰਦ’ ਅਤੇ ਹੜਤਾਲ ਦੀ ਸਫਲਤਾ ਲਈ ਇੱਕਜੁੱਟ ਹੋਈਆਂ ਅਧਿਆਪਕ ਜਥੇਬੰਦੀਆਂ 

Advertisement
Advertisement
Spread information

ਕੱਚੇ, ਪਰਖ ਕਾਲ ਅਧੀਨ ਅਤੇ ਕੰਪਿਊਟਰ ਅਧਿਆਪਕ ਸਮੂਹਿਕ ਛੁੱਟੀ ਲੈ ਕੇ ‘ਭਾਰਤ ਬੰਦ’ ਵਿੱਚ ਭਰਨਗੇ ਹਾਜ਼ਰੀ

ਹਰਪ੍ਰੀਤ ਬਬਲੀ, ਸੰਗਰੂਰ 13 ਫਰਵਰੀ 2024
     ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 16 ਫਰਵਰੀ ਨੂੰ ਦਿੱਤੇ ‘ਭਾਰਤ ਬੰਦ’ ਅਤੇ ‘ਹੜਤਾਲ’ ਦੇ ਸੱਦੇ ਨੂੰ ਸਫਲ ਬਣਾਉਣ ਲਈ 17 ਤੋਂ ਵਧੇਰੇ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਅਧਾਰਿਤ ’16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਮੋਰਚੇ’ ਦੇ ਸੱਦੇ ਤਹਿਤ ਅੱਜ ਸੰਗਰੂਰ ਜਿਲ੍ਹੇ ਦੇ ਅਧਿਆਪਕ ਆਗੂਆਂ ਵੱਲੋ ਜਿਲ੍ਹਾ ਸਿੱਖਿਆ ਅਫ਼ਸਰ (ਸਸ) ਸੰਗਰੂਰ ਸ: ਮੇਵਾ ਸਿੰਘ ਸਿੱਧੂ ਰਾਹੀਂ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲ ਨੋਟਿਸ ਅਤੇ ਮੰਗ ਪੱਤਰ ਭੇਜੇ ਗਏ।                               
       ਅਧਿਆਪਕ ਮੋਰਚੇ ਦੇ ਫੈਸਲੇ ਅਨੁਸਾਰ 16 ਫਰਵਰੀ ਨੂੰ ਰੈਗੂਲਰ ਅਧਿਆਪਕਾਂ ਵੱਲੋਂ ਹੜਤਾਲ ਕਰਕੇ ਅਤੇ ਕੱਚੇ, ਪਰਖ ਕਾਲ ਅਧੀਨ ਤੇ ਕੰਪਿਊਟਰ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈਕੇ ‘ਭਾਰਤ ਬੰਦ’ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸਮੁੱਚੇ ਸੰਗਰੂਰ ਜ਼ਿਲ੍ਹੇ ਵਿੱਚ ਲੱਗਣ ਵਾਲੇ ਸਾਰੇ ਸਾਂਝੇ ਧਰਨਿਆਂ ਦਾ ਹਿੱਸਾ ਬਣਿਆ ਜਾਵੇਗਾ।
     ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਬਲਵੀਰ ਚੰਦ ਲੌਗੋਵਾਲ, ਦੇਵੀ ਦਿਆਲ ਇਸਅਤੇ ਸਰਬਜੀਤ ਸਿੰਘ ਪੁੰਨਾਵਾਲ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ, ਕੌਮੀ ਸਿੱਖਿਆ ਨੀਤੀ-2020 ਰੱਦ ਕਰਵਾਕੇ ਸਿੱਖਿਆ ਨੂੰ ਰਾਜਾਂ ਦੇ ਅਧਿਕਾਰ ਹੇਠ ਲਿਆਉਣ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਣ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਅਤੇ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ, ਨਵੇਂ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ, ਕੱਚੇ/ਸੁਸਾਇਟੀ ਅਧਿਆਪਕਾਂ ਦੀ ਵਿਭਾਗੀ ਰੈਗੂਲਰਾਇਜ਼ੇਸ਼ਨ, ਕੱਟੇ ਗਏ ਸਾਰੇ ਭੱਤਿਆਂ ਦੀ ਬਹਾਲੀ, ਪੈਂਡਿੰਗ ਮਹਿੰਗਾਈ ਭੱਤੇ ਸਮੇਤ ਹੋਰਨਾਂ ਹੱਕੀ ਮੰਗਾਂ ਅਤੇ ਨਿਜੀਕਰਨ ਪੱਖੀ ਨੀਤੀਆਂ ਖਿਲਾਫ ਸਮੁੱਚੇ ਅਧਿਆਪਕ ਵਰਗ ਨੂੰ 16 ਫਰਵਰੀ ਦੇ ਸੰਘਰਸ਼ਾਂ ਦਾ ਵਧ-ਚੜ੍ਹ ਕੇ ਹਿੱਸਾ ਬਨਣ ਦਾ ਸੱਦਾ ਦਿੱਤਾ ਹੈ। ਇਥੇ ਦੱਸਣਯੋਗ ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਕੱਚੇ ਮੁਲਾਜਮਾਂ, ਡਰਾਈਵਰਾਂ ਤੇ ਵਿਦਿਆਰਥੀਆਂ ਨੂੰ ਦਰੜਨ ਅਤੇ ਮੁਲਕ ਦੀ ਸਮੁੱਚੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਖਿਲਾਫ਼ ‘ਭਾਰਤ ਬੰਦ’ ਅਤੇ ਹੜਤਾਲ ਕੀਤੀ ਜਾ ਰਹੀ ਹੈ। ਜਿਸ ਦੇ ਮੁੱਖ ਮੁੱਦੇ ਸਾਰੀਆਂ ਫ਼ਸਲਾਂ ‘ਤੇ ਘੱਟੋ ਘੱਟ ਸਮਰਥਨ ਮੁੱਲ ਲਾਗੂ ਕਰਵਾਉਣਾ, ਲਖੀਮਪੁਰ ਵਿਖੇ ਹੋਏ ਕਿਸਾਨਾਂ ਦੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ, ਪ੍ਰਚੂਨ ਖੇਤਰ ‘ਚ ਕਾਰਪੋਰੇਟ ਦਾ ਦਾਖਲਾ ਰੋਕਣਾ, ਚਾਰ ਲੇਬਰ ਕੋਡ ਰੱਦ ਕਰਵਾਉਣਾ, ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਅਤੇ ਜਥੇਬੰਦ ਹੋਣ ਦੇ ਅਧਿਕਾਰਾਂ ਨੂੰ ਖਾਤਮੇ ਵੱਲ ਲਿਜਾਉਣ ਖਿਲਾਫ਼ ਵਿਰੋਧ ਜਤਾਉਣਾ, ਹਿੱਟ ਐਂਡ ਰਨ ਕਾਨੂੰਨ ਰੱਦ ਕਰਵਾਉਣਾ, ਸਰਕਾਰੀ ਅਦਾਰਿਆਂ ਦਾ ਖਾਤਮਾ ਕਰਨ ਦੀ ਨੀਤੀ, ਕੱਚੇ ਮੁਲਾਜਮਾਂ ਨੂੰ ਕੱਚੇ ਰੱਖਣ ਦੀ ਨੀਤੀ ਖਤਮ ਕਰਵਾਉਣਾ, ਬਿਜਲੀ ਸੋਧ ਬਿਲ ਤੇ ਸਮਾਰਟ ਮੀਟਰ ਸਕੀਮ ਰੱਦ ਕਰਵਾਉਣ, ਵਧ ਰਹੀ ਬੇਰੁਜਗਾਰੀ ਅਤੇ ਅਗਨੀਵੀਰ ਸਕੀਮ ਦੇ ਵਿਰੁੱਧ ਲੋਕਾਂ ਦਾ ਰੋਸ ਦਰਜ਼ ਕਰਵਾਉਣਾ ਵੀ ਸ਼ਾਮਿਲ ਹੈ। ਇਸ ਮੌਕੇ ਅਮਨ ਵਸ਼ਿਸਟ, ਹਰਭਗਵਾਨ ਗੁਰਨੇ, ਬੱਗਾ ਸਿੰਘ, ਪਵਨ ਕੁਮਾਰ ਆਦਿ ਮੌਜੂਦ ਸਨ।
Advertisement
Advertisement
error: Content is protected !!