ਆਸ਼ਰਮ ਵਿਖੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਲਗਾਈ ਪੈਰ ਨਾਲ ਚੱਲਣ ਵਾਲੀ ਹੱਥ ਧੋਣ ਦੀ ਮਸ਼ੀਨ
ਬੱਚਿਆਂ ਨੂੰ ਕਰੋਨਾ ਤੋਂ ਬਚਾਅ ਲਈ ਵੰਡੇ ਮਾਸਕ
ਲੋਕੇਸ਼ ਕੌਸ਼ਲ ਪਟਿਆਲਾ, 23 ਜੂਨ:2020
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਪਰਮਿੰਦਰ ਕੌਰ ਵੱਲੋਂ ਅੱਜ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾ ਜਨ ਹਿਤ ਸਮਿਤੀ ਦੇ ਸਹਿਯੋਗ ਨਾਲ ਆਸ਼ਰਮ ਵਿੱਚ ਪੈਰਾਂ ਨਾਲ ਚੱਲਣ ਵਾਲੀ ਹੱਥ ਧੋਣ ਦੀ ਮਸ਼ੀਨ ਲਗਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਨ੍ਹਾਂ ਵੱਲੋਂ ਆਸ਼ਰਮ ਦਾ ਦੌਰਾ ਕਰਕੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਹੈ।
ਯਾਦਵਿੰਦਰਾ ਪੂਰਨ ਬਾਲ ਨਿਕੇਤਨ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਨੂੰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲਾਂ ਵਿੱਚ ਕੈਦੀਆਂ ਵੱਲੋਂ ਬਣਾਏ ਗਏ ਮਾਸਕ ਵੀ ਵੰਡੇ ਗਏ ਅਤੇ ਬੱਚਿਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਸਕੱਤਰ ਮੈਡਮ ਪਰਮਿੰਦਰ ਕੌਰ ਨੇ ਕੋਵਿਡ-19 ਤੋਂ ਬਚਾਅ ਲਈ ਸਮਾਜਿਕ ਦੂਰੀ, 20 ਸੈਕਿੰਡ ਹੱਥ ਧੋਣ ਅਤੇ ਮਾਸਕ ਪਾਉਣ ‘ਤੇ ਜ਼ੋਰ ਦਿੰਦਿਆ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੁਝ ਸਾਵਧਾਨੀਆਂ ਵਰਤਕੇ ਅਸੀਂ ਇਸ ਮਹਾਂਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰੂਪਵੰਤ ਕੌਰ ਵੀ ਮੌਜੂਦ ਸਨ।
ਕੈਪਸ਼ਨ : ਮੈਡਮ ਪਰਮਿੰਦਰ ਕੌਰ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਪੈਰ ਨਾਲ ਚੱਲਣ ਵਾਲੀ ਹੱਥ ਧੋਣ ਦੀ ਮਸ਼ੀਨ ਦੀ ਸ਼ੁਰੂਆਤ ਕਰਵਾਉਂਦੇ ਹੋਏ।