ਇਹ ਐ ਓਹ ਸਕੂਲ, ਜਿੱਥੇ ਇੱਕੋ ਵਿਦਿਆਰਥੀ ਨੂੰ ਪੜ੍ਹਾਉਣ ਲਈ ਵੀ ਲਾਤਾ ਇੱਕ ਅਧਿਆਪਕ

Advertisement
Spread information

ਅਸ਼ੋਕ ਵਰਮਾ, ਬਠਿੰਡਾ 3 ਫਰਵਰੀ 2024

     ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵਿਆਂ ਉੱਤੇ ਕੋਠੇ ਬੁੱਧ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਨੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਮੌਜੂਦਾ ਸਮੇਂ ਇਸ ਸਕੂਲ ’ਚ ਹਰੇਕ ਸਹੂਲਤ ਮੌਜੂਦ ਹੈ। ਪਰ ਪੜ੍ਹਨ ਵਾਲਾ ਵਿਦਿਆਰਥੀ ਸਿਰਫ ਇੱਕ ਹੀ ਹੈ, ਜਿਸ ਨੂੰ ਪੜ੍ਹਾਉਣ ਲਈ ਇੱਕ ਅਧਿਆਪਕ ਤਾਇਨਾਤ ਕੀਤਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਕੇ ਸਮਾਰਟ ਬਨਾਉਣ ਦੇ ਬਾਵਜੂਦ ਵੀ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਇਸ ਸਕੂਲ ’ਚ ਦਾਖਲ ਕਰਾਉਣ ਤੋਂ ਗੁਰੇਜ਼ ਕਰ ਰਹੇ ਹਨ।  ਰੌਚਕ ਤੱਥ ਇਹ ਵੀ ਹੈ ਕਿ ਯਤਨਾਂ ਦੇ ਬਾਵਜੂਦ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀ ਗਿਣਤੀ ਵਧ ਵੀ ਨਹੀਂ ਸਕੀ ਹੈ। ਭਿੰਦਰ ਸਿੰਘ ਨਾਮ ਦਾ ਇਹ ਵਿਦਿਆਰਥੀ ਪੰਜਵੀਂ ਕਲਾਸ ’ਚ ਪੜ੍ਹਦਾ ਹੈ।                                   
        ਇਸ ਇੱਕਲੌਤੇ ਬੱਚੇ ਲਈ ਹਰ ਰੋਜ਼ ਮਿਡ ਡੇ ਮੀਲ ਸਕੀਮ ਤਹਿਤ ਖਾਣਾ ਵੀ ਬਣਾਇਆ ਜਾਂਦਾ ਹੈ। ਜੇਕਰ ਸਕੂਲ ’ਚ ਹੋਰ ਬੱਚੇ ਦਾਖਲ ਨਾ ਹੋਏ ਤਾਂ ਅਗਲੇ ਵਿਦਿੱਅਕ ਸੈਸ਼ਨ ਤੋਂ ਸਕੂਲ ਨੂੰ ਜਿੰਦਰਾ ਵੱਜਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਗੁਰਸੇਵਕ ਸਿੰਘ ਅਨੁਸਾਰ ਕੋਠੇ ਬੁੱਧਸਿੰਘ ਵਾਲਾ ’ਚ ਸਿਰਫ 90 ਕੁ ਘਰ ਹਨ। ਜਿੰਨ੍ਹਾਂ ਦੀ ਕੁੱਲ ਵਸੋਂ ਲੱਗਭਗ 425 ਬਣਦੀ ਹੈ। ਪਿੰਡ ਦੀਆਂ ਕਰੀਬ 320 ਵੋਟਾਂ ਹਨ ਅਤੇ ਸਮੁੱਚੀ ਅਬਾਦੀ ਜਰਨਲ ਕੈਟਾਗਰੀ ਨਾਲ ਸਬੰਧਤ ਹੈ। ਪਿੰਡ ਦੀ ਅਬਾਦੀ ਪਿੰਡਾਂ ਵਾਂਗ ਇੱਕੋ ਥਾਂ ਨਹੀਂ ਬਲਕਿ ਦੋ ਥਾਵਾਂ ਤੇ ਕਰੀਬ 10-10 ਘਰਾਂ ਦੀ ਵਸੋਂ ਹੈ । ਜਦੋਂਕਿ ਬਾਕੀ ਪ੍ਰੀਵਾਰਾਂ ਨੇ ਆਪੋ ਆਪਣੇ ਹਿਸਾਬ ਨਾਲ ਖੇਤਾਂ ’ਚ ਘਰ ਪਾਏ ਹੋਏ ਹਨ।
       ਉਨ੍ਹਾਂ ਦੱਸਿਆ ਕਿ ਪਿੰਡ ਦੀ ਵਸੋਂ ਜਰਨਲ ਹੋਣ ਕਰਕੇ ਮਾਪਿਆਂ ਦੀ ਤਰਜੀਹ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟ ਸਕੂਲ ਹਨ । ਉਨ੍ਹਾਂ ਕਿਹਾ ਕਿ ਸੰਕਟ ਦਾ ਕਾਰਣ ਸਕੂਲ ਪ੍ਰਾਇਮਰੀ ਹੋਣਾ ਵੀ ਹੈ  ਕਿਉਂਕਿ ਹਰ ਮਾਂ ਬਾਪ ਸੋਚਦਾ ਹੈ ਕਿ ਜਦੋਂ ਅੱਗੇ ਪੜ੍ਹਨ ਲਈ ਬਾਹਰ ਜਾਣਾ ਹੈ ਤਾਂ ਫਿਰ ਸ਼ੁਰੂਆਤ ਹੀ ਬਾਹਰੋਂ ਕਿਉਂ ਨਾਂ ਕੀਤੀ ਜਾਏ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਆਪਣੀ ਤਰਫੋਂ ਪਿੰਡ ਵਾਸੀਆਂ ਨੂੰ ਸਕੂਲ ਬਚਾਉਣ ਲਈ ਬੱਚੇ ਦਾਖਲ ਕਾਰਵਾਉਣ ਵਾਸਤੇ ਪ੍ਰੇਰਣਾ ਮੁਹਿੰਮ ਵੀ ਚਲਾਈ ਸੀ, ਜਿਸ ਦਾ ਕੋਈ ਅਸਰ ਨਹੀਂ ਹੋਇਆ । ਉਨ੍ਹਾਂ ਦੱਸਿਆ ਕਿ  ਬੱਚਿਆਂ ਦੀ ਘਾਟ ਕਾਰਣ ਤਾਂ ਸਕੂਲੀ ਸਿੱਖਿਆ ਵਿਭਾਗ ਨੇ ਇੱਕ ਵਾਰ ਸਕੂਲ ਬੰਦ ਕਰਨ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਸੀ।
       ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਸਕੂਲ ਦੇ ਤੱਤਕਾਲੀ ਅਧਿਆਪਕ ਜਸਵਿੰਦਰ ਸਿੰਘ ਨਾਲ ਮਿਲਕੇ ਨਜ਼ਦੀਕ ਪੈਂਦੇ ਕੋਠੇ ਜੀਵਨ ਸਿੰਘ ਵਾਲਾ ਤੋਂ ਤਕਰੀਬਨ ਦੋ ਦਰਜਨ ਬੱਚਿਆਂ ਦਾ ਇਸ ਸਕੂਲ ’ਚ ਦਾਖਲਾ ਕਰਵਾਇਆ ਸੀ ਜੋ ਦੋ ਸਾਲ ਪੜ੍ਹਦੇ ਵੀ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਸ ਮਾਮਲੇ ’ਚ ਹਿੰਮਤ ਕਰਨ ਵਾਲੇ ਅਧਿਆਪਕ ਜਸਵਿੰਦਰ ਸਿੰਘ ਦੀ ਬਦਲੀ ਹੋ ਗਈ । ਜਿਸ ਤੋਂ ਬਾਅਦ ਸਕੂਲ ਫਿਰ ਬੱਚਿਆਂ ਦੀ ਤੋਟ ਨਾਲ ਜੂਝਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਅਤੇ ਪਿੰਡ ਵਾਸੀ ਜਾਣਦੇ ਹਨ ਕਿ ਮੌਜੂਦਾ ਵਿਦਿਆਰਥੀ ਪੰਜਵੀਂ ’ਚ ਹੈ । ਜਿਸ ਦੇ ਪਾਸ ਹੋਣ ਦੀ ਸੂਰਤ ’ਚ ਸਕੂਲ ਦੀ ਹੋਂਦ ਖਤਰੇ ’ਚ ਪੈ ਜਾਏਗੀ, ਫਿਰ ਵੀ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ‘ਚ ਦਾਖਲ ਕਰਵਾਉਣ ਲਈ ਤਿਆਰ ਨਹੀਂ ਹੋਏ ਹਨ।
ਮਾਪਿਆਂ ਦੀ ਤਰਜੀਹ ਪ੍ਰਾਈਵੇਟ ਸਕੂਲ
ਕੋਠੇ ਬੁੱਧ ਸਿੰਘ ਵਾਲਾ ਸਮਾਰਟ ਸਕੂਲ ਵਿੱਚ ਤਿੰਨ ਸਾਲਾਂ ਤੋਂ ਪੜ੍ਹਾਈ ਕਰ ਰਹੇ ਇਕਲੌਤੇ ਵਿਦਿਆਰਥੀ ਭਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਬੱਚਿਆਂ ਦੀ ਪਹਿਲ ਪਸੰਦ ਪ੍ਰਾਈਵੇਟ ਸਕੂਲ ’ਚ ਪੜ੍ਹਨਾ ਹੈ। ਕਿਉਂਕਿ ਉਨ੍ਹਾਂ ਦੇ ਮਾਪਿਆਂ ਨੂੰ ਲੱਗਦਾ ਹੈ ਕਿ ਸਰਕਾਰੀ ਸਕੂਲਾਂ  ਵਿੱਚ ਪੜ੍ਹਾਈ ਦਾ ਪੱਧਰ ਵਧੀਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਲਈ ਕਾਫੀ ਜੋਰ ਵੀ ਲਾਇਆ  ਅਤੇ ਹੱਲਾਸ਼ੇਰੀ ਵੀ ਦਿੱਤੀ । ਪਰ ਉਨ੍ਹਾਂ ਨੇ ਉੱਕਾ ਹੀ ਹੁੰਗਾਰਾ ਨਹੀਂ ਭਰਿਆ ਹੈ
ਪਿੰਡ ਵਾਸੀਆਂ ਦੀ ਦਿਲਚਸਪੀ ਨਹੀਂ
    ਸਕੂਲ ਅਧਿਆਪਕਾ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ  ਮਈ 2023  ਵਿੱਚ ਇਹ ਸਕੂਲ ਜੁਆਇਨ ਕੀਤਾ ਸੀ ਤਾਂ ਉਦੋਂ ਵੀ ਇੱਕ ਹੀ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਪਿੰਡ ਦੀ ਆਬਾਦੀ ਕਾਫੀ ਹੈ । ਪਰ ਪਿੰਡ ਵਾਸੀ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਤੋਂ ਗਰੇਜ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਸਮੇਂ ਸਮੇਂ ਸਿਰ  ਸਕੂਲ ਸਬੰਧੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਂਦਾ ਰਹਿੰਦਾ ਹੈ। ਫਿਰ ਵੀ  ਮਾਪਿਆਂ ਵੱਲੋਂ  ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ ।
ਮਾਪਿਆਂ ਦੀ ਧਾਰਨਾ ਸਹੀਂ ਨਹੀਂ
       ਡਿਪਟੀ ਡੀਈਓ ਮਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਅਸਲ ’ਚ ਪਿੰਡ ਬੁਧ ਸਿੰਘ ਵਾਲਾ ਵਾਸੀਆਂ ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਧੀਆ ਨਾਂ ਹੋਣ ਸਬੰਧੀ ਬਣੀ ਧਾਰਨਾ ਸਹੀ ਨਹੀਂ, ਬਲਕਿ ਹੁਣ ਤਾਂ ਮਾਪੇ ਪਹਿਲ ਦੇ ਅਧਾਰ ਤੇ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਜੋ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਹ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਮਿਲਦੀਆਂ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ, ਇਸ ਸਕੂਲ ‘ਚ ਦਾਖਲ ਕਰਵਾਉਣ, ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਸਕੂਲ ਹੀ ਹੈ। ਜਿੱਥੇ ਇੱਕ ਵਿਦਿਆਰਥੀ ਲਈ ਵੀ, ਸਿੱਖਿਆ ਵਿਭਾਗ ਨੇ ਅਧਿਆਪਕ ਮੁਹੱਈਆ ਕਰਵਾਇਆ ਗਿਆ ਹੈ ਅਤੇ ਹਰ ਸਹੂਲਤ ਦਿੱਤੀ ਜਾ ਰਹੀ ਹੈ।
Advertisement
Advertisement
Advertisement
Advertisement
Advertisement
error: Content is protected !!