ਕਾਰ ਪਾਰਕਿੰਗ ਦੀ ਪਰਚੀ ਤੋਂ ਵੀ ਘੱਟ ਐ ਪੈਟਰੋਲ ਪੰਪਾਂ ਦਾ ਪ੍ਰਤੀ ਦਿਨ ਦਾ ਕਿਰਾਇਆ
ਨਗਰ ਕੌਂਸਲ ਦੀ ਖੁੱਲ੍ਹੀ ਜਾਗ, ਕਿਰਾਏ ਲਈ ਕੀਤੇ ਐਗਰੀਮੈਂਟਾਂ ਦੀ 35 ਸਾਲ ਪਹਿਲਾਂ ਪੁੱਗ ਚੁੱਕੀ ਐ ਮਿਆਦ
ਹਰਿੰਦਰ ਨਿੱਕਾ, ਬਰਨਾਲਾ 3 ਫਰਵਰੀ 2024
ਇਸ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਬੰਧਕਾਂ/ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਮਝੋ ਜਾਂ ਫਿਰ ਘੋਰ ਲਾਪਰਵਾਹੀ । ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਤੇ ਮਾਮੂਲੀ ਕਿਰਾਏ ਪਰ ਦਿੱਤੀ ਥਾਂ ਉੱਪਰ ਬਣੇ ਤਿੰਨ ਪੈਟ੍ਰੋਲ ਪੰਪਾਂ ਦੇ ਐਗਰੀਮੈਂਟਾਂ ਦੀ ਮਿਆਦ ਪੁੱਗਿਆਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਕਿਤੇ ਜਾ ਕੇ ਨਗਰ ਕੌਂਸਲ ਪ੍ਰਬੰਧਕਾਂ ਦੀ ਜਾਗ ਖੁੱਲ੍ਹੀ ਹੈ। ਨਗਰ ਕੌਂਸਲ ਦੀ ਕਰੋੜਾਂ ਰੁਪਏ ਦੇ ਮੁੱਲ ਦੀ ਪ੍ਰੋਪਰਟੀ ਬਾਰੇ ਮੁੜ ਵਿਚਾਰ ਕਰਨ ਲਈ ਹਾਊਸ ਦੀ ਮੀਟਿੰਗ ਵਿੱਚ 5 ਫਰਵਰੀ ਨੂੰ ਚਰਚਾ ਹੋਵੇਗੀ। ਚਰਚਾ ਉਪਰੰਤ ਹੀ ਹਾਊਸ ਦੇ ਮੈਂਬਰ ਫੈਸਲਾ ਕਰਨਗੇ ਕਿ ਕਿਰਾਇਆ ਵਧਾ ਕੇ ਪੈਟ੍ਰੋਲ ਪੰਪਾਂ ਦੀ ਜਗ੍ਹਾ ਦੇ ਨਵੇਂ ਐਗਰੀਮੈਂਟ ਕਰਨ ਕੀਤੇ ਜਾਣ ਜਾਂ ਫਿਰ ਮਿਆਦ ਲੰਘ ਜਾਣ ਕਾਰਣ, ਐਗਰੀਮੈਂਟ ਦੀਆਂ ਸ਼ਰਤਾਂ ਦਾ ਉਲੰਘਣਾ ਹੋਣ ਦੀ ਵਜ਼੍ਹਾ ਕਰਕੇ, ਜਗ੍ਹਾ ਨੂੰ ਖਾਲੀ ਕਰਵਾਉਣ ਲਈ ਕੋਈ ਚਾਰਾਜੋਈ ਕਰਨ ਨੂੰ ਹਰੀ ਝੰਡੀ ਦਿੱਤੀ ਜਾਵੇ । ਇਨ੍ਹਾਂ ਵਿੱਚ ਦੋ ਪੰਪ ਉਹ ਹਨ, ਜਿਹੜੇ ਧਨੌਲਾ ਰੋਡ ਅੰਡਰ ਬ੍ਰਿਜ ਦੇ ਸਾਹਮਣੇ ਜੌੜੇ ਪੰਪਾਂ ਵਜੋਂ ਮਸ਼ਹੂਰ ਹਨ, ਜਦੋਂਕਿ ਤੀਸਰਾ ਪੰਪ ਉਕਤ ਜਿਕਰਯੋਗ ਦੋਵੇਂ ਪੈਟਰੋਲ ਪੰਪਾਂ ਤੋਂ ਅੱਗੇ ਨਹਿਰੂ ਚੌਂਕ ਵੱਲ ਜਾਂਦੀ ਮੁੱਖ ਸੜਕ ਤੇ ਸਥਿਤ ਹੈ। ਪੈਟਰੋਲ ਪੰਪਾਂ ਤੋਂ ਲਿਆ ਜਾ ਰਿਹਾ ਪ੍ਰਤੀ ਦਿਨ ਦਾ ਕਿਰਾਇਆ ਇੱਕ ਕਾਰ ਦੀ ਪਾਰਕਿੰਗ ਜਿੰਨੀ ਪਰਚੀ ਤੋਂ ਵੀ ਘੱਟ ਬਣਦਾ ਹੈ। ਕਾਰ ਪਾਰਕਿੰਗ ਦੀ ਪਰਚੀ ਲੱਗਭੱਗ ਹਰ ਥਾਂ ਉੱਤੇ 50 ਰੁਪਏ ਪ੍ਰਤੀ 8 ਘੰਟੇ ਵਸੂਲਿਆ ਜਾਂਦਾ ਹੈ। ਯਾਨੀ 24 ਘੰਟਿਆਂ ਲਈ ਕਾਰ ਪਾਰਕਿੰਗ ਦਾ 150 ਰੁਪਏ ਬਣਦਾ ਹੈ। ਉੱਧਰ ਪੈਟਰੋਲ ਪੰਪਾਂ ਦਾ 24 ਘੰਟਿਆਂ ਦਾ ਕਿਰਾਇਆ ਕ੍ਰਮਵਾਰ ਕਰੀਬ 90 ਰੁਪਏ ,47 ਰੁਪਏ ਅਤੇ 118 ਰੁਪਏ ਹੀ ਬਣਦਾ ਹੈ। ਇਸੇ ਰੋਡ ਉੱਤੇ ਨਗਰ ਕੋਂਸਲ ਦੀ ਇੱਕ ਛੋਟੀ ਜਿਹੀ ਦੁਕਾਨ ,ਜਿਹੜੀ ਸਰੀਏ,ਸੀਮਿੰਟ ਵਾਲੀ ਦੁਕਾਨ ਵਿੱਚ ਹੈ, ਤੋਂ ਹਜਾਰਾਂ ਰੁਪਏ ਪ੍ਰਤੀ ਮਹੀਨਾ ਤੈਅ ਹੋਇਆ ਹੈ।ਜਦਕਿ ਪੈਟਰੋਲ ਪੰਪਾਂ ਨੂੰ ਦਿੱਤੀ ਜਗ੍ਹਾ ,ਕਰੀਬ ਦਸ ਗੁਣਾ ਵਧੇਰੇ ਹੈ।
ਕੀ ਕਹਿੰਦੀ ਐ ਏਜੰਡੇ ਦੀ ਤਜਵੀਜ਼ ਨੰ. 27
ਨਗਰ ਕੌਂਸਲ ਦੀ ਮੀਟਿੰਗ ਲਈ ਕੌਂਸਲਰਾਂ ਨੂੰ ਭੇਜੇ ਏਜੰਡੇ ਵਿੱਚ ਲਿਖਿਆ ਗਿਆ ਹੈ ਕਿ ਨਗਰ ਕੌਂਸਲ ਦੀ ਮਾਲਕੀ ਵਾਲੀ ਕਿਰਾਏ ਤੇ ਦਿੱਤੀ ਪੈਟਰੋਲ ਪੰਪਾਂ ਦੀ ਜਗ੍ਹਾ ਦਾ ਕਿਰਾਇਆ ਵਧਾਉਣ ਸਬੰਧੀ ਜਾਂ ਖਾਲੀ ਕਰਵਾਉਣ ਸਬੰਧੀ ਰੈਂਟ ਸ਼ਾਖਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਦਫਤਰ ਨਗਰ ਕੌਂਸਲ ਬਰਨਾਲਾ ਦੀ ਮਾਲਕੀ ਵਾਲੀ ਜਗ੍ਹਾ ਉੱਪਰ ਤਿੰਨ ਪੈਟਰੋਲ ਪੰਪ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਹਨ ਜੋ ਕਿ ਪੱਕਾ ਕਾਲਜ ਰੋਡ (ਰੇਲਵੇ ਸਟੇਸ਼ਨ ਰੋਡ)ਉੱਪਰ ਸਥਿਤ ਹਨ ।
- ਮਦਨ ਲਾਲ, ਦੀਨਾ ਨਾਥ H.P. dil ਦਾ ਮੌਜੂਦਾ ਸਾਲ 2023-24 ਦਾ ਸਲਾਨਾ ਕਿਰਾਇਆ 32104/- + 18% GST ਹੈ (ਸਿਰਫ 2675 ਰੁਪਏ ਮਹੀਨਾ)ਅਤੇ ਇਸ ਪੰਪ ਦੀ ਇਸ ਦਫਤਰ ਨਾਲ ਰੈਂਟ ਐਗਰੀਮੈਂਟ ਦੀ ਮਿਆਦ ਦਫਤਰੀ ਰਿਕਾਰਡ ਅਨੁਸਾਰ ਮਿਤੀ 31.03.1988 ਨੂੰ ਲਗਭਗ ਖਤਮ ਹੋ ਚੁੱਕੀ ਹੈ।
- ਗੋਬਿੰਦ ਰਾਮ ਬਨਾਰਸੀ ਦਾਸ ਪੰਪ ਦਾ ਮੌਜੂਦਾ ਸਾਲ 2023-24 ਦਾ ਸਲਾਨਾ ਕਿਰਾਇਆ 17136/- + 18% GST ਹੈ (ਸਿਰਫ 1428 ਰੁਪਏ ਮਹੀਨਾ)ਅਤੇ ਇਸ ਪੰਪ ਦੀ ਇਸ ਦਫਤਰ ਨਾਲ ਰੈਂਟ ਐਗਰੀਮੈਂਟ ਦੀ ਮਿਆਦ ਦਫਤਰੀ ਰਿਕਾਰਡ ਅਨੁਸਾਰ ਮਿਤੀ 31.3.2000 ਨੂੰ ਲਗਭਗ ਖਤਮ ਹੋ ਚੁੱਕੀ ਹੈੇ।
- ਇਸੇ ਤਰ੍ਹਾਂ ਹੀ ਤੀਸਰਾ ਪੰਪ ਰਾਮ ਜੀ ਦਾਸ ਬਨਾਰਸੀ ਦਾਸ ਦਾ ਮੌਜੂਦਾ ਸਾਲ 2023-24 ਦਾ ਸਲਾਨਾ ਕਿਰਾਇਆ 42801/- + 18% GST ਹੈ (ਸਿਰਫ 3566 ਰੁਪਏ ਮਹੀਨਾ)ਅਤੇ ਇਸ ਪੰਪ ਦੀ ਇਸ ਦਫਤਰ ਨਾਲ ਰੈਂਟ ਐਗਰੀਮੈਂਟ ਦੀ ਮਿਆਦ ਦਫਤਰੀ ਰਿਕਾਰਡ ਅਨੁਸਾਰ ਮਿਤੀ 31.03.1988 ਨੂੰ ਲਗਭਗ ਖਤਮ ਹੋ ਚੁੱਕੀ ਹੈ। ਰੈਂਟ ਸ਼ਾਖਾ ਦਾ ਕਹਿਣਾ ਹੈ ਕਿ ਇਨ੍ਹਾਂ ਪੈਟਰੋਲ ਪੰਪਾਂ ਦਾ ਲਗਭਗ ਪਿਛਲੇ 20-25 ਸਾਲਾਂ ਤੋਂ ਕੋਈ ਨਵਾਂ ਐਗਰੀਮੈਂਟ ਹੀ ਨਗਰ ਕੌਂਸਲ ਦਫਤਰ ਨਾਲ ਨਹੀ ਹੋਇਆ ਹੈ। ਸ਼ਹਿਰ ਵਿੱਚ ਪ੍ਰੋਪਰਟੀਆਂ ਦੇ ਰੇਟ ਅਤੇ ਕਿਰਾਏ ਕਾਫੀ ਵੱਧ ਚੁੱਕੇ ਹਨ। ਪ੍ਰੰਤੂ ਇਨ੍ਹਾਂ ਤਿੰਨ ਪੈਟਰੋਲ ਪੰਪਾਂ ਦਾ ਕਿਰਾਇਆ ਬਜਾਰੀ ਕੀਮਤ ਨਾਲੋ ਬਹੁਤ ਹੀ ਘੱਟ ਹੈ। ਜਿਸ ਜਗ੍ਹਾ ਪਰ ਇਹ ਪੈਟਰੋਲ ਪੰਪ ਲੱਗੇ ਹੋਏ ਹਨ, ਉਹ ਬਜਾਰ ਦੀ ਕਰੋੜਾਂ ਰੁਪਏ ਕੀਮਤ ਦੀ ਸਭ ਤੋਂ ਕੀਮਤੀ ਜਗ੍ਹਾ ਹੈ। ਸੋ ਇਨ੍ਹਾਂ ਪੈਟਰੋਲ ਪੰਪਾਂਂ ਦਾ ਕਿਰਾਇਆ ਵਧਾਉਣ ਸਬੰਧੀ ਜਾਂ ਖਾਲੀ ਕਰਵਾਉਣ ਸਬੰਧੀ ਨਗਰ ਕੌਂਸਲ ਬਰਨਾਲਾ ਦੀ 5 ਫਰਵਰੀ ਨੂੰ ਹੋਣੀ ਨਿਸ਼ਚਿਤ ਹੋਈ ਮੀਟਿੰਗ ਵਿੱਚ ਵਿਚਾਰ ਕਰਨਾ ਜਰੂਰੀ। ਇਸ ਅਜੰਡੇ ਤੋਂ ਬਾਅਦ ਪੰਪ ਮਾਲਿਕਾਂ ਦੀਆਂ ਮੁਸ਼ਕਿਲਾਂ ਵਧ ਜਾਣ ਦੇ ਆਸਾਰ ਪ੍ਰਬਲ ਦਿਖਾਈ ਦੇ ਰਹੇ ਹਨ।