ਐਮ,ਤਾਵਿਸ਼, ਧਨੌਲਾ(ਬਰਨਾਲਾ) 29 ਜਨਵਰੀ 2024
ਸੂਬਾ ਸਰਕਾਰ ਦੀ ਸਹਿ ‘ਤੇ ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਦੀ ਹੋਈ ਗ੍ਰਿਫਤਾਰੀ ਦੇ ਰੋਸ ਵਜੋਂ ਸਰਕਾਰ ਨੂੰ ਚੁਣੌਤੀ ਦੇਣ ਲਈ ਅੱਜ ਉਨ੍ਹਾਂ ਦੇ ਪਿੰਡ ਕੋਟਦੁੱਨਾ ਵਿਖੇ ਲੋਕਾਂ ਦੇ ਇੱਕਠ ਦੇ ਹੜ੍ਹ ਆ ਗਿਆ। ਇਸ ਮੌਕੇ ਲੋਕਾਂ ਨੇ ਭਾਨਾ ਸਿੱਧੂ ਦੇ ਹੱਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਵਿੱਚ ਰੋਹਲੀ ਅਵਾਜ ਵਿੱਚ ਨਾਅਰੇਬਾਜੀ ਕੀਤੀ। ਭਾਨਾ ਸਿੱਧੂ ਦੇ ਹੱਕ ਵਿੱਚ ਆਪ ਮੁਹਾਰੇ ਨਿੱਤਰੇ ਆਮ ਲੋਕਾਂ ਤੋਂ ਇਲਾਵਾ ਉਨਾਂ ਦੀ ਹਮਾਇਤ ‘ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਐਡਵੋਕੇਟ ਸਤਨਾਮ ਸਿੰਘ ਰਾਹੀਂ ,ਅਕਾਲੀ ਦਲ ਬਾਦਲ ਦੇ ਜਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ , ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਤੇ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਭਾਨਾ ਸਿੱਧੂ ਤੇ ਜੁਲਮ ਢਾਹ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ , ਉਨਾਂ ਆਗੂਆਂ ‘ਤੇ ਹੀ ਅੱਤਿਆਚਾਰ ਕਰ ਰਹੀ ਹੈ, ਜਿਹੜੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ । ਪ੍ਰੰਤੂ ਨਸ਼ੇ ਦੇ ਕਾਰੋਬਾਰੀ ਸਰੇਆਮ ਘੁੰਮਦੇ ਫਿਰਦੇ ਹਨ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ, ਉਹ ਕੰਮ ਨੂੰ ਨਾ ਹੁੰਦਾ ਵੇਖਦੇ ਹੋਏ, ਲੋਕ ਭਾਨਾ ਸਿੱਧੂ ਦੀ ਸ਼ਰਨ ਵਿਚ ਮੱਦਦ ਲੈਣ ਆ ਰਹੇ ਸਨ।
ਆਗੂਆਂ ਨੇ ਕਿਹਾ ਕਿ ਵਿਦੇਸ਼ ਭੇਜਣ ਦੇ ਨਾਮ ਤੇ ਮੋਟੀਆਂ ਠੱਗੀਆਂ ਮਾਰਨ ਵਾਲੇ ਟ੍ਰੈਵਲ ਏਜੰਟਾਂ ਤੋਂ ਪੀੜਤ ਲੋਕਾਂ ਦੇ ਪੈਸੇ ਵਾਪਿਸ ਦਿਵਾਉਣ ਵਾਲੇ ਭਾਨੇ ਸਿੱਧੂ ਦਾ ਕੰਮ ਸਰਕਾਰ ਨੂੰ ਪਸੰਦ ਨਹੀ ਆਇਆ। ਜਿਸ ਕਾਰਨ ਉਸ ਉਪਰ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਚਾਰ ਪਰਚੇ ਦਰਜ ਕਰਕੇ, ਭਾਨਾ ਸਿੱਧੂ ‘ਤੇ ਤਸੱਦਦ ਢਾਹਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਿੰਡ ਕੋਟਦੁੱਨਾ ਦਾ ਇਹ ਵਿਸ਼ਾਲ ਇੱਕਠ ਦੇਖ ਲੈਣਾ ਚਾਹੀਦਾ ਹੈ, ਜਿਹੜਾ ਸਰਕਾਰ ਦੇ ਜਬਰ ਜੁਲਮ ਦੀਆਂ ਕੰਧਾਂ ਹਿਲਾ ਕੇ ਰੱਖ ਦੇਵੇਗਾ। ਆਗੂਆਂ ਨੇ ਕਿਹਾ ਕਿ ਉਹ ਭਾਨੇ ਸਿੱਧੂ ਦੀ ਰਿਹਾਈ ਤੱਕ ਟਿਕ ਕੇ ਬੈਠਣ ਵਾਲੇ ਨਹੀ ਹਨ, ਸਗੋਂ ਸਰਕਾਰ ਦੇ ਖਿਲਾਫ ਹੋਰ ਤਿੰਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵੱਖ ਵੱਖ ਜੱਥੇਬੰਦੀਆ ਦੇ ਆਏ ਹੋਰਨਾਂ ਆਗੂਆਂ ਨੇ ਵੀ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦਿਆਂ ਹੋਇਆ ਕਿਹਾ ਕਿ ਇੰਮੀਗਰੇਸ਼ਨ ਨਾਲ ਸਬੰਧਿਤ ਲੋਕਾਂ ਦੇ ਏਜੰਟਾਂ ਕੋਲ ਫਸੇ ਹੋਏ ਕਰੋੜਾਂ ਰੁਪਏ ਆਪਣੇ ਜੋਰ ਤੇ ਵਾਪਸ ਕਰਵਾਉਣ ਵਾਲਾ ਭਾਨਾ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਇੰਮੀਗਰੇਸ਼ਨ ਨਾਲ ਜੁੜੇ ਹੋਏ ਲੁਟੇਰਿਆਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ। ਜਿਸ ਨੂੰ ਪਹਿਲਾ ਲੁਧਿਆਣਾ ਪੁਲਿਸ ਨੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ, ਜਮਾਨਤ ਮਿਲਣ ਮਗਰੋਂ ਪਟਿਆਲਾ ਪੁਲਿਸ ਨੇ ਚੈਨੀ ਖੋਹਣ ਦੇ ਇੱਕ ਹੋਰ ਮਾਮਲੇ ਵਿਚ ਇਕ ਹੋਰ ਐਫ,ਆਈ,ਆਰ ਦਰਜ ਕਰਦੇ ਹੋਏ ਉਸ ਨੂੰ ਰਿਆਹ ਹੋਣ ਤੋਂ ਪਹਿਲਾ ਹੀਂ ਮਾਲੇਰਕੋਟਲਾ ਸਥਿਤ ਜੇਲ੍ਹ ਤੋਂ ਗਿਰਫਤਾਰ ਕਰ ਲਿਆ। ਇਸ ਮੌਕੇ ਭਾਨਾ ਸਿੱਧੂ ਦੀ ਦਾਦੀ , ਸਰਪੰਚ ਸਰਬਜੀਤ ਸਿੰਘ ਸਰਬਾ, ਸੰਦੀਪ ਸਿੰਘ ਸੀਪਾ, ਕੁਲਦੀਪ ਸਿੰਘ ਬੁੱਗਰਾ, ਪਰਵਿੰਦਰ ਸਿੰਘ ਝੋਟਾ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਮੋਹਰਲੀਆਂ ਸਫਾਂ ਦੇ ਆਗੂ ਪਹੁੰਚੇ ਸਨ।