ਗੱਭਰੂ ਲਈ ਮੌਤ ਦੀ ਵਜ੍ਹਾ ਬਣਿਆ, 2 ਦੋਸਤਾਂ ’ਚ ਮਾਮੂਲੀ ਰੋਸਾ…!

Advertisement
Spread information

ਬਠਿੰਡਾ ਪੁਲਿਸ ਨੇ ਚਾਓਕੇ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ 
ਅਸ਼ੋਕ ਵਰਮਾ, ਬਠਿੰਡਾ 27 ਜਨਵਰੀ 2024

       ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਨੇ ਪਿੰਡ ਚਾਓਕੇ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਮੁਲਜਮ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕਤਲ ਦੀ ਘੁੰਢੀ ਖੁੱਲ੍ਹੀ ਤਾਂ ਪਤਾ ਲੱਗਿਆ ਕਿ ਦੋ ਦੋਸਤਾਂ ’ਚ ਮਾਮੂਲੀ ਰੋਸਾ ਹੀ ਸੀ ਜੋ ਇੱਕ ਚੜ੍ਹਦੀ ਉਮਰ ਦੇ ਗੱਭਰੂ ਦੀ ਮੌਤ ਦੀ ਵਜ੍ਹਾ ਬਣਿਆ ਹੈ। ਡੀਐਸਪੀ ਫੂਲ ਮੋਹਿਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਚਾਉਕੇ ਨੇ ਪੁਲਿਸ ਚੌਕੀ ਚਾਉਕੇ ਥਾਣਾ ਸਦਰ ਰਾਮਪੁਰਾ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਭਰਾ ਅਰਸ਼ਦੀਪ ਸਿੰਘ ਉਮਰ ਕਰੀਬ 22 ਮਿਤੀ 17 ਜਨਵਰੀ ਵਾਲੇ ਦਿਨ ਸ਼ਾਮ ਨੂੰ ਘਰੋਂ ਚਲਾ ਗਿਆ ਸੀ।                             
       ਉਨ੍ਹਾਂ ਦੱਸਿਆ ਕਿ  ਗੁੰਮਸ਼ੁਦਾ ਦੀ ਤਲਾਸ਼ ਦੌਰਾਨ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਨੂੰ ਮਿਤੀ 17 ਜਨਵਰੀ ਦੀ ਸ਼ਾਮ ਨੂੰ ਗੁਰਭਿੰਦਰ ਸਿੰਘ ਉਰਫ ਗੋਲਡੀ ਪੁੱਤਰ ਮਲਕੀਤ ਸਿੰਘ ਅਤੇ ਬਲਜੀਤ ਸਿੰਘ ਉਰਫ ਪ੍ਰਭੂ ਪੁੱਤਰ ਰਾਜ ਸਿੰਘ ਵਾਸੀਆਨ ਚਾਉਕੇ ਮੇਲਾ ਦੇਖਣ ਦੇ ਬਹਾਨੇ ਗੁਰਭਿੰਦਰ ਸਿੰਘ ਦੇ  ਸਪਲੈਡਰ ਮੋਟਰ ਸਾਇਕਲ  ਤੇ ਬਿਠਾ ਕੇ ਲੈ ਗਏ ਸਨ। ਇਸ ਸਬੰਧੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਸ ਦੇ ਭਰਾ ਨੂੰ ਗੁਰਭਿੰਦਰ ਸਿੰਘ ਅਤੇ ਬਲਜੀਤ ਸਿੰਘ ਨੇ ਕਿਤੇ ਮਾਰ ਕੇ ਖਪਾ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਕਤਲ ਦਾ ਕਾਰਨ ਇਹ ਹੈ ਕਿ ਕੁੱਝ ਸਮਾਂ ਪਹਿਲਾਂ ਅਰਸ਼ਦੀਪ ਸਿੰਘ ਅਤੇ ਗੁਰਭਿੰਦਰ ਸਿੰਘ ਦੀ ਆਪਸ ਵਿੱਚ ਅਣਬਣ ਹੋ ਗਈ ਸੀ ।
      ਦੋਵਾਂ ਵਿਚਕਾਰ ਆਪਸ ’ਚ  ਸੁਲ੍ਹਾ ਵੀ ਹੋ ਗਈ ਸੀ। ਪਰ ਗੁਰਭਿੰਦਰ ਸਿੰਘ ਅਜੇ ਵੀ ਦਿਲ ਵਿੱਚ ਖੋਰ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਥਾਣਾ ਸਦਰ ਰਾਮਪੁਰਾ ’ਚ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਤਾਂ ਮੁਲਜਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਡੀਐਸਪੀ ਨੇ ਦੱਸਿਆ ਕਿ ਮੁਲਜਮਾਂ ਨੇ ਮੰਨਿਆ ਕਿ ਉਨ੍ਹਾਂ ਦੋਵਾਂ ਨੇ ਉਸੇ ਦਿਨ ਅਰਸ਼ਦੀਪ ਸਿੰਘ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਅਤੇ  ਉਸ ਦਾ ਸਾਹ ਬੰਦ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜਮ ਅਰਸ਼ਦੀਪ ਸਿੰਘ ਦੀ ਲਾਸ਼ ਨੂੰ ਮੋਟਰ ਸਾਇਕਲ ਤੇ ਗੁਰਭਿੰਦਰ ਸਿੰਘ ਦੇ ਬਾਹਰਲੇ ਘਰ ਲੈ ਗਏ ਅਤੇ ਕਮਰੇ ਵਿੱਚ ਟੋਆ ਪੁੱਟ ਕੇ ਲਾਸ਼ ਨੂੰ ਮਿੱਟੀ ਵਿੱਚ ਦੱਬ ਦਿੱਤਾ ।
      ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਹਿਸੀਲਦਾਰ ਬਾਲਿਆਂ ਵਾਲੀ ਦੀ ਹਾਜਰੀ ਵਿੱਚ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਲਾਸ਼ ਨੂੰ ਬਾਹਰ ਕੱਢਿਆ ਅਤੇ  ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਭਿਜਵਾਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਏਗਾ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ  ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ ਬਰਾਮਦ ਕਰਵਾਇਆ ਜਾ ਸਕੇ।

Advertisement
Advertisement
Advertisement
Advertisement
Advertisement
error: Content is protected !!