ਕੜਾਕੇ ਦੀ ਠੰਢ ’ਚ ਕੰਪਿਊਟਰ ਅਧਿਆਪਕਾਂ ਨੇ ਸੰਘਰਸ਼ੀ ਅਖਾੜਾ ਮਘਾਇਆ
ਅਸ਼ੋਕ ਵਰਮਾ, ਮੋਹਾਲੀ 21 ਜਨਵਰੀ 2024
ਪੰਜਾਬ ਸਰਕਾਰ ਦੇ ਵਤੀਰੇ ਤੋਂ ਅੱਗੇ ਕੰਪਿਊਟਰ ਅਧਿਆਪਕਾਂ ਅੱਜ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਅੱਜ ਕੜਾਕੇ ਦੀ ਠੰਢ ਦੌਰਾਨ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਕੇ ਮੰਗਾਂ ਨਾਂ ਮੰਨਣ ਦੀ ਸੂਰਤ ’ਚ ਆਰ ਪਾਰ ਦੀ ਲੜਾਈ ਲੜਨ ਦੀ ਚਿਤਾਵਨੀ ਦਿੱਤੀ। ਵੱਖ ਵੱਖ ਜਿਲਿ੍ਹਆਂ ਨਾਲ ਸਬੰਧਤ ਇਹ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਭਾਲ ਯਾਤਰਾ ਨੂੰ ਸਮਾਪਤ ਕਰਨ ਉਪਰੰਤ ਅੱਜ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨ ਤਾਰਨ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵਿਖੇ ਇਕੱਤਰ ਹੋਏ ਜਿੱਥੇ ਆਧਿਆਪਕ ਆਗੂਆਂ ਨੇ ਗਰਮਾ ਗਰਮ ਤਕਰੀਰਾਂ ਰਾਹੀਂ ਪੰਜਾਬ ਸਰਕਾਰ ਦੀਆਂ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ ਭੜਾਸ ਕੱਢੀ।
ਆਪਣੇ ਲੀਡਰਾਂ ਦੇ ਭਾਸ਼ਣਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੂੰ ਭਾਲਣ ਲਈ ਰੋਸ ਮਾਰਚ ਕਰਦੇ ਹੋਏ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ ਤਾਂ ਇੱਕਦਮ ਆਏ ਇਸ ਹਜੂਮ ਨੂੰ ਦੇਖਦਿਆਂ ਪੱਬਾਂ ਭਾਰ ਹੋਏ ਪ੍ਰਸ਼ਾਸਨ ਨੇ ਕੰਪਿਊਟਰ ਅਧਿਆਪਕਾਂ ਨੂੰ ਚੰਡੀਗੜ੍ਹ ਵੱਲ ਰੋਸ ਮਾਰਚ ਕਰਨ ਤੋਂ ਰੋਕ ਲਿਆ। ਇਸ ਮੌਕੇ ਅਧਿਕਾਰੀਆਂ ਨੇ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਅਧਿਆਪਕਾਂ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲਿਆਂ ਵੱਲ ਪਿੱਠ ਕਰਨੀ ਜਾਰੀ ਰੱਖੀ ਤਾਂ ਉਹ ਫਿਰ ਤੋਂ ਚੰਡੀਗੜ੍ਹ ਕੂਚ ਕਰਨਗੇ। ਕੰਪਿਊਟਰ ਅਧਿਆਪਕ ਆਗੂਆਂ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਮੀਡੀਆ ਰਾਹੀਂ ਜਨਤਕ ਹੋ ਕੇ ਹਰ ਪ੍ਰਕਾਰ ਦੇ ਮਸਲਿਆਂ ਦਾ ਹੱਲ ਕਰਨ ਲਈ ਡੌਂਡੀ ਪਿੱਟ ਰਿਹਾ ਹੈ ਪਰ ਹਕੀਕਤ ਇਸ ਤੋਂ ਵੱਖਰੀ ਦਿਖਾਈ ਦੇ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਬਾਰ ਬਾਰ ਮੀਟਿੰਗਾਂ ਲਈ ਚੰਡੀਗੜ੍ਹ ਸੱਦ ਕੇ ਜਾਇਜ਼ ਅਤੇ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੀਟਿੰਗ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਰੋਹ ਅਤੇ ਰੋਸ਼ ਪਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਅਨੇਕਾਂ ਵਾਰ ਅਖਬਾਰਾਂ, ਸੋਸ਼ਲ ਮੀਡੀਆਂ ਅਤੇ ਆਪਣੀ ਆਮ ਆਦਮੀ ਪਾਰਟੀ ਦੇ ਵੱਖ – ਵੱਖ ਮੰਚਾਂ ਰਾਹੀ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦੀਵਾਲੀ ਤੇ ਪੂਰਣ ਰੂਪ ਵਿੱਚ ਸਿਵਲ ਸੇਵਾਵਾਂ ਦੇ ਨਿਯਮ ਅਤੇ 6ਵਾਂ ਤਨਖਾਹ ਕਮਿਸ਼ਨ ਦੀਵਾਲੀ ਪਹਿਲਾ ਲਾਗੂ ਕਰਨ ਦਾ ਐਲਾਨ ਕਈ ਵਾਰ ਕਰ ਚੁੱਕਾ ਹੈ ਪਰ ਇਹ ਵਾਅਦਾ ਦੋ ਸਾਲ ਬੀਤ ਜਾਣ ਉਪਰੰਤ ਅੱਜ ਤੱਕ ਵਫਾ ਨਹੀਂ ਹੋਇਆ ।
ਜੱਥੇਬੰਦੀ ਨੇ ਸਪੱਸ਼ਟ ਕੀਤਾ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ ਤੋਂ ਬਾਅਦ ਅੱਜ ਤੱਕ ਸ਼ੋਸ਼ਣ ਜਾਰੀ ਹੈ । ਕੰਪਿਊਟਰ ਅਧਿਆਪਕਾਂ ਦੀ ਭਰਤੀ ਮਗਰੋਂ ਜਿੰਨੀਆਂ ਵੀ ਨਿਯੁਕਤੀਆਂ ਪੰਜਾਬ ਦੇ ਸਕੂਲਾਂ ਵਿੱਚ ਹੋਈਆਂ ਹਨ ਉਹ ਸਾਰੇ ਮੁਲਾਜਮ ਏ.ਸੀ.ਪੀ., ਮੈਡੀਕਲ ਸਹੁਲਤਾਂ, ਆਈ.ਆਰ., 6ਵਾਂ ਤਨਖਾਹ ਕਮਿਸ਼ਨ, ਮੌਤ ਤੋਂ ਬਾਅਦ ਅਧਿਆਪਕ ਦੇ ਪਰਿਵਾਰ ਨੋ ਨੌਕਰੀ,ਅਤੇ ਹੋਰ ਸਾਰੇ ਲਾਭ ਪ੍ਰਾਪਤ ਕਰ ਰਹੇ ਹਨ ਪਰਕੰਪਿਊਟਰ ਅਧਿਆਪਕਾਂ ਨੂੰ ਅੱਖੋ ਪਰੋਖੇ ਕੀਤ ਜਾ ਰਿਹਾ ਹੈ ।
ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ 100 ਤੋਂ ਵੱਧ ਕੰਪਿਊਟਰ ਅਧਿਆਪਕ ਨੌਕਰੀ ਦੌਰਾਨ ਸੇਵਾ ਕਰਦੇ ਹੋਏ ਅਤੇ ਕਰੋਨਾ ਕਾਲ ਦੇ ਦੌਰਾਨ ਡਿਊਟੀਆਂ ਨਿਭਾਉਂਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਸਰਕਾਰ ਨੇ ਨਾ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਕੌਡੀ ਦੀ ਸਹਾਇਤਾ ਕੀਤੀ ਨਾ ਹੀ ਉਹਨਾਂ ਦੇ ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ ਜਿਸ ਕਾਰਨ ਪਰਿਵਾਰ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇਜੱਥੇਬੰਦੀ ਦੇ ਆਗੂ ਹਰਜੀਤ ਸਿੰਘ ਸੀਨੀ ਮੀਤ ਪ੍ਰਧਾਨ,ਏਕਮਉਕਾਰ ਸਿੰਘ ਮੀਤ ਪਧਾਨ , ਨਰਦੀਪ ਸ਼ਰਮਾਂ ਮੀਤ ਪਧਾਨ , ਸਿਕੰਦਰ ਸਿੰਘ ਮੀਤ ਪਧਾਨ , ਅਨਿਲ ਐਰੀ ਮੀਤ ਪ੍ਰਧਾਨ , ਪਰਮਵੀਰ ਸਿੰਘ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ ਘੁਮਾਣ ਜਨਰਲ ਸਕੱਤਰ, ਅਮਰਦੀਪ ਸਿੰਘ ਕਾਨੂੰਨੀ ਸਲਾਹਕਾਰ, ਈਸ਼ਰ ਸਿੰਘ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਮੋਹਾਲੀ ਆਦਿ ਹਾਜ਼ਰ ਸਨ।