ਬਿੱਟੂ ਜਲਾਲਾਬਾਦੀ, ਫਾਜਿਲ਼ਕਾ, 9 ਜਨਵਰੀ 2024
ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਨੇ ਲੁੱਟ ਖੋਹ ਦੇ ਦੋ ਵੱਖ ਵੱਖ ਕੇਸਾਂ ਦੀ ਵੱਖਰੇ ਵੱਖਰੇ ਸੁਣਵਾਈ ਪੂਰੀ ਕਰਦਿਆਂ ਦੋਸ਼ੀਆਂ ਨੂੰ 5—5 ਸਾਲ ਦੀ ਸਜਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸੁਰਿੰਦਰ ਕੁਮਾਰ ਵਾਸੀ ਬੇਗਾਂ ਵਾਲੀ ਦੇ ਬਿਆਨਾਂ ਤੇ ਥਾਣਾ ਸਦਰ ਅਬੋਹਰ ਵਿਖੇ ਐਫਆਈਆਰ ਨੰਬਰ 13 ਮਿਤੀ 26 ਫਰਵਰੀ 2022 ਦਰਜ ਕੀਤੀ ਗਈ ਸੀ। ਜਿਸ ਅਨੁਸਾਰ ਉਕਤ ਸਿ਼ਕਾਇਤਕਰਤਾ ਸੁਰਿੰਦਰ ਕੁਮਾਰ ਤੋਂ ਅਬੋਹਰ ਬਾਈਪਾਸ ਨੇੜੇ ਦੋਸ਼ੀ ਨੇ 24500 ਰੁਪਏ ਦੀ ਖੋਹ ਕਰ ਲਈ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਜੁਗਰਾਜ ਸਿੰਘ ਵਾਸੀ ਢਾਣੀ ਭੁੱਲਰਾਂਵਾਲੀ ਦਾਖਲੀ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਧਾਰਾ 379 ਬੀ ਤਹਿਤ 5 ਸਾਲ ਦੀ ਸਜਾ ਅਤੇ 10 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।ਜੁਰਮਾਨਾ ਅਦਾ ਨਾ ਕਰਨ ਤੇ ਇਕ ਸਾਲ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਇਸੇ ਤਰਾਂ ਧਾਰਾ 201 ਆਈਪੀਸੀ ਤਹਿਤ ਵੀ ਉਸਨੂੰ ਦੋਸ਼ੀ ਮੰਨਦਿਆਂ ਇਕ ਸਾਲ ਕੈਦ ਅਤੇ 1000 ਰੁਪਏ ਜੁਰਮਾਨਾ ਲਗਾਇਆ ਗਿਆ।ਜੁਰਮਾਨਾ ਅਦਾ ਨਾ ਕਰਨ ਤੇ ਇਕ ਮਹੀਨਾ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ।
ਇਸੇ ਤਰਾਂ ਦੂਜਾ ਕੇਸ ਗੌਰਵ ਕਟਾਰੀਆ ਵਾਸੀ ਫਾਜਿ਼ਲਕਾ ਦੇ ਬਿਆਨਾਂ ਪਰ ਥਾਣਾ ਸੀਟੀ ਫਾਜਿ਼ਲਕਾ ਵਿਚ ਧਾਰਾ 379ਬੀ ਤਹਿਤ ਐਫਆਈਆਰ ਨੰਬਰ 48 ਮਿਤੀ 20 ਅਪ੍ਰੈਲ 2022 ਦਰਜ ਹੋਇਆ ਸੀ। ਇਸ ਕੇਸ ਵਿਚ ਸਿ਼ਕਾਇਤ ਕਰਤਾ ਦਾ ਮੁਬਾਇਲ ਤਿੰਨ ਲੋਕਾਂ ਨੇ ਖੋਹ ਲਿਆ ਸੀ। ਇਸ ਮਾਮਲੇ ਵਿਚ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਨੇ ਮਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਵਾਸੀ ਓਝਾਂ ਵਾਲੀ ਨੂੰ ਧਾਰਾ 379 ਬੀ ਤਹਿਤ ਦੋਸ਼ੀ ਪਾਇਆ ਅਤੇ 5—5 ਸਾਲ ਦੀ ਕੈਦ ਅਤੇ 10 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇਕ ਇਕ ਸਾਲ ਵਾਧੂ ਜੇਲ੍ਹ ਵਿਚ ਰਹਿਣਾ ਪਵੇਗਾ। ਅੱਜ ਕੱਲ ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਮਾਨਯੋਗ ਅਦਾਲਤ ਦੇ ਇਸ ਫੈਸਲੇ ਸਬਕ ਹਨ ਕਿ ਇਸ ਤਰਾਂ ਦੇ ਅਪਰਾਧ ਕਰਕੇ ਇਹ ਲੋਕ ਲੰਬੇ ਸਮੇਂ ਲਈ ਜ਼ੇਲ੍ਹ ਵਿਚ ਜਾ ਸਕਦੇ ਹਨ।