ਹਰਪ੍ਰੀਤ ਕੌਰ ਬਬਲੀ, ਸੰਗਰੂਰ, 8 ਜਨਵਰੀ 2024
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਪੀਏਸੀ ਮੈਂਬਰ ਸ. ਬਹਾਦਰ ਸਿੰਘ ਭਸੌੜ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਚੀਮਾ ਨੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਬੀਬੀ ਬਿਲਕਿਸ ਬਾਨੋ ਮਾਮਲੇ ਵਿੱਚ ਦੋਸ਼ੀਆਂ ਦੀ ਰਿਹਾਈ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਨਵੇਂ ਆਦੇਸ਼ਾਂ ਨੂੰ ਇਨਸਾਫ ਦੀ ਜਿੱਤ ਕਰਾਰ ਦਿੱਤਾ ਹੈ |
ਆਗੂਆਂ ਨੇ ਕਿਹਾ ਕਿ ਬੀਬੀ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਆਜਾਦੀ ਦੇ ਅੰਮਿ੍ਤ ਮਹਾਂਉਤਸਵ ਤਹਿਤ ਰਿਹਾਅ ਕਰਨ ਦਾ ਫੈਸਲਾ ਸੁਣਾ ਕੇ ਭਾਜਪਾ ਦੇ ਇਸ਼ਾਰੇ ‘ਤੇ ਜਬਰ ਜਿਨਾਹ ਤੇ ਹੱਤਿਆਂ ਕਰਨ ਵਾਲਿਆਂ ਦਾ ਪੱਖ ਪੂਰਿਆ ਗਿਆ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਗੁਜਰਾਤ ਸਰਕਾਰ ਦੇ ਉਪਰੋਕਤ ਫੈਸਲੇ ਦਾ ਵਿਰੋਧ ਪ੍ਰਗਟਾਇਆ ਹੈ | ਸਿਰਫ ਐਮ.ਪੀ. ਮਾਨ ਹੀ ਅਜਿਹੇ ਆਗੂ ਹਨ, ਜਿਨ੍ਹਾਂ ਨੇ ਭਾਜਪਾ ਦੇ ਇਸ਼ਾਰੇ ‘ਤੇ ਗੁਜਰਾਤ ਸਰਕਾਰ ਵੱਲੋਂ ਬੀਬੀ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਪਾਰਲੀਮੈਂਟ ਅਤੇ ਪਾਰਲੀਮੈਂਟ ਤੋਂ ਬਾਹਰ ਮੀਡੀਆ ਅੱਗੇ ਪ੍ਰਮੁੱਖਤਾ ਨਾਲ ਚੁੱਕਿਆ | ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰਕੇ ਲੋਕਾਂ ਵਿੱਚ ਅਦਾਲਤਾਂ ਵਿੱਚ ਨਿਆਂ ਮਿਲਣ ਦੇ ਭਰੋਸੇ ਨੂੰ ਹੋਰ ਪੱਕਾ ਕੀਤਾ ਹੈ |
ਵਰਨਣਯੋਗ ਹੈ ਕਿ 2002 ਵਿੱਚ ਗੁਜਰਾਤ ਦੇ ਦੰਗਿਆਂ ਦੌਰਾਨ ਬੀਬੀ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਿਨਾਹ ਹੋਇਆ ਸੀ | ਉਸ ਵੇਲੇ ਬੀਬੀ ਬਾਨੋ 5 ਮਹੀਨਿਆਂ ਦੀ ਗਰਭਵਤੀ ਸੀ | ਇਸ ਘਟਨਾ ਵਿੱਚ ਉਸਦੀ ਤਿੰਨ ਸਾਲ ਦੀ ਬੇਟੀ ਸਮੇਤ ਪਰਿਵਾਰ ਦੇ 7 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਗੁਜਰਾਤ ਸਰਕਾਰ ਨੇ ਇਸ ਮਾਮਲੇ ਆਜਾਦੀ ਦਿਹਾੜੇ ਮੌਕੇ ਸਾਰੇ 11 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੀਬੀ ਬਾਨੋ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ | ਹੁਣ ਸੁਪਰੀਮ ਕੋਰਟ ਨੇ ਸਾਰੇ 11 ਦੋਸ਼ੀਆਂ ਦੀ ਰਿਹਾਈ ਰੱਦ ਕਰਕੇ ਦੋ ਹਫਤਿਆਂ ਦੇ ਵਿੱਚ ਆਤਮ ਸਮਰਪਣ ਦੇ ਆਦੇਸ਼ ਜਾਰੀ ਕੀਤੇ ਹਨ |