ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਡੀਐਸਪੀ ਬੁਢਲਾਡਾ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ
ਰਘਵੀਰ ਹੈਪੀ , ਬਰਨਾਲਾ 8 ਜਨਵਰੀ 2024
ਚੋਲਾ ਨਾਂ ਦੀ ਪ੍ਰਾਈਵੇਟ ਫਾਈਨਾਂਸ ਕੰਪਨੀ ਦੀ ਬਰਨਾਲਾ ਬ੍ਰਾਂਚ ਤੋਂ ਪਰਮਜੀਤ ਕੌਰ ਪਤਨੀ ਜਗਰਾਜ ਸਿੰਘ ਵਾਸੀ ਕਪਿਆਲ ਨੇ ਕਾਰ ਖ੍ਰੀਦਣ ਲਈ 6 ਲੱਖ 70ਹਜ਼ਾਰ ਰੁਪਏ ਲੋਨ ਲਿਆ ਸੀ। ਇਸ ਲੋਨ ਦੀਆਂ ਕਿਸ਼ਤਾਂ ਤੇ ਵਿਆਜ਼ ਸਮੇਤ 8 ਲੱਖ ਰੁਪਏ ਵਾਪਸ ਵੀ ਕਰ ਦਿੱਤਾ ਹੈ। ਮਹੀਨਾ ਭਰ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਇਸ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਸਮਝੌਤਾ ਕਰਵਾ ਦਿੱਤਾ ਸੀ। ਪਰ ਫਾਈਨਾਂਸ ਵੱਲੋਂ ਕੰਪਨੀ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਜਾਣ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਕੀਤੇ ਵਾਅਦੇ ਨੂੰ ਲਾਗੂ ਕਰਨ ਲਈ ਗੱਲਬਾਤ ਕੀਤੀ। ਪਰ ਫਾਈਨਾਂਸ ਕੰਪਨੀ ਨੇ ਆਪਣੇ ਕੀਤੇ ਵਾਅਦੇ ਨੂੰ ਲਾਗੂ ਤਾਂ ਕਰਨਾ ਸੀ । ਸਗੋਂ ਉਲਟਾ ਲੋਨ ਨਾਲ ਸਬੰਧਤ ਪਰਮਜੀਤ ਕੌਰ ਅਤੇ ਜਥੇਬੰਦੀ ਨਾਲ ਧਮਕੀਆਂ ਉੱਪਰ ਉੱਤਰ ਆਏ । ਜਥੇਬੰਦੀ ਦੇ ਆਗੂਆਂ ਰਣਧੀਰ ਸਿੰਘ ਭੱਟੀਵਾਲ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੁਲਵਿੰਦਰ ਸਿੰਘ ਉੱਪਲੀ, ਰਾਣਾ ਸਿੰਘ ਉੱਪਲੀ, ਜੱਗਾ ਸਿੰਘ ਮਹਿਲਕਲਾਂ, ਬਚਿੱਤਰ ਸਿੰਘ, ਬਲਵੰਤ ਸਿੰਘ ਠੀਕਰੀਵਾਲਾ,ਡਾ ਰਜਿੰਦਰ ਨੇ ਕਿਹਾ ਕਿ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਭੋਲੇ ਭਾਲੇ ਕਿਸਾਨਾਂ ਨੂੰ ਪੂਰੀ ਜਾਣਕਾਰੀ ਨਾ ਹੋਣ ਕਰਕੇ ਪਹਿਲਾਂ ਆਪਣੇ ਜਾਲ ‘ਚ ਫਸਾਉਂਦੀਆਂ ਹਨ । ਬਾਅਦ ਵਿੱਚ ਮਨਮਰਜ਼ੀ ਦਾ ਵਿਆਜ਼ ਵਸੂਲਕੇ ਅੰਨ੍ਹੀ ਲੁੱਟ ਮਚਾ ਰਹੀਆਂ ਹਨ। ਜਥੇਬੰਦੀ ਕੋਲ ਅਜਿਹਾ ਪਹਿਲਾ ਮਾਮਲਾ ਨਹੀਂ ਹੈ , ਸਗੋਂ ਅਜਿਹੀਆਂ ਫਾਈਨਾਂਸ ਕੰਪਨੀਆਂ ਵੱਲੋਂ ਭੋਲੇ ਭਾਲੇ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾਧੜੀ ਦੇ ਰੋਜ਼ਾਨਾ ਹੀ ਅਜਿਹੇ ਮਾਮਲੇ ਆ ਰਹੇ ਹਨ। ਜਥੇਬੰਦੀ ਠੀਕ ਅਸੂਲਾਂ ਤੇ ਪਹਿਰਾ ਦੇ ਕੇ ਸਬੰਧਤ ਕਿਸਾਨਾਂ -ਮਜ਼ਦੂਰਾਂ ਨੂੰ ਸੰਘਰਸ਼ ਰਾਹੀਂ ਇਨਸਾਫ਼ ਦਿਵਾਉਂਦੀ ਹੈ।
ਆਗੂਆਂ ਨੇ ਕਿਹਾ ਕਿ ਪਰਮਜੀਤ ਕੌਰ ਨੂੰ ਵੀ ਜਥੇਬੰਦੀ ਆਪਣੇ ਏਕੇ ਅਤੇ ਜਥੇਬੰਦਕ ਸੰਘਰਸ਼ ਦੇ ਬਲਬੂਤੇ ਇਨਸਾਫ਼ ਦਿਵਾਏਗੀ। ਆਗੂਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨਾਲ ਪੈਰ- ਪੈਰ ਤੇ ਧੋਖਾਧੜੀਆਂ ਹੋ ਰਹੀਆਂ ਹਨ,ਉਹ ਭਾਵੇਂ ਫਾਈਨਾਂਸ ਕੰਪਨੀ ਹੋਵੇ ਭਾਵੇਂ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਸਿਆਸੀ ਸ਼ਹਿ ਤੇ ਪਲ ਰਹੀ ਗੁੰਡਾਢਾਣੀ ਵੱਲੋਂ ਕਬਜ਼ਾ ਕਰਨ ਦੀ ਸਾਜ਼ਿਸ਼ ਹੋਵੇ। ਹਰ ਥਾਂ ਤੇ ਜਥੇਬੰਦਕ ਰਾਹੀਂ ਆਮ ਲੋਕਾਂ ਨਾਲ ਹੁੰਦੀ ਵਧੀਕੀ ਨੂੰ ਰੋਕਿਆ ਜਾ ਸਕਦਾ ਹੈ। ਆਗੂਆਂ ਸਖ਼ਤ ਲਹਿਜੇ ਵਿੱਚ ਫਾਈਨਾਂਸ ਕੰਪਨੀ ਨੂੰ ਤਾੜਨਾ ਕੀਤੀ ਕਿ ਪਰਮਜੀਤ ਕੌਰ ਨੂੰ ਇਨਸਾਫ਼ ਨਾਂ ਮਿਲਣ ਦੀ ਸੂਰਤ ਵਿੱਚ ਸ਼ੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਬਾਬਾ ਰਾਮ ਸਿੰਘ, ਗੁਰਮੀਤ ਸਿੰਘ,ਲਾਲ ਸਿੰਘ, ਸੱਤਪਾਲ ਸਿੰਘ, ਨਿਰਭੈ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਕੁੱਲਰੀਆਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ਼ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।