ਅਸ਼ੋਕ ਵਰਮਾ ਬਠਿੰਡਾ, 8 ਜਨਵਰੀ 2024
ਏ.ਡੀ.ਜੀ.ਪੀ ਬਠਿੰਡਾ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਬਠਿੰਡਾ ਪੁਲਿਸ ਦੀਆਂ ਟੀਮਾਂ ਨੇ ਬਠਿੰਡਾ ਸ਼ਹਿਰੀ ਦੀ ਧੋਬੀਆਨਾ ਬਸਤੀ ਅਤੇ ਸਬ ਡਿਵੀਜਨ ਬਠਿੰਡਾ ਦਿਹਾਤੀ ਇਲਾਕੇ ’ਚ ਥਾਣਾ ਸੰਗਤ ਦੀ ਨਰਸਿੰਗ ਕਲੋਨੀ ਵਿਖੇ ਸਰਚ ਅਪਰੇਸ਼ਨ ਚਲਾਇਆ। ਅੱਜ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਖਾਸੀਅਤ ਇਹ ਰਹੀ ਕਿ ਐਸਐਸਪੀ ਬਠਿੰਡਾ ਖੁਦ ਮੈਦਾਨ ’ਚ ਨਿੱਤਰੇ ਅਤੇ ਇਸ ਕੰਮ ਲਈ ਲਾਈਆਂ ਟੀਮਾਂ ਦੀ ਕਾਰਗੁਜਾਰੀ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ (ਡੀ) ਬਠਿੰਡਾ ਅਜੈ ਗਾਂਧੀ ਅਤੇ ਐੱਸ.ਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਤੋਂ ਇਲਾਵਾ 4 ਡੀ.ਐੱਸ.ਪੀ ਸੀ.ਆਈ.ਏ ਸਟਾਫ 1/2 ਅਤੇ 9 ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਅਤੇ 200 ਪੁਲਿਸ ਮੁਲਾਜਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਮੌਕੇ ਐੱਸ.ਐੱਸ.ਪੀ ਬਠਿੰਡਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲ਼ਾਫ ਵਿੱਢੀ ਮੁਹਿੰਮ ਤਹਿਤ ਅਚਨਚੇਤ ਤੜਕਸਾਰ ਹੀ ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ । ਇਸ ਤੋਂ ਪਹਿਲਾਂ ਇੰਨ੍ਹਾਂ ਇਲਾਕਿਆਂ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ, ਤਾਂ ਜੋ ਕੋਈ ਵੀ ਵਿਅਕਤੀ ਆਪਣੇ ਏਰੀਏ ਤੋਂ ਬਾਹਰ ਨਾ ਜਾਵੇ। ਇਸ ਸਰਚ ਅਪਰੇਸ਼ਨ ਦੌਰਾਨ ਪੁਲਿਸ ਨੇ100 ਸ਼ੱਕੀ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਅਤੇ 215 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3 ਵਹੀਕਲ ਬਿਨਾ ਨੰਬਰੀ ਬੰਦ ਕੀਤੇ ਗਏ ਅਤੇ 12 ਸ਼ੱਕੀ ਵਹੀਕਲਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਖਿਲ਼ਾਫ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐਸਐਸਪੀ ਨੇਇਸ ਦੌਰਾਨ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਜੇਕਰ ਤੁਹਾਡੇ ਧਿਆਨ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਨਸ਼ਾ ਸਮੱਗਲਰ ਨਸ਼ਾ ਵੇਚਦਾ ਤਾਂ ਉਸਦੀ ਜਾਣਕਾਰੀ 91155-02252 ਨੰਬਰ ਪਰ ਦਿੱਤੀ ਜਾਵੇ।ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।