ਅਸ਼ੋਕ ਵਰਮਾ , ਬਠਿੰਡਾ 1ਜਨਵਰੀ 2024
ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਡੇਰੇ ਦੇ ਦੂਸਰੇ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਨ 25 ਜਨਵਰੀ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ’ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਸੁਨਾਰੀਆ ਜੇਲ੍ਹ ਵਿੱਚੋਂ ਲਿਖੇ 18ਵੇਂ ਪੱਤਰ ਦੀ ਇਬਾਰਤ ਨੂੰ ਗਹੁ ਨਾਲ ਵਾਚੀਏ ਤਾਂ ਇਹੋ ਜਾਪਦਾ ਹੈ। ਇਹ ਪੱਤਰ ਐਤਵਾਰ ਨੂੰ ਸਾਲ 2023 ਅਤੇ ਦਸੰਬਰ ਮਹੀਨੇ ਦੇ ਅੰਤਿਮ ਨਾਮ ਚਰਚਾ ਸਮਾਗਮ ’ਚ ਸ਼ਾਮਲ ਹੋਣ ਲਈ ਪੁੱਜੇ ਹਜ਼ਾਰਾਂ ਦੀ ਗਿਣਤੀ ਡੇਰਾ ਪ੍ਰੇਮੀਆਂ ਨੂੰ ਪੜ੍ਹ ਕੇ ਵੀ ਸੁਣਾਇਆ ਗਿਆ ਹੈ। ਰਾਮ ਰਹੀਮ ਨੇ ਪੱਤਰ ’ਚ ਕਿਹਾ ਹੈ ‘ਪਿਆਰੇ ਬੱਚਿਓ ਅਸੀਂ ਗੁਰੂ ਰੂਪ ’ਚ ਹਰ ਪਲ ਮਾਲਕ ਤੋਂ ਤੁਹਾਡੇ ਲਈ, ਭੰਡਾਰੇ ਦੀਆਂ ਖੁੁਸ਼ੀਆਂ ਮੰਗਦੇ ਹੋਏ ਕਹਿੰਦੇ ਹਾਂ ਕਿ ਭੰਡਾਰੇ ’ਚ ਤੁਹਾਨੂੰ ‘‘ਈ-ਸਪੈਸ਼ਲ ਖੁਸ਼ੀਆਂ’’ ਮਿਲਣ।
ਪੈਰੋਲ ਦੌਰਾਨ ਸ਼ਰਧਾਲੂਆਂ ਨੂੰ ਆਨਲਾਈਨ ਹੀ ਸੰਬੋਧਨ ਕਰਨ ਕਰਕੇ ਡੇਰਾ ਮੁਖੀ ਵੱਲੋਂ ਪੱਤਰ ’ਚ ਦਰਜ ਈ ਸਪੈਸ਼ਲ ਖੁਸ਼ੀਆਂ ਨੂੰ ਇੱਕ ਤਰਾਂ ਨਾਲ ਇਸ ਸਬੰਧ ’ਚ ਟੇਢੇ ਢੰਗ ਨਾਲ ਇੱਕ ਤਰਾਂ ਇਸ਼ਾਰਾ ਹੀ ਮੰਨਿਆ ਜਾ ਰਿਹਾ ਹੈ ।ਹਾਲਾਂਕਿ ਇਹ ਸ਼ੁਰੂਆਤੀ ਕਿਆਸ ਹਨ ਅਤੇ ਅੰਤਿਮ ਫੈਸਲਾ ਜੇਲ੍ਹ ਤੋਂ ਪੈਰੋਲ ਮਿਲਣ ਉਪਰੰਤ ਹੋਵੇਗਾ । ਫਿਰ ਵੀ ਡੇਰਾ ਪ੍ਰੇਮੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪੱਤਰ ’ਚ ਨਵੇਂ ਸਾਲ ਅਤੇ ਮਰਹੂਮ ਸ਼ਾਹ ਸਤਿਨਾਮ ਸਿੰਘ ਦਾ ਜਨਮ ਮਹੀਨਾ ਜਨਵਰੀ ਸ਼ੁਰੂ ਹੋਣ ਦੀਆਂ ਵਧਾਈਆਂ ਵੀ ਭੇਜੀਆਂ ਹਨ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਡੇਰਾ ਮੁਖੀ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਡੇਰਾ ਪੈਰੋਕਾਰ ਪਹਿਲੀ ਜਨਵਰੀ ਨੂੰ ਆਪਣੇ ਢੰਗ ਨਾਲ ਜਸ਼ਨ ਸ਼ੁਰੂ ਕਰ ਦਿੰਦੇ ਹਨ ਜੋ ਮਹੀਨੇ ਦੇ ਅੰਤ ਤੱਕ ਜਾਰੀ ਰਹਿੰਦੇ ਹਨ।
ਤਾਜਾ ਪੱਤਰ ਰਾਹੀਂ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਇਹ ਵੀ ਸੱਦਾ ਦਿੱਤਾ ਹੈ ਕਿ ਤੁਹਾਡੇ ਨੇੜੇ-ਤੇੜੇ ਕੋਈ ‘ਮੰਦਬੁੱਧੀ ਦਿਵਿਆਂਗ’ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ਼ ਕਰਵਾ ਕੇ ਉਸ ਨੂੰ ਉਸ ਦੇ ਘਰ ਪਹੰੁਚਾਓ। ਇਹ ਸੇਵਾ ਤੁਸੀਂ ਕਰ ਰਹੇ ਹੋ ਪਰ ਇਸ ਨੂੰ ਹੋਰ ਜ਼ੋਰ ਨਾਲ ਕਰੋ ‘ਨਰ ਸੇਵਾ ਨਾਰਾਇਣ ਸੇਵਾ’ ਹੁੰਦੀ ਹੈ। ਡੇਰਾ ਸਿਰਸਾ ਮੁਖੀ ਨੇ ਪੱਤਰ ਰਾਹੀਂ ਕਿਹਾ ਹੈ ਕਿ ਆਉਣ ਵਾਲੇ ਅਵਤਾਰ ਮਹੀਨੇ ਐਮ ਐਸ ਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ’ਤੇ ਤੁਸੀਂ ਸਾਰੇ ਮਿਲ ਕੇ ਮਾਨਵਤਾ ਭਲਾਈ ਦਾ ਇੱਕ ਨਵਾਂ ਕਾਰਜ ਸ਼ੁਰੂ ਕਰੋ ਜੀ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਵਿੱਚੋਂ ਕੋਈ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਤਾਂ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਜਾਈਏ ਤੇ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰਕੇ, ਉਨ੍ਹਾਂ ਦਾ ਦੁੱਖ ਵੰਡਾਇਆ ਕਰਾਂਗੇ।
ਪੱਤਰ ਦੀ ਸ਼ੁਰੂਆਤ ਹੈ ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ, ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।’’ ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਦੇ ਅਵਤਾਰ ਮਹੀਨੇ, ਦੀਆਂ ਕਰੋੜਾਂ ਵਧਾਈਆਂ ਤੇ ਆਸ਼ੀਰਵਾਦ। ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਹੈ। ਤੁਹਾਡੇ ਸਾਰਿਆਂ ਲਈ ਨਵੇਂ ਸਾਲ ਦੀ ਬਹੁਤ-2 ਵਧਾਈ ਤੇ ਆਸ਼ੀਰਵਾਦ। ਐੱਮਐੱਸਜੀ ਅਵਤਾਰ ਮਹੀਨੇ ਤੇ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਅਤਿ ਸ਼ੁੱਭ ਹੋਵੇ ਤੇ ਤੁਹਾਡੀ ਹਰ ਜਾਇਜ ਮੰਗ ਪ੍ਰਮਾਤਮਾ ਜਲਦੀ ਹੀ ਪੂਰੀ ਕਰਕੇ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਦੇਣ। ਸਾਡੇ ਪਿਆਰੇ ਬੱਚਿਓ, ਅਸੀਂ ਹਮੇਸ਼ਾ ਪਰਮ ਪਿਤਾ ਜੀ ਵੇਲੇ ਦੇ ਭਜਨ ਦੀਆਂ ਦੋ ਲਾਈਨਾਂ ਸੁਣਾਇਆ ਕਰਦੇ ਹਾਂ ਜਿਨ੍ਹਾਂ ਤੋਂ ਸੱਚੇ ਸੌਦੇ ਦਾ ਸਾਰਾ ਗਿਆਨ ਤੇ ਅਸੂਲ ਸਮਝ ਆਉਂਦੇ ਹਨ। ‘ਇਸ ਜਨਮ ਮੇਂ ਯਹ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ। ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰੱਖੋ ਮਾਲਿਕ ਸੇ ਡਰੋ।’’
ਪਿਆਰੀ ਸਾਧ-ਸੰਗਤ ਜੀ, ਤੁਸੀਂ ਸਾਰੇ ਬਹੁਤ ਸੇਵਾ ਕਰਦੇ ਹੋ ਅਤੇ ਭੰਡਾਰੇ ਦੇ ਹਰ ਦਿਨ ਖੁਸ਼ੀ ਤੇ ਮਸਤੀ ਨਾਲ ਭਰਪੂਰ ਰਹਿੰਦੇ ਹੋ। ਤੁਸੀਂ ਜੇਕਰ ਇਹ ਚਾਹੁੰਦੇ ਹੋ ਕਿ ਇਹ ਖੁਸ਼ੀਆਂ ਤੇ ਮਸਤੀ ਹਰ ਦਿਨ ਵਧਦੀ ਰਹੇ ਤਾਂ ਤੁਸੀਂ ਤਿੰਨ ਬਚਨਾਂ ’ਤੇ ਪੱਕੇ ਰਹੋ ਤੇ ਦਿਰੜ੍ਹ ਯਕੀਨ, ਗੁਰੂ ਤੇ ਗੁਰੂ ਬਚਨਾਂ ’ਤੇ ਵੀ ਰੱਖੋਗੇ ਤਾਂ ਖੁਸ਼ੀਆਂ ਤੇ ਮਸਤੀ ਕਈ ਗੁਣਾ ਰੋਜ਼ ਵਧਦੀ ਜਾਵੇਗੀ। ਤੁਹਾਨੂੰ ਸਭ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਤੇ ਇੱਕ ਵਾਰ ਫਿਰ ਕਹਿ ਰਹੇ ਹਾਂ ਕਿ ‘‘ਤੁਹਾਡੇ ਗੁਰੂ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੇ ਅਸੀਂ ਹੀ ਹਾਂ।’’ ਇਸ ਮੁਹਿੰਮ ਦਾ ਨਾਂਅ ਹੋਵੇਗਾ ‘‘ਸਹਾਰਾ-ਏ-ਇੰਸਾਂ’’। ਹੱਥ ਖੜ੍ਹੇ ਕਰੋ ਜੀ। ਜੋਰ ਨਾਲ ਨਾਅਰਾ ਲਾਓ ਜੀ। ਹੱਥ ਹੇਠਾਂ ਕਰ ਲਓ ਜੀ। ਜੋ ਸੇਵਾਦਾਰ ਇਹ ਸੇਵਾ ਕਰਨਗੇ ਪਰਮ ਪਿਤਾ ਪ੍ਰਮਾਤਮਾ ਉਨ੍ਹਾਂ ਦੀਆਂ ਝੋਲੀਆਂ ਵੱਖ-2 ਖੁਸ਼ੀਆਂ ਦੇ ਕੇ ਭਰ ਦੇਣਗੇ।
ਕੰਬਲ ਅਤੇ ਗਰਮ ਕੱਪੜੇ ਵੰਡੇ
ਡੇਰਾ ਸੱਚਾ ਸੌਦਾ ਦੇ ਮੀਡੀਆ ਵਿੰਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ’ਚ ਐਤਵਾਰ ਨੂੰ 32ਵਾਂ ਐੱਮਐੱਸਜੀ ਸੇਵਾ ਭੰਡਾਰਾ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਇਆ ਜਿਸ ਤਹਿਤ ਕਰਵਾਈ ਨਾਮ-ਚਰਚਾ ਉਪਰੰਤ 88 ਜ਼ਰੂਰਤਮੰਦਾਂ ਨੂੰ ਕੰਬਲ ਤੇ 88 ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ 161ਵਾਂ ਮਾਨਵਤਾ ਭਲਾਈ ਕਾਰਜ ‘ਸਹਾਰਾ-ਏ-ਇੰਸਾਂ’ ’ਚ ਸਮੂਹ ਸਾਧ-ਸੰਗਤ ਨੇ ਆਪਣੇ ਹੱਥ ਖੜ੍ਹੇ ਕਰਕੇ ਹਿੱਸਾ ਲੈਣ ਦਾ ਪ੍ਰਣ ਲਿਆ ਜਿਸ ਤਹਿਤ ਜਿਹੜੇ ਜ਼ਰੂਰਤਮੰਦ ਪਰਿਵਾਰਾਂ ’ਚ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ, ਅਜਿਹੇ ਲੋਕਾਂ ਦੀ ਆਰਥਿਕ ਤੌਰ ’ਤੇ ਮੱਦਦ ਕੀਤੀ ਜਾਏਗੀ ਤੇ ਉਨ੍ਹਾਂ ਦਾ ਦੁੱਖ ਵੰਡਾਇਆ ਜਾਏਗਾ।