ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਉੱਪਰ ਥੋਪੀ ਨਿਹੱਕੀ ਜ਼ੰਗ ਬੰਦ ਕਰਨ ਲਈ ਰੈਲੀ ਤੇ ਮੁਜ਼ਾਹਰਾ
ਬਰਨਾਲਾ ‘ਚ ਗੂੰਜੇ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਬੰਦ ਕਰੋ ਦੇ ਨਾਹਰੇ
ਹਰਿੰਦਰ ਨਿੱਕਾ , ਬਰਨਾਲਾ 1 ਜਨਵਰੀ 2024
ਨਵੇਂ ਵਰ੍ਹੇ ਦੀ ਆਮਦ ਮੌਕੇ ਬਰਨਾਲਾ ਸ਼ਹਿਰ ਦੀਆਂ ਸੜ੍ਹਕਾਂ ਤੇ ਜੋਸ਼ੀਲੇ ਨਾਅਰਿਆਂ ਦੀ ਗੂੰਜ ਸੁਣਾਈ ਦਿੱਤੀ। ਇਨਕਲਾਬੀ ਜਥੇਬੰਦੀਆਂ/ਪਾਰਟੀਆਂ ਦੀ ਅਗਵਾਈ ‘ਚ ਰੇਲਵੇ ਸਟੇਸ਼ਨ ਬਰਨਾਲਾ ਤੇ ਵਿਸ਼ਾਲ ਰੈਲੀ ਕਰਨ ਉਪਰੰਤ ਸਦਰ ਬਜ਼ਾਰ ਰਾਹੀਂ ਸ਼ਹੀਦ ਭਗਤ ਸਿੰਘ ਚੌਂਕ ਬਰਨਾਲਾ ਤੱਕ ਜੋਸ਼ੀਲਾ ਮਾਰਚ ਕੀਤਾ ਗਿਆ। ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਾਮਰਾਜੀ ਧਾੜਵੀ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਛੇੜੀ ਹੋਈ ਹੈ। ਪਾਣੀ,ਬਿਜਲੀ, ਇਲਾਜ ਲਈ ਦਵਾਈਆਂ ਅਤੇ ਲੋੜੀਂਦੀਆਂ ਮਨੁੱਖੀ ਲੋੜਾਂ ਤੋਂ ਵਿਰਵੇ ਰੱਖਕੇ ਫ਼ਲਸਤੀਨੀ ਲੋਕਾਂ ਨੂੰ ਤਿਲ ਤਿਲ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹਾ ਕਰਨਾ ਮਨੁੱਖੀ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਉੱਪਰ ਹਮਲਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਮਾਰਚ ਦੌਰਾਨ ਬੁਲਾਰਿਆਂ ਨੇ ਰਸਤੇ ਵਿੱਚ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਬੰਦ ਕਰਨ, ਫ਼ਲਸਤੀਨ ਨੂੰ ਆਜ਼ਾਦ ਕਰੋ, ਫ਼ਲਸਤੀਨ ਵਿੱਚੋਂ ਇਜ਼ਰਾਈਲੀ ਫੌਜਾਂ ਬਾਹਰ ਕੱਢੋ’ ਆਦਿ ਅਕਾਸ਼ ਗੁੰਜਾਊ ਨਾਹਰੇ ਗੂੰਜਦੇ ਰਹੇ। ਆਗੂਆਂ ਨੇ ਫ਼ਲਸਤੀਨੀ ਲੋਕਾਂ ਉੱਪਰ ਇਸਰਾਇਲ ਵੱਲੋਂ ਨਿਹੱਕੀ ਜੰਗ ਰੋਕਣ ਲਈ ਭਾਰਤ ਸਰਕਾਰ ਸਖ਼ਤ ਕਦਮ ਚੁੱਕਣ, ਨਿਹੱਕੀ ਜੰਗ ਬੰਦ ਕਰਨ ਆਦਿ ਦੇ ਮਾਟੋ ਚੁੱਕੇ ਹੋਏ ਸਨ। ਇਸ ਮਾਰਚ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਭਾਰਤੀ ਇਨਕਲਾਬੀ ਕਮਿਊਨਿਸਟ ਪਾਰਟੀ ਦੇ ਆਗੂ ਮਨੋਹਰ ਲਾਲ, ਸੀਪੀਆਈ ਐਮ ਐਲ ਨਿਊ ਡੈਮੋਕਰੇਸੀ ਦੇ ਆਗੂ ਚਰਨਜੀਤ ਕੌਰ, ਸੀਪੀਆਈ ਆਗੂ ਖੁਸ਼ੀਆ ਸਿੰਘ, ਹਾਂਸ ਮੁਹੰਮਦ ਨੇ ਕਿਹਾ ਕਿ ਇਸ ਨਿਹੱਕੀ ਜ਼ੰਗ ਵਿੱਚ ਹੁਣ ਤੱਕ ਵੀਹ ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਲੱਖਾਂ ਲੋਕ ਜ਼ਖ਼ਮੀ ਹੋਏ ਹਨ, 19 ਲੱਖ ਲੋਕਾਂ ਦਾ ਉਜਾੜਾ ਕੀਤਾ ਜਾ ਚੁੱਕਾ ਹੈ।
ਹਸਪਤਾਲਾਂ ਨੂੰ ਕਬਰਗਾਹ ਬਣਾਇਆ ਜਾ ਚੁੱਕਾ ਹੈ। ਇਸ ਲਈ ਇਹ ਜੰਗ ਨਹੀਂ, ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਹੈ। ਸਟੇਜ ਸਕੱਤਰ ਦੇ ਫ਼ਰਜ਼ ਡਾ ਰਜਿੰਦਰ ਪਾਲ ਨੇ ਬਾਖ਼ੂਬੀ ਨਿਭਾਏ। ਇਸ ਸਮੇ ਚਰਨਜੀਤ ਕੌਰ, ਅਮਰਜੀਤ ਕੌਰ,ਪ੍ਰੇਮਪਾਲ ਕੌਰ,ਨੀਲਮ ਰਾਣੀ, ਬਲਵੰਤ ਸਿੰਘ ਉੱਪਲੀ,ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਕਲਾਲਮਾਜਰਾ, ਮਲਕੀਤ ਸਿੰਘ ਵਜੀਦਕੇ, ਜਗਰਾਜ ਸਿੰਘ ਰਾਮਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਜਸਪਾਲ ਸਿੰਘ ਚੀਮਾ, ਇਕਬਾਲ ਦੀਨ, ਹਰਚਰਨ ਚਹਿਲ, ਗੁਰਮੇਲ ਸਿੰਘ ਠੁੱਲੀਵਾਲ ਆਦਿ ਆਗੂ ਵੀ ਹਾਜ਼ਰ ਸਨ। ਅੱਜ ਦੇ ਸਮਾਗਮ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਲੋਕ ਸ਼ਾਮਿਲ ਹੋਏ।